ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਤੇ ਕਾਨੂੰਨਗੋ ਗ੍ਰਿਫ਼ਤਾਰ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 16 ਅਪਰੈਲ
ਵਿਜੀਲੈਂਸ ਬਿਊਰੋ ਨੇ ਬਰਨਾਲਾ ਜ਼ਿਲ੍ਹੇ ਦੇ ਇੱਕ ਪਟਵਾਰੀ ਅਤੇ ਫ਼ੀਲਡ ਕਾਨੂੰਨਗੋ ਨੂੰ 15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਫੀਲਡ ਕਾਨੂੰਨਗੋ ਦੀ ਭੈਣ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਨੂੰ ਕਿਰਨਜੀਤ ਕੌਰ ਧਾਲੀਵਾਲ ਪਤਨੀ ਮਰਹੂਮ ਮਨਜੀਤ ਸਿੰਘ ਵਾਸੀ ਠੁੱਲ੍ਹੀਵਾਲ ਕੋਲੋਂ ਸ਼ਿਕਾਇਤ ਮਿਲੀ ਸੀ ਕਿ ਵਜੀਦਕੇ ਕਲਾਂ ਵਿਖੇ ਤਾਇਨਾਤ ਪਟਵਾਰੀ ਮੰਦਰ ਸਿੰਘ ਅਤੇ ਫੀਲਡ ਕਾਨੂੰਨਗੋ ਸੰਘੇੜਾ ਗੁਰਚਰਨ ਸਿੰਘ ਅਤੇ ਮਹਿੰਦਰ ਕੌਰ ਵਾਸੀ ਨੰਗਲ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਸ਼ਿਕਾਇਤਕਰਤਾ ਔਰਤ ਤੋਂ ਕਿਸੇ ਜ਼ਮੀਨ ਦੇ ਕੰਮ ਕਰਨ ਬਦਲੇ ਪਹਿਲਾਂ 10,000 ਰੁਪਏ ਅਤੇ ਬਾਅਦ ਵਿੱਚ ਪੰਜ ਹਜ਼ਾਰ ਰੁਪਏ ਲੈ ਲਏ। ਵਿਜੀਲੈਂਸ ਨੇ ਇਸ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਮਗਰੋਂ ਮੰਦਰ ਸਿੰਘ ਪਟਵਾਰੀ ਅਤੇ ਗੁਰਚਰਨ ਸਿੰਘ ਫੀਲਡ ਕਾਨੂੰਨਗੋ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਕਾਨੂੰਨਗੋ ਦੀ ਭੈਣ ਮਹਿੰਦਰ ਕੌਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।