ਬਠਿੰਡਾ ਵਿੱਚ ‘ਪਟਵਾਰ ਟ੍ਰੇਨਿੰਗ’ ਪੁਸਤਕ ਰਿਲੀਜ਼
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਜੂਨ
ਸਿਖਲਾਈ ਯਾਫ਼ਤਾ ਪਟਵਾਰੀਆਂ ਲਈ ਸਰਲ ਸ਼ੈਲੀ ’ਚ ਤਫ਼ਸੀਲ ਸ਼ੁਦਾ ਪੁਸਤਕ ‘ਪਟਵਾਰ ਟ੍ਰੇਨਿੰਗ’ ਇੱਥੇ ਇਕ ਸਾਦੇ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਕਿਤਾਬ ਦੇ ਰਚੇਤਾ ਸੇਵਾਮੁਕਤ ਤਹਿਸੀਲਦਾਰ ਦਰਸ਼ਨ ਕੁਮਾਰ ਬਾਂਸਲ ਅਤੇ ਕਾਨੂੰਗੋ ਨਿਰਮਲ ਸਿੰਘ ਜੰਗੀਰਾਣਾ ਵੀ ਇਸ ਮੌਕੇ ਮੌਜੂਦ ਰਹੇ। ਸਮਾਰੋਹ ਦੌਰਾਨ ਸਾਬਕਾ ਪੀਸੀਐਸ ਅਧਿਕਾਰੀ ਵਿਨੋਦ ਕੁਮਾਰ ਬਾਂਸਲ ਨੇ ਖੁਲਾਸਾ ਕੀਤਾ ਕਿ ਇਹ ਕਿਤਾਬ ਲੇਖਕਾਂ ਵੱਲੋਂ ਕਾਫ਼ੀ ਮਿਹਨਤ ਨਾਲ ਤਿਆਰ ਕੀਤੀ ਗਈ ਹੈ, ਜਿਸ ਵਿੱਚ ਪਟਵਾਰ ਸਬੰਧੀ ਨਿਯਮਾਂ ਤੋਂ ਇਲਾਵਾ ਮਾਲ ਵਿਭਾਗ ਨਾਲ ਸਬੰਧਤ ਕਾਫੀ ਗੰਭੀਰ ਅਤੇ ਰੌਚਿਕ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਮਾਲ ਵਿਭਾਗ ਨਾਲ ਸਬੰਧਤ ਹਦਾਇਤਾਂ ਅਤੇ ਹਿੰਦੂ ਵਿਰਾਸਤ ਐਕਟ ਦਾ ਪੰਜਾਬੀ ਅਨੁਵਾਦ ਇਸ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਖਲਾਈ ਲੈ ਰਹੇ ਪਟਵਾਰੀਆਂ ਤੋਂ ਇਲਾਵਾ ਕੰਮਕਾਜੀ ਪਟਵਾਰੀਆਂ, ਵਕੀਲਾਂ ਅਤੇ ਆਮ ਲੋਕਾਂ ਲਈ ਵੀ ਇਹ ਕਿਤਾਬ ਕਾਫੀ ਲਾਹੇਵੰਦ ਸਾਬਤ ਹੋਵੇਗੀ। ਸਮਾਗਮ ਵਿੱਚ ਏਡੀਸੀ ਬਠਿੰਡਾ ਲਤੀਫ਼ ਮੁਹੰਮਦ, ਪ੍ਰਿੰਸੀਪਲ ਪਟਵਾਰੀ ਟ੍ਰੇਨਿੰਗ ਸਕੂਲ ਬਠਿੰਡਾ ਤੇ ਸਾਬਕਾ ਤਹਿਸੀਲਦਾਰ ਗੁਰਮੇਲ ਸਿੰਘ ਸਮੇਤ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।