ਪਟਿਆਲਾ ਦਾ ਅਰਬਨ ਅਸਟੇਟ ਵੋਟਿੰਗ ਦੇ ਅਧਿਕਾਰ ਤੋਂ ਰਹੇਗਾ ਵਾਂਝਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਦਸੰਬਰ
ਪਟਿਆਲਾ ਅਰਬਨ ਅਸਟੇਟ ਇਕ ਫੇਜ਼ ਤੋਂ ਲੈ ਕੇ ਤਿੰਨ ਫੇਜ਼ ਤੱਕ 12,000 ਤੋਂ ਵੱਧ ਵੋਟਾਂ ਦਾ ਇਹ ਇਲਾਕਾ ਨਾ ਤਾਂ ਪੰਚਾਇਤੀ ਰਾਜ ਵਿੱਚ ਆਉਂਦਾ ਹੈ ਨਾ ਹੀ ਇਹ ਸਥਾਨਕ ਸਰਕਾਰਾਂ ਦੇ ਵਿਭਾਗ ਵਿੱਚ ਆਉਂਦਾ ਹੈ, ਇਸ ਕਰਕੇ ਇੱਥੇ ਲੋਕਤੰਤਰ ਦੀ ਮੁੱਢਲੀ ਇਕਾਈ ਪੰਚਾਇਤ ਜਾਂ ਨਗਰ ਪੰਚਾਇਤ ਜਾਂ ਫਿਰ ਨਗਰ ਨਿਗਮ ਦੀਆਂ ਵੋਟਾਂ ਹੀ ਨਹੀਂ ਪੈਂਦੀਆਂ, ਜਿਸ ਕਰਕੇ ਇਸ ਇਲਾਕੇ ਦੇ ਲੋਕ ਪੰਚਾਇਤੀ ਰਾਜ ਤੇ ਸਥਾਨਕ ਸਰਕਾਰਾਂ ਤੋਂ ਮਿਲਦੀਆਂ ਸਹੂਲਤਾਂ ਤੋਂ ਬਿਲਕੁਲ ਹੀ ਵਾਂਝੇ ਹਨ। ਇਸ ਵੇਲੇ ਪੁੱਡਾ ਨੂੰ ਏਨੇ ਫ਼ੰਡ ਨਹੀਂ ਆ ਰਹੇ ਜਿਸ ਕਰਕੇ ਇਹ ਇਲਾਕਾ ਹੁਣ ਸਹੂਲਤਾਂ ਤੋਂ ਵੀ ਵਾਂਝਾ ਹੁੰਦਾ ਜਾ ਰਿਹਾ ਹੈ।
ਇਸ ਬਾਰੇ ਸਾਬਕਾ ਆਈਏਐੱਸ ਤੇ ਇੱਥੇ ਦੇ ਵਸਨੀਕ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਉਹ ਕਈ ਵਾਰੀ ਇਸ ਹਲਕੇ ਤੇ ਵਿਧਾਇਕ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲ ਕੇ ਇਸ ਜ਼ਰੂਰੀ ਮੁੱਦੇ ’ਤੇ ਚਾਨਣਾ ਪਾ ਚੁੱਕੇ ਹਨ ਅਤੇ ਉਹ ਹਰ ਤਰ੍ਹਾਂ ਦੀ ਹਾਮੀ ਭਰ ਦਿੰਦੇ ਹਨ ਪਰ ਅਜੇ ਤੱਕ ਕੋਈ ਅਮਲ ਨਹੀਂ ਹੋਇਆ।
ਇੱਥੇ ਸੜਕਾਂ ਦਾ ਬੁਰਾ ਹਾਲ ਹੈ, ਪਾਰਕਾਂ ਵਿਚ ਗੰਦਗੀ ਹੈ ਤੇ ਉਨ੍ਹਾਂ ਦੀ ਦੇਖ-ਭਾਲ ਨਹੀਂ ਹੋ ਰਹੀ, ਸਟਰੀਟ ਲਾਈਟਾਂ ਦਾ ਕੋਈ ਵਾਲੀ-ਵਾਰਸ ਨਹੀਂ ਹੈ, ਇੱਥੇ ਪਿਛਲੇ ਸਾਲ ਹੜ੍ਹਾਂ ਨੇ ਤਬਾਹੀ ਕੀਤੀ ਪਰ ਡਰੇਨਜ਼ ਵਿਭਾਗ ਨੇ ਇਸ ਪਾਸੇ ਵੱਲ ਅਜੇ ਤੱਕ ਧਿਆਨ ਨਹੀਂ ਦਿੱਤਾ ਕਿਉਂਕਿ ਇਹ ਪੁੱਡਾ ਅਧੀਨ ਆਉਂਦਾ ਹੈ ਅਤੇ ਪੁੱਡਾ ਦੇ ਅਧਿਕਾਰੀਆਂ ਨੇ ਮਿਲਣ ’ਤੇ ਕਿਹਾ ਕਿ ਉਨ੍ਹਾਂ ਕੋਲ ਪ੍ਰਾਪਤ ਫ਼ੰਡ ਨਹੀਂ ਹਨ।
ਪਟਿਆਲਾ ਅਕਾਸ਼ਬਾਣੀ ਰੇਡੀਓ ਦੇ ਸਟੇਸ਼ਨ ਡਾਇਰੈਕਟਰ ਰਹੇ ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਇਲਾਕਾ ਮੁੱਢਲੀ ਲੋਕਤੰਤਰ ਦੀ ਇਕਾਈ ਤੋਂ ਹੀ ਵਾਂਝਾ ਹੈ, ਹੁਣ ਜੇਕਰ ਫਾਰਮ ਜਾਂ ਕੋਈ ਹੋਰ ਕਾਗ਼ਜ਼ ਤਸਦੀਕ ਕਰਵਾਉਣੇ ਹੋਣ ਤਾਂ ਲੋਕਾਂ ਨੂੰ ਬੜੀ ਮੁਸ਼ਕਲ ਬਣ ਜਾਂਦੀ ਹੈ, ਉਨ੍ਹਾਂ ਆਪਣੀ ਹੀ ਇਕ ਸੰਸਥਾ ਬਣਾਈ ਹੈ, ਜਿਸ ਦੇ ਪ੍ਰਧਾਨ ਤੋਂ ਮੋਹਰ ਲਗਵਾ ਕੇ ਕੰਮ ਸਾਰਦੇ ਹਨ।
ਇੱਥੇ ਦੇ ਸਰਗਰਮ ਆਗੂ ਵਰਿੰਦਰ ਸੂਦ ਨੇ ਕਿਹਾ ਕਿ ਪੁੱਡਾ ਨੇ ਪਹਿਲਾਂ ਪਹਿਲ ਤਾਂ ਇਲਾਕੇ ਦੇ ਲੋਕਾਂ ਦੀ ਕਾਫ਼ੀ ਸੁਣਵਾਈ ਕੀਤੀ ਪਰ ਹੁਣ ਤਾਂ ਇੰਜ ਲੱਗਦਾ ਹੈ ਜਿਵੇਂ ਇਹ ਇਲਾਕਾ ਲਾਵਾਰਿਸ ਹੈ, ਇਸ ਕਰਕੇ ਇਸ ਇਲਾਕੇ ਨੂੰ ਨਗਰ ਨਿਗਮ ਵਿਚ ਪਾ ਕੇ ਇੱਥੇ ਚੋਣ ਕਰਾਉਣੀ ਚਾਹੀਦੀ ਹੈ।
ਲੋਕਾਂ ਦੀ ਮੰਗ ’ਤੇ ਹੋਵੇਗੀ ਅਗਲੀ ਕਾਰਵਾਈ: ਡੀਸੀ
ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਸਬੰਧੀ ਕੋਈ ਨਿਯਮ ਵਿਧਾਨ ਬਣੇਗਾ ਤਾਂ ਹੀ ਕੋਈ ਅਗਲੇਰੀ ਕਾਰਵਾਈ ਹੋ ਸਕਦੀ ਹੈ, ਜੇਕਰ ਇਲਾਕੇ ਦੇ ਲੋਕ ਚਾਹੁੰਦੇ ਹਨ ਤਾਂ ਉਹ ਇਸ ਬਾਰੇ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਉਣ।