For the best experience, open
https://m.punjabitribuneonline.com
on your mobile browser.
Advertisement

ਪਟਿਆਲਾ: ਪੰਜਾਬ ਦੀ ਰਿਆਸਤ ਤੇ ਸਿਆਸਤ ’ਤੇ ਕਾਬਜ਼ ਰਿਹੈ ਸ਼ਾਹੀ ਰਾਜ ਘਰਾਣਾ

10:39 AM Mar 31, 2024 IST
ਪਟਿਆਲਾ  ਪੰਜਾਬ ਦੀ ਰਿਆਸਤ ਤੇ ਸਿਆਸਤ ’ਤੇ ਕਾਬਜ਼ ਰਿਹੈ ਸ਼ਾਹੀ ਰਾਜ ਘਰਾਣਾ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਮਾਰਚ
ਪਟਿਆਲਾ, ਰਾਜਿਆਂ ਦਾ ਸ਼ਹਿਰ ਹੈ। ਪਟਿਆਲਾ ਕੋਲ ਰਿਆਸਤ ਅਤੇ ਪੈਪਸੂ ਦੀ ਰਾਜਧਾਨੀ ਦਾ ਦਰਜਾ ਵੀ ਰਿਹਾ ਹੈ। ਇਸ ਰਿਆਸਤ ਦੇ ਨੌਂ ਰਾਜੇ ਹੋਏ ਹਨ ਜਿਨ੍ਹਾਂ ਦਾ ਰਾਜਕਾਲ 1763 ਤੋਂ 1974 ਤੱਕ ਚੱਲਿਆ। ਇਹ ਰਾਜੇ-ਮਾਹਾਰਾਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖੇ ਸਨ। ਇਸ ਸ਼ਾਹੀ ਘਰਾਣੇ ਨੇ ਜਿਥੇ ਰਿਆਸਤਾਂ ਦੇ ਰਾਜ ਭੋਗੇ ਉਥੇ ਸਿਆਸਤ ਦਾ ਵੀ ਨਿੱਘ ਮਾਣਿਆ। ਭਾਰਤ ਦੀ ਸਿਆਸਤ ’ਚ ਭਾਗੀਦਾਰੀ ਇਥੋਂ ਦੇ ਆਖਰੀ ਰਾਜਾ-ਰਾਣੀ ਤੋਂ ਹੋਈ। ਉਨ੍ਹਾਂ ਰਿਆਸਤਾਂ ਦਾ ਰਾਜ ਕਾਲ ਖ਼ਤਮ ਸਮੇਂ ਭਾਰਤੀ ਦੀ ਸੱਤਾ ’ਚ ਅਜਿਹਾ ਪੈਰ ਧਰਿਆ ਕਿ ਇਨ੍ਹਾਂ ਅਗਲੀਆਂ ਪੀੜ੍ਹੀਆਂ ਵੀ ਸੱਤਾ ’ਚ ਰਹੀਆਂ ਜਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਭਾਰਤ ਵਿਚ ਸਿੱਖਾਂ ਦੀਆਂ ਮਹੱਤਵਪੂਰਨ ਰਿਆਸਤਾਂ ਵਿਚੋਂ ਇੱਕ ਪਟਿਆਲਾ ਨੂੰ ਬਾਬਾ ਆਲਾ ਸਿੰਘ ਵੱਲੋਂ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਦੇ ਪਿਤਾ ਰਾਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ। ਅਹਿਮਦ ਸ਼ਾਹ ਅਬਦਾਲੀ ਵੀ ਬਾਬਾ ਆਲਾ ਸਿੰਘ ਦੇ ਝੰਡੇ ਅੱਗੇ ਸਿਰ ਝੁਕਾਉਂਦਾ ਸੀ। ਪਟਿਆਲਾ ਰਿਆਸਤ ਦੇ ਪਹਿਲੇ ਰਾਜੇ ਬਾਬਾ ਆਲਾ ਸਿੰਘ ਨੇ ਪਟਿਆਲਾ ਦੀ ਨੀਂਹ 1973 ’ਚ ਰੱਖੀ ਸੀ। ਬਾਬਾ ਆਲਾ ਸਿੰਘ ਦੂਰਦ੍ਰਿਸ਼ਟੀ ਅਤੇ ਬਹਾਦਰ ਵਿਅਕਤੀ ਸਨ ਜਿਨ੍ਹਾਂ ਨੇ 30 ਪਿੰਡਾਂ ਦੀ ਨਿਗੂਣੀ ਜਿਹੀ ਜਿਮੀਂਦਾਰੀ ਵਿਚੋਂ ਇਕ ਸੁਤੰਤਰ ਰਿਆਸਤ ਖੜ੍ਹੀ ਕੀਤੀ।
ਉਸ ਦੇ ਉਤਰਾਧਿਕਾਰੀਆਂ ਦੀ ਸਰਪ੍ਰਸਤੀ ਵਿੱਚ ਇਸ ਦਾ ਵਿਸਥਾਰ ਇਕ ਵੱਡੇ ਸੂਬੇ ਦੇ ਰੂਪ ਵਿਚ ਹੋਇਆ ਜੋ ਉੱਤਰ ਵਿਚ ਸ਼ਿਵਾਲਿਕ ਤੇ ਦੱਖਣ ਵਿਚ ਰਾਜਸਥਾਨ ਤੱਕ ਫੈਲਿਆ ਹੋਇਆ ਸੀ। ਬਾਬਾ ਆਲਾ ਸਿੰਘ ਤੋਂ ਬਾਅਦ ਹੋਏ ਰਾਜਿਆਂ ਵਿੱਚ ਰਾਜਾ ਅਮਰ ਸਿੰਘ, ਰਾਜਾ ਸਾਹਿਬ ਸਿੰਘ, ਮਹਾਰਾਜਾ ਕਰਮ ਸਿੰਘ, ਮਹਾਰਾਜਾ ਨਰਿੰਦਰ ਸਿੰਘ, ਮਹਾਰਾਜਾ ਮਹਿੰਦਰ ਸਿੰਘ, ਮਹਾਰਾਜਾ ਰਾਜਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਰਹੇ ਹਨ। ਇਸੇ ਦੌਰਾਨ ਜਦੋਂ ਰਿਆਸਤਾਂ ਦਾ ਰਾਜਕਾਲ ਆਪਣੇ ਆਖ਼ਰੀ ਪੜਾਅ ’ਤੇ ਸੀ ਤਾਂ ਪਟਿਆਲਾ ਦੇ ਆਖ਼ਰੀ ਰਾਜਾ ਅਤੇ ਰਾਣੀ ਨੇ ਮੋੜਾ ਕੱਟਦਿਆਂ ਭਾਰਤੀ ਸਿਆਸਤ ’ਚ ਪੈਰ ਧਰਿਆ। ਸਾਲ 1966 ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖਰੇ ਰਾਜਾਂ ਵਜੋਂ ਸਥਾਪਤ ਹੋਣ ਮਗਰੋਂ 1967 ’ਚ ਹੋਈ ਪਲੇਠੀ ਚੋਣ ਦੌਰਾਨ ਮਹਾਰਾਜਾ ਯਾਦਵਿੰਦਰ ਸਿੰਘ ਡਕਾਲਾ ਤੋਂ ਵਿਧਾਇਕ ਬਣੇ ਸਨ। ਉਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਸੀ ਪਰ ਧੋਖੇ ਦਾ ਸ਼ਿਕਾਰ ਹੋਣ ਕਰ ਕੇ ਉਨ੍ਹਾਂ ਨੇ ਵਿਧਾਇਕ ਵਜੋਂ ਬਹੁਤੀ ਸਰਗਰਮੀ ਨਾ ਦਿਖਾਈ।
1967 ’ਚ ਹੀ ਆਖ਼ਰੀ ਮਾਹਾਰਾਣੀ ਮਹਿੰਦਰ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਯਾਦਵਿੰਦਰ ਸਿੰਘ ਨੇ ਤਾਂ ਇਸ ਮਗਰੋਂ ਮੁੜ ਕੋਈ ਚੋਣ ਨਾ ਲੜੀ ਪਰ ਰਾਜਮਾਤਾ ਮਹਿੰਦਰ ਕੌਰ ਨੇ 1972 ਵਿੱਚ ਮੁੜ ਚੋਣ ਲੜੀ ਪਰ ਇਸ ਵਾਰ ਉਨ੍ਹਾਂ ਨੇ ਕਾਂਗਰਸ ਦੇ ਵੱਖਰੇ ਧੜੇ ਤੋਂ ਚੋਣ ਲੜੀ ਤੇ ਕਾਂਗਰਸੀ ਉਮੀਦਵਾਰ ਸੱਤਪਾਲ ਕਪੂਰ ਤੋਂ ਹਾਰ ਗਏ ਸਨ। ਫਿਰ ਉਹ ਜਨਸੰਘ ’ਚ ਸ਼ਾਮਲ ਹੋ ਗਏ ਤੇ ਉਨ੍ਹਾਂ ਨੂੰ ਹਿਮਾਚਲ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ ਜਿਸ ’ਤੇ ਉਹ ਪੰਜ ਸਾਲ ਕਾਰਜਸ਼ੀਲ ਰਹੇ। ਇਨ੍ਹਾਂ ਪੁਰਖਿਆਂ ਵੱਲੋਂ ਸਿਆਸਤ ਦੇ ਲਾਏ ਗਏ ਜਾਗ ਦਾ ਅਸਰ ਅੱਜ ਵੀ ਹੈ। ਯਾਦਵਿੰਦਰ ਸਿੰਘ ਦੇ ਪੁੱਤਰ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ, 6 ਵਾਰ ਵਿਧਾਇਕ ਇੱਕ ਵਾਰ ਮੰਤਰੀ ਅਤੇ ਦੋ ਵਾਰ ਐੱਮਪੀ ਬਣੇ ਹਨ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਇੱਕ ਵਾਰ ਵਿਧਾਇਕ, ਚਾਰ ਵਾਰ ਐੱਮਪੀ ਅਤੇ ਇਕ ਵਾਰ ਕੇਂਦਰੀ ਮੰਤਰੀ ਵੀ ਬਣ ਚੁੱਕੇ ਹਨ। ਪਟਿਆਲਾ ਦੇ ਸੰਸਦ ਮੈਂਬਰ ਵਜੋਂ ਕੇਂਦਰੀ ਵਜ਼ੀਰ ਬਣਨ ਵਾਲ਼ੇ ਉਹ ਪਹਿਲੇ ਮੈਂਬਰ ਹਨ ਤੇ ਚਾਰ ਵਾਰ ਹੋਰ ਕੋਈ ਵੀ ਐਮਪੀ ਨਹੀਂ ਬਣਿਆ।
ਕੈਪਟਨ ਅਮਰਿੰਦਰ ਸਿੰਘ ਨੇ 1977 ਵਿੱਚ ਪਟਿਆਲਾ ਤੋਂ ਲੋਕ ਸਭਾ ਚੋਣ ਕਾਂਗਰਸ ਤੋਂ ਲੜੀ ਪਰ ਗੁਰਚਰਨ ਸਿੰਘ ਟੌਹੜਾ ਤੋਂ ਹਾਰ ਗਏ। ਉਂਜ 1980 ’ਚ ਇਥੋਂ ਹੀ ਐੱਮਪੀ ਬਣੇ ਅਮਰਿੰਦਰ ਸਿੰਘ ਨੇ 1984 ਦੀਆਂ ਘਟਨਾਵਾਂ ਦੇ ਰੋਸ ਵਜੋਂ ਮੈਂਬਰੀ ਅਤੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਫਿਰ 1985 ਵਿੱਚ ਤਲਵੰਡੀ ਸਾਬੋਂ ਤੋਂ ਅਕਾਲੀ ਵਿਧਾਇਕ ਬਣ ਕੇ ਖੇਤੀਬਾੜੀ ਮੰਤਰੀ ਬਣੇ। ਫਿਰ ਜਦੋਂ 1992 ’ਚ ਉਹ ਆਪਣੀ ਵੱਖਰੀ ਪਾਰਟੀ ਬਣਾ ਕੇ ਸਮਾਣਾ ਤੋਂ ਲੜੇ ਤੇ ਬਿਨਾਂ ਮੁਕਾਬਲਾ ਵਿਧਾਇਕ ਚੁਣੇ ਗਏ ਪਰ ਪਿਤਾ ਵਾਂਗ ਉਹ ਵੀ ਧੋਖੇ ਦਾ ਸ਼ਿਕਾਰ ਹੋ ਗਏ ਕਿਉਂਕਿ ਕੈਪਟਨ ਨੂੰ ਵੀ ਮੁੱਖ ਮੰਤਰੀ ਬਣਾਉਣ ਦੀ ਗੱਲ ਆਖੀ ਗਈ ਸੀ। ਫਿਰ ਉਹ ਭਾਵੇਂ ਅਕਾਲੀ ਦਲ ’ਚ ਸ਼ਾਮਲ ਹੋ ਗਏ ਪਰ ਟਿਕਟ ਨਾ ਮਿਲੀ ਜਿਸ ਮਗਰੋਂ ਉਹ 1998 ’ਚ ਕਾਂਗਰਸ ’ਚ ਸ਼ਾਮਲ ਹੋ ਗਏ ਤੇ ਲੋਕ ਸਭਾ ਚੋਣ ਲੜੀ ਜਿਸ ਦੌਰਾਨ ਪ੍ਰ੍ਰੇਮ ਸਿੰਘ ਚੰਦੂਮਾਜਰਾ ਤੋਂ ਹਾਰ ਗਏ ਪਰ 2002 ’ਚ ਪਟਿਆਲਾ ਤੋਂ ਵਿਧਾਇਕ ਬਣ ਕੇ ਪੰਜਾਬ ਦੇ ਮੁੱਖ ਮੰੰਤਰੀ ਬਣ ਗਏ। ਇਥੋਂ ਹੀ ਉਹ 2007, 2012, 2017 ’ਚ ਵੀ ਵਿਧਾਇਕ ਬਣੇ ਤੇ 2017 ਵਿੱਚ ਦੂਜੀ ਵਾਰ ਵਿਧਾਇਕ ਬਣੇ। ਸਾਲ 2014 ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਜਾ ਕੇ ਭਾਜਪਾ ਦੇ ਅਰੁਣ ਜੇਤਲੀ ਨੂੰ ਹਰਾਇਆ ਪਰ 2022 ’ਚ ‘ਆਪ’ ਦੇ ਅਜੀਤਪਾਲ ਕੋਹਲੀ ਤੋਂ ਚੋਣ ਹਾਰ ਗਏ। ਐਤਕੀ ਫੇਰ ਪ੍ਰਨੀਤ ਕੌਰ ਵੱਲੋਂ ਭਾਜਪਾ ਵੱਲੋਂ ਚੋਣ ਲੜੀ ਜਾਣੀ ਹੈ ਪਰ ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਐਤਕੀ ਕੀ ਸਥਿਤੀ ਰਹੇਗੀ।

Advertisement

Advertisement
Author Image

sukhwinder singh

View all posts

Advertisement
Advertisement
×