For the best experience, open
https://m.punjabitribuneonline.com
on your mobile browser.
Advertisement

ਸਿਵਲ ਹਸਪਤਾਲ ਮੁਕੇਰੀਆਂ ਵਿੱਚ ਮਰੀਜ਼ ਹੁੰਦੇ ਨੇ ਖੁਆਰ

07:04 AM May 04, 2024 IST
ਸਿਵਲ ਹਸਪਤਾਲ ਮੁਕੇਰੀਆਂ ਵਿੱਚ ਮਰੀਜ਼ ਹੁੰਦੇ ਨੇ ਖੁਆਰ
ਹਸਪਤਾਲ ’ਚ ਦਵਾਈਆਂ ਲੈਣ ਲਈ ਕਤਾਰ ’ਚ ਲੱਗੇ ਮਰੀਜ਼।
Advertisement

ਜਗਜੀਤ ਸਿੰਘ
ਮੁਕੇਰੀਆਂ, 3 ਮਈ
ਕੌਮੀ ਮਾਰਗ ’ਤੇ ਬਣਿਆ ਸਿਵਲ ਹਸਪਤਾਲ ਮੁਕੇਰੀਆਂ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਕਥਿਤ ਲਾਵਾਰਸ ਹੋ ਜਾਂਦਾ ਹੈ। ਐਮਰਜੈਂਸੀ ਜਾਂ ਹਾਦਸਿਆਂ ’ਚ ਜ਼ਖਮੀ ਹੋ ਕੇ ਹਸਪਤਾਲ ਪੁੱਜਦੇ ਮਰੀਜਾਂ ਨੂੰ ਪਹਿਲਾਂ ਡਾਕਟਰ ਤੇ ਸਟਾਫ ਲੱਭਣਾ ਪੈਂਦਾ ਹੈ। ਇਸੇ ਤਰ੍ਹਾਂ ਸੂਬਾ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਹਸਪਤਾਲ ਪ੍ਰਸ਼ਾਸਨ ਦੀਆਂ ਕਥਿਤ ਅਣਗਹਿਲੀਆਂ ਅਤੇ ਕੁਝ ਡਾਕਟਰਾਂ ਦੀਆਂ ਮਨਮਾਨੀਆਂ ਕਾਰਨ ਮਰੀਜ਼ ਬਾਹਰੀ ਲੈਬਾਰਟਰੀਆਂ ਤੋਂ ਟੈਸਟ ਕਰਾਉਣ ਤੇ ਮੈਡੀਕਲ ਸਟੋਰਾਂ ਤੋਂ ਦਵਾਈਆਂ ਲੈਣ ਲਈ ਮਜਬੂਰ ਹਨ, ਉੱਧਰ ਸਿਵਲ ਸਰਜਨ ਨੇ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਦਾ ਦਾਅਵਾ ਕੀਤਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ 3 ਵਜੇ ਤੋਂ ਬਾਅਦ ਹਸਪਤਾਲ ਵਿੱਚ ਐਮਰਜੈਂਸੀ ਲਈ ਤਾਇਨਾਤ ਡਾਕਟਰ ਤੇ ਸਟਾਫ ਡਿਊਟੀ ’ਤੇ ਮਿਲਣ ਦੀ ਥਾਂ ਜ਼ਿਆਦਤਰ ਬਾਹਰ ਆਪਣੀਆਂ ਗੱਡੀਆਂ ਜਾਂ ਬਲੱਡ ਬੈਂਕ ਅੰਦਰ ਅਰਾਮ ਫਰਮਾਉਂਦੇ ਨਜ਼ਰ ਆਉਂਦੇ ਹਨ।
ਸਿਹਤ ਅਧਿਕਾਰੀ ਸਿਆਸੀ ਪ੍ਰਭਾਵ ਵਾਲੇ ਡਾਕਟਰਾਂ ਦੇ ਰਸੂਖ ਅੱਗੇ ਲਾਚਾਰ ਨਜ਼ਰ ਆ ਰਹੇ ਹਨ। ਸਿਵਲ ਹਸਪਤਾਲ ਕੌਮੀ ਮਾਰਗ ਉੱਤੇ ਪੈਂਦਾ ਹੋਣ ਅਤੇ ਇਲਾਕੇ ਅੰਦਰ ਇੱਕੋ ਹਸਪਤਾਲ ਹੋਣ ਕਰ ਕੇ ਵੱਡੀ ਗਿਣਤੀ ਮਜਬੂਰਨ ਜ਼ਖਮੀ ਅਤੇ ਬਾਹਰੀ ਹਸਪਤਾਲਾਂ ਦੇ ਰੈਫਰ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਦਾ ਰੁਖ ਕਰਨਾ ਪੈਂਦਾ ਹੈ। ਹਸਪਤਾਲ ਵਿੱਚ ਇਲਾਜ ਲਈ ਆਏ ਕੁਝ ਮਰੀਜ਼ਾਂ ਨੇ ਦੱਸਿਆ ਕਿ ਜ਼ਿਆਦਾਤਰ ਡਾਕਟਰ ਓਪੀਡੀ ਵਿੱਚ ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਕਈ ਟੈਸਟ ਲਿਖ ਦਿੰਦੇ ਹਨ, ਜਿਨ੍ਹਾਂ ਵਿੱਚ ਸਕੈਨਿੰਗ ਤੇ ਅਲਟਰਾਸਾਊਂਡ ਵਰਗੇ ਮਹਿੰਗੇ ਟੈਸਟ ਹੁੰਦੇ ਹਨ। ਹਸਪਤਾਲ ਵਿੱਚ ਕੇਵਲ 3 ਦਿਨ ਸਕੈਨਿੰਗ ਹੁੰਦੀ ਹੋਣ ਕਰ ਕੇ ਮਰੀਜ਼ਾਂ ਨੂੰ ਬਾਹਰੋਂ ਮਹਿੰਗੇ ਮੁੱਲ ’ਤੇ ਸਕੈਨਿੰਗ ਕਰਾਉਣੀ ਪੈਂਦੀ ਹੈ।
ਮਰੀਜ਼ਾਂ ਨੇ ਦੱਸਿਆ ਕਿ ਟੈਸਟਾਂ ਦੇ ਸੈਂਪਲ 8 ਤੋਂ 11 ਵਜੇ ਤੱਕ ਲਏ ਜਾਂਦੇ ਹਨ, ਜਿਸ ਦੀ ਰਿਪੋਰਟ 1 ਤੋਂ 2 ਵਜੇ ਮਿਲਣੀ ਹੁੰਦੀ ਹੈ। ਮਰੀਜ਼ ਜਦੋਂ 1 ਵਜੇ ਤੋਂ ਬਾਅਦ ਰਿਪੋਰਟ ਲੈ ਕੇ ਡਾਕਟਰ ਕੋਲ ਪੁੱਜਦੇ ਹਨ ਤਾਂ ਡਾਕਟਰ ਨਹੀਂ ਮਿਲਦਾ ਅਤੇ ਜੇਕਰ ਮਿਲਦਾ ਵੀ ਹੈ ਤਾਂ 2 ਵਜੇ ਤੋਂ ਪਹਿਲਾਂ ਹੀ ਦਵਾਈ ਵਾਲਾ ਕਾਊਂਟਰ ਬੰਦ ਹੋ ਜਾਂਦਾ ਹੈ। ਮਰੀਜ਼ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਸਾਰੇ ਟੈਸਟ ਬਾਹਰੋਂ ਕਰਾਉਣਾ ਜਾਇਜ਼ ਸਮਝਦੇ ਹਨ, ਜਿਸ ਕਾਰਨ ਪੰਜਾਬ ਸਰਕਾਰ ਦੀਆਂ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲੋਕਾਂ ਨੂੰ ਨਹੀਂ ਮਿਲ ਰਿਹਾ।

Advertisement

ਐਮਰਜੈਂਸੀ ਡਾਕਟਰਾਂ ਦੀ ਗੈਰਹਾਜ਼ਰੀ ਬਾਰੇ ਚੈੱਕ ਕਰਾਂਗੇ: ਸਿਵਲ ਸਰਜਨ

ਸਿਵਲ ਸਰਜਨ ਡਾ. ਬੀ ਕੇ ਦਾਮਾਨਾ ਨੇ ਕਿਹਾ ਕਿ ਐਮਰਜੈਂਸੀ ਡਾਕਟਰਾਂ ਦੀ ਗੈਰਹਾਜ਼ਰੀ ਬਾਰੇ ਉਹ ਚੈੱਕ ਕਰਨਗੇ। ਉਨ੍ਹਾਂ ਡਾਕਟਰਾਂ ਵਲੋਂ ਸਾਰੇ ਮਰੀਜ਼ਾਂ ਨੂੰ ਟੈਸਟ ਉਪਰੰਤ ਹੀ ਦਵਾਈ ਦੇਣ ਨੂੰ ਜਾਇਜ਼ ਠਹਿਰਾਇਆ, ਹਰ ਮਰੀਜ਼ ਨੂੰ ਹਸਪਤਾਲ ਵਿੱਚ ਕੁਝ ਡਾਕਟਰਾਂ ਵਲੋਂ ਕੇਵਲ 3 ਦਿਨ ਹੀ ਉਪਲਬਧ ਸਕੈਨਿੰਗ ਦੇ ਟੈਸਟ ਹਰ ਮਰੀਜ਼ ਨੂੰ ਲਿਖਣ ਬਾਰੇ ਉਨ੍ਹਾਂ ਚੁੱਪੀ ਧਾਰ ਲਈ।

ਓਪੀਡੀ ਤੋਂ ਬਾਅਦ ਸਟਾਫ ਘਟ ਜਾਂਦਾ ਹੈ: ਐੱਸਐੱਮਓ

ਇਸ ਸਬੰਧੀ ਐਸਐੱਮਓ ਡਾ. ਰਮਨ ਕੁਮਾਰ ਦਾ ਦਾਅਵਾ ਹੈ ਕਿ ਓਪੀਡੀ ਤੋਂ ਬਾਅਦ ਸਟਾਫ ਘਟ ਜਾਂਦਾ ਹੈ, ਜਿਸ ਬਾਰੇ ਉਹ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ, ਪਰ ਐਮਰਜੈਂਸੀ ਡਿਊਟੀ ਵਾਲੇ ਡਾਕਟਰਾਂ ਦੀ ਗੈਰਹਾਜ਼ਰੀ ਦਾ ਉਨ੍ਹਾਂ ਕੋਲ ਕੋਈ ਠੋਸ ਜਵਾਬ ਨਹੀਂ ਸੀ।

Advertisement
Author Image

sukhwinder singh

View all posts

Advertisement
Advertisement
×