ਪਟਨਾ: ਪ੍ਰਮੁੱਖ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਮੁੱਖ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਦੀ ਸਮੀਖਿਆ ਲਈ ਮੀਟਿੰਗ
ਪਟਨਾ, 5 ਜੁਲਾਈ
ਬਿਹਾਰ ਦੇ ਪ੍ਰਮੁੱਖ ਕਾਰੋਬਾਰੀ ਗੋਪਾਲ ਖੇਮਕਾ ਦਾ ਪਟਨਾ ਵਿੱਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇੱਕ ਮੋਟਰਸਾਈਕਲ ਸਵਾਰ ਹਮਲਾਵਰ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਰਾਤ 11.40 ਵਜੇ ਦੇ ਕਰੀਬ ਗਾਂਧੀ ਮੈਦਾਨ ਇਲਾਕੇ ਵਿੱਚ ਖੇਮਕਾ ਦੇ ਘਰ ਦੇ ਗੇਟ ਨੇੜੇ ਵਾਪਰੀ ਜਦੋਂ ਉਹ ਆਪਣੀ ਕਾਰ ਤੋਂ ਉਤਰਨ ਵਾਲੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨਿਚਵਾਰ ਨੂੰ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਮੀਖਿਆ ਲਈ ਇੱਕ ਮੀਟਿੰਗ ਸੱਦੀ ਜਿਸ ਦੌਰਾਨ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਖੇਮਕਾ ਦੇ ਕਤਲ ਦੀ ਜਾਂਚ ਜਲਦੀ ਤੋਂ ਜਲਦੀ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਐੱਸਪੀ (ਪਟਨਾ ਸੈਂਟਰਲ) ਦੀਕਸ਼ਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਥਾਨਕ ਪੁਲੀਸ ਥਾਣੇ ਦੇ ਅਧਿਕਾਰੀ ਅਤੇ ਗਸ਼ਤ ਵਾਹਨਾਂ ਵਿੱਚ ਮੌਜੂਦ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ ਸਨ। ਉਨ੍ਹਾਂ ਕਿਹਾ, “ਜਾਂਚ ਚੱਲ ਰਹੀ ਹੈ, ਫੋਰੈਂਸਿਕ ਮਾਹਿਰ ਸਬੂਤ ਇਕੱਠੇ ਕਰ ਰਹੇ ਹਨ ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।’’ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਮੀਟਿੰਗ ਵਿੱਚ ਲਾਪਰਵਾਹੀ ਦੀ ਸੂਰਤ ਵਿੱਚ ਪੁਲੀਸ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ।
ਇਸ ਦੌਰਾਨ, ਖੇਮਕਾ ਦੇ ਕੁਝ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਕਰਮਚਾਰੀ ਘਟਨਾ ਤੋਂ ਲਗਭਗ ਦੋ ਘੰਟੇ ਬਾਅਦ ਮੌਕੇ ’ਤੇ ਪਹੁੰਚੇ। ਹਾਲਾਂਕਿ ਬਿਹਾਰ ਦੇ ਡੀ.ਜੀ.ਪੀ. ਵਿਨੈ ਕੁਮਾਰ ਨੇ ਇਸ ਦੋਸ਼ ਤੋਂ ਇਨਕਾਰ ਕੀਤਾ।
ਡੀਜੀਪੀ ਨੇ ਦੱਸਿਆ ਕਿ ਕਾਰੋਬਾਰੀ ਦੇ ਕਤਲ ਦੀ ਚੱਲ ਰਹੀ ਜਾਂਚ ਦੀ ਨਿਗਰਾਨੀ ਲਈ ਸਪੈਸ਼ਲ ਟਾਸਕ ਫੋਰਸ ਦੇ ਅਧਿਕਾਰੀਆਂ ਅਤੇ ਕੇਂਦਰੀ ਜ਼ਿਲ੍ਹਾ ਪੁਲੀਸ ਦੇ ਜਾਸੂਸਾਂ ਸਮੇਤ ਇੱਕ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਤਲ ਦੇ ਕਾਰਨ ਵਜੋਂ ਪੁਰਾਣੀ ਦੁਸ਼ਮਣੀ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਕੁਮਾਰ ਨੇ ਕਿਹਾ, “ਖੇਮਕਾ ਦਾ ਪੁੱਤਰ ਵੀ 2018 ਵਿੱਚ ਹਾਜੀਪੁਰ ਵਿੱਚ ਮਾਰਿਆ ਗਿਆ ਸੀ। ਜਿਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ ਅਤੇ ਇਸ ਨੂੰ ਅਪ੍ਰੈਲ 2024 ਵਿੱਚ ਵਾਪਸ ਲੈ ਲਿਆ ਗਿਆ ਸੀ। ਉਸਨੇ ਬਾਅਦ ਵਿੱਚ ਕਦੇ ਵੀ ਸੁਰੱਖਿਆ ਦੀ ਬੇਨਤੀ ਨਹੀਂ ਕੀਤੀ। -ਪੀਟੀਆਈ