ਕਾਦੀਆਂ ਹਸਪਤਾਲ ਦੀ ਬੱਤੀ ਗੁੱਲ ਹੋਣ ਕਾਰਨ ਮਰੀਜ਼ ਪ੍ਰੇਸ਼ਾਨ
ਮਕਬੂਲ ਅਹਿਮਦ
ਕਾਦੀਆਂ, 18 ਨਵੰਬਰ
ਜਿੱਥੇ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਕਾਦੀਆਂ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਹਨੇਰੇ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਲਈ ਮਜਬੂਰ ਹਨ। ਇਤਿਹਾਸਕ ਸ਼ਹਿਰ ਕਾਦੀਆਂ ਦੇ ਸਰਕਾਰੀ ਹਸਪਤਾਲ ਦੀ ਹਾਲਤ ਖਸਤਾ ਹੈ। ਹੈਰਾਨੀ ਦੀ ਗੱਲ ਹੈ ਕਿ ਮਰੀਜ਼ ਡਾਕਟਰ ਨੂੰ ਰੱਬ ਸਮਝ ਕੇ ਹਸਪਤਾਲਾਂ ਵਿੱਚ ਇਲਾਜ ਲਈ ਜਾਂਦੇ ਹਨ ਪਰ ਮਰੀਜ਼ ਦੀ ਐਮਰਜੈਂਸੀ ਹਾਲਤ ਨੂੰ ਦੇਖਦਿਆਂ ਜੇਕਰ ਇਲਾਜ ਦੌਰਾਨ ਲਾਈਟ ਨਹੀਂ ਹੋਵੇਗੀ ਤਾਂ ਮਰੀਜ਼ ਦਾ ਕੀ ਹਾਲ ਹੋਵੇਗਾ। ਕਾਦੀਆਂ ਦੇ ਸਿਵਲ ਹਸਪਤਾਲ ਵਿੱਚ ਬਿਜਲੀ ਗੁੱਲ ਹੋਣ ਕਾਰਨ ਟਾਰਚਾਂ ਨਾਲ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਦੇ ਕੁਝ ਮਰੀਜ਼ਾਂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਹਸਪਤਾਲ ’ਚ ਬਿਜਲੀ ਦੇ ਕੱਟ ਲੱਗਣ ਕਾਰਨ ਡਾਕਟਰਾਂ ਨੂੰ ਮਰੀਜ਼ਾਂ ਦੀ ਜਾਂਚ ਕਰਨ ’ਚ ਦਿੱਕਤ ਆ ਰਹੀ ਹੈ। ਜਣੇਪੇ ਦੌਰਾਨ ਵੀ ਬਿਜਲੀ ਬੰਦ ਹੈ। ਹਸਪਤਾਲ ਵਿੱਚ ਜਨਰੇਟਰ ਦੀ ਸਹੂਲਤ ਹੈ ਪਰ ਬਿਜਲੀ ਦੇ ਇੰਨੇ ਲੰਬੇ ਕੱਟ ਲੱਗ ਰਹੇ ਹਨ ਕਿ ਜਨਰੇਟਰ ਵੀ ਕੰਮ ਨਹੀਂ ਕਰ ਰਿਹਾ। ਦੱਸਿਆ ਜਾਂਦਾ ਹੈ ਕਿ ਬਿਜਲੀ ਦੇ ਕੱਟ ਲੱਗਣ ਦੀ ਸੂਰਤ ਵਿੱਚ ਜਨਰੇਟਰ ਵਿੱਚ ਤੇਲ ਭਰਨ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਹਨੇਰੇ ਵਿੱਚ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।
ਇਸ ਸਬੰਧੀ ਜਦੋਂ ਹਸਪਤਾਲ ਲਈ ਜ਼ਮੀਨ ਦਾਨ ਕਰਨ ਵਾਲੇ ਐੱਨਆਰਆਈ ਜਗਦੇਵ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਹਸਪਤਾਲ ਲਈ ਆਪਣੀ ਢਾਈ ਏਕੜ ਜ਼ਮੀਨ ਪਿਤਾ ਦੇ ਨਾਂ ’ਤੇ ਦਾਨ ਕਰਨ ਪਿੱਛੇ ਉਨ੍ਹਾਂ ਦੀ ਮਨਸ਼ਾ ਸੀ ਕਿ ਇਸ ਨਾਲ ਕਾਦੀਆਂ ਦੇ ਲੋਕਾਂ ਦਾ ਇਲਾਜ ਕਰਵਾਉਣਾ ਸੰਭਵ ਹੋ ਸਕੇਗਾ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਸਪਤਾਲ ਵੱਲ ਕੋਈ ਧਿਆਨ ਨਹੀਂ ਦਿੱਤਾ।
ਐੱਸਐੱਮਓ ਡਾ. ਰਾਜ ਮਸੀਹ ਨੇ ਇਸ ਸਬੰਧੀ ਗੱਲਬਾਤ ਕਰਨ ’ਤੇ ਦੱਸਿਆ ਕਿ ਉਨ੍ਹਾਂ ਨੂੰ ਜਨਰੇਟਰ ਵਿੱਚ ਤੇਲ ਪਾਉਣ ਲਈ ਸਰਕਾਰ ਤੋਂ ਕੋਈ ਪੈਸਾ ਨਹੀਂ ਮਿਲਦਾ, ਉਹ ਆਪਣੀ ਜੇਬ ਵਿੱਚੋਂ ਜਨਰੇਟਰ ਚਲਾਉਂਦੇ ਹਨ| ਜਦੋਂ ਬਿਜਲੀ ਬੰਦ ਹੁੰਦੀ ਹੈ ਤਾਂ ਜਨਰੇਟਰ ਵਿੱਚ ਕੋਈ ਤੇਲ ਨਹੀਂ ਹੁੰਦਾ।