ਪਟਿਆਲਾ: ਸਿਹਤ ਮੰਤਰੀ ਵੱਲੋਂ ਰੌਂਗਲਾ ਤੋਂ ਨਸ਼ਿਆਂ ਖ਼ਿਲਾਫ਼ ਲੜਾਈ ਦੀ ਸ਼ੁਰੂਆਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਜੁਲਾਈ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਸ਼ਿਆਂ ਵਿਰੁੱਧ ਲੜਾਈ ਦੀ ਸ਼ੁਰੂਆਤ ਆਪਣੇ ਹਲਕੇ ਪਟਿਆਲਾ ਦਿਹਾਤੀ ਦੇ ਪਿੰਡ ਰੌਂਗਲਾ ਤੋਂ ਕੀਤੀ। ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਨੂੰ 'ਨਸ਼ਾ ਮੁਕਤ, ਸਿਹਤਮੰਦ ਤੇ ਰੰਗਲਾ ਪੰਜਾਬ' ਜ਼ਰੂਰ ਬਣਾਵੇਗੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੂੰ ਨਾਲ ਲੈ ਕੇ ਪਿੰਡ ਰੌਂਗਲਾ ਦੇ ਸਰਕਾਰੀ ਸਕੂਲ ਵਿਖੇ ਪੁੱਜੇ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਰੌਂਗਲਾ ਪਿੰਡ ਨੂੰ ਨਸ਼ਾ ਮੁਕਤ ਕਰਕੇ ਪੰਜਾਬ ਤੇ ਦੇਸ਼ ਲਈ ਮਿਸਾਲ ਬਣਾਇਆ ਜਾਵੇਗਾ। ਨਸ਼ਾ ਕਰਨ ਵਾਲਿਆਂ ਦਾ ਵਿਗਿਆਨਕ ਤਰੀਕੇ ਨਾਲ ਮੁੜਵਸੇਬਾ ਕੀਤਾ ਜਾਵੇਗਾ। ਨਸ਼ਾ ਤਸਕਰਾਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਲੋਕ ਸੂਚਨਾ ਪੁਲੀਸ ਨਾਲ ਸਾਂਝੀ ਕਰਨ ਤਾਂ ਜੋ ਸਪਲਾਈ ਚੇਨ ਤੋੜੀ ਜਾ ਸਕੇ। ਨਸ਼ੇੜੀਆਂ ਦਾ ਇਲਾਜ ਸਰਕਾਰ ਕਰਵਾਏਗੀ। ਅਜਿਹੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਪੈਰਾਂ ਸਿਰ ਖੜ੍ਹਾ ਕਰਨ ਲਈ ਉਲੀਕੀ ਯੋਜਨਾ ਨੂੰ ਪ੍ਰਸ਼ਾਸਨ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਪੂਰਾ ਕੀਤਾ ਜਾਵੇਗਾ। ਪਿੰਡਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਸਮਾਜ ਦੀ ਸਭ ਤੋਂ ਅਹਿਮ ਕੜੀ ਦੱਸਦਿਆਂ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸਿਹਤ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਵੈਲਨੈੱਸ ਸੈਂਟਰ ਵੀ ਖੋਲ੍ਹੇ ਜਾਣਗੇ ਤਾਂ ਜੋ ਨਸ਼ਿਆਂ ਤੇ ਬਿਮਾਰੀਆਂ ਵਿਰੁੱਧ ਜੰਗ ਨੂੰ ਸਫ਼ਲ ਬਣਾਇਆ ਜਾ ਸਕੇ। ਨਸ਼ਿਆਂ ਵਿੱਚ ਜਕੜੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ।
ਸਮਾਰੋਹ ਮੌਕੇ ਮਹਿੰਦਰਾ ਕਾਲਜ ਦੇ ਆਬਜ਼ਰਵਡ ਥੀਏਟਰ ਗਰੁੱਪ ਨੇ ਨਸ਼ਿਆਂ ਵਿਰੁੱਧ 'ਚਿੱਟਾ ਪੰਜਾਬ' ਨੁੱਕੜ ਨਾਟਕ ਦੀ ਪੇਸ਼ਕਾਰੀ ਵੀ ਕੀਤੀ, ਜਦੋਂਕਿ ਸਾਕੇਤ ਨਸ਼ਾ ਮੁਕਤੀ ਕੇਂਦਰ ਵੱਲੋਂ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਦੀ ਦੇਖ-ਰੇਖ ਹੇਠ ਨਸ਼ਿਆਂ ਵਿਰੁੱਧ ਪ੍ਰਦਰਸ਼ਨੀ ਲਗਾਉਣ ਸਮੇਤ ਸਿਹਤ ਵਿਭਾਗ ਵੱਲੋਂ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਜਨ ਸੁਵਿਧਾ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਪ੍ਰਸ਼ਾਸਨਿਕ ਸੇਵਾਵਾਂ ਮੌਕੇ 'ਤੇ ਹੀ ਮੁਹੱਈਆ ਕਰਵਾਈਆਂ ਗਈਆਂ।