For the best experience, open
https://m.punjabitribuneonline.com
on your mobile browser.
Advertisement

ਪਟਿਆਲਾ: ਘਰਾਂ ਵਿੱਚ ਮੀਂਹ ਦਾ ਪਾਣੀ ਵੜਿਆ

09:01 AM Sep 05, 2024 IST
ਪਟਿਆਲਾ  ਘਰਾਂ ਵਿੱਚ ਮੀਂਹ ਦਾ ਪਾਣੀ ਵੜਿਆ
ਪਟਿਆਲਾ ਵਿੱਚ ਸੜਕਾਂ ’ਤੇ ਭਰੇ ਪਾਣੀ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਰਾਜੇਸ਼ ਸੱਚਰ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਸਤੰਬਰ
ਪਟਿਆਲਾ ਵਿੱਚ ਮੀਂਹ ਨੇ ਪ੍ਰਸ਼ਾਸਨ ਵੱਲੋਂ ਕੀਤੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਅੱਜ ਅਰਬਨ ਅਸਟੇਟ ਵਿੱਚ ਪਿਛਲੇ ਸਾਲ ਵਰਗੇ ਹਾਲਾਤ ਦੇਖਣ ਨੂੰ ਮਿਲੇ ਅਤੇ ਇਸ ਦੌਰਾਨ ਕਈ ਘਰਾਂ ਵਿੱਚ ਪਾਣੀ ਵੜ ਗਿਆ। ਇਸ ਤੋਂ ਇਲਾਵਾ ਸ਼ਾਹੀ ਸ਼ਹਿਰ ਦੇ ਤ੍ਰਿਪੜੀ ਅਤੇ ਮਾਡਲ ਟਾਊਨ ਖੇਤਰ ਦੀਆਂ ਸੜਕਾਂ ’ਤੇ ਤਿੰਨ-ਤਿੰਨ ਫੁੱਟ ਭਰ ਗਿਆ। ਇਸੇ ਤਰ੍ਹਾਂ ਅਰਨਾ ਬਰਨਾ ਚੌਕ, ਧਰਮਪੁਰਾ ਬਾਜ਼ਾਰ, ਕੜਾਹਵਾਲਾ ਚੌਕ, ਮੋਦੀ ਕਾਲਜ ਦਾ ਇਲਾਕਾ, ਧੱਕਾ ਕਲੋਨੀ, ਸਨੌਰੀ ਅੱਡਾ, ਅਦਾਲਤ ਬਾਜ਼ਾਰ, ਪੁਰਾਣਾ ਬੱਸ ਸਟੈਂਡ, ਗਊਸ਼ਾਲਾ ਰੋਡ, ਛੋਟੀ ਬਾਰਾਂਦਰੀ ਬੇਅੰਤ ਸਿੰਘ ਦੇ ਬੁੱਤ ਕੋਲ, ਨਾਭਾ ਗੇਟ ਤੋਂ ਇਲਾਵਾ ਸ਼ਹਿਰ ਵਿਚ ਸੜਕਾਂ ’ਤੇ ਪਾਣੀ ਨਦੀਆਂ ਦੀ ਤਰ੍ਹਾਂ ਵਗ ਰਿਹਾ ਸੀ। ਸੜਕਾਂ ’ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਟਿਆਲਾ ਤੋਂ ਰਾਜਪੁਰਾ ਰੋਡ ’ਤੇ ਨਵੇਂ ਬੱਸ ਸਟੈਂਡ ਕੋਲ ਬੱਤੀਆਂ ਵਾਲੇ ਚੌਕ ਨੇੜੇ ਲੋਕਾਂ ਦੇ ਵਾਹਨ ਪਾਣੀ ਕਾਰਨ ਬੰਦ ਹੋ ਗਏ। ਪੁੱਡਾ ਕੋਲੋਂ ਰਿਆਨ ਸਕੂਲ ਵੱਲ ਜਾਂਦੀ ਸੜਕ ਨੇ ਵੀ ਨਦੀ ਦਾ ਰੂਪ ਧਾਰਿਆ ਹੋਇਆ ਸੀ ਤੇ ਇਥੇ ਵੀ ਕਈ ਘਰਾਂ ਵਿਚ ਪਾਣੀ ਵੜ ਗਿਆ। ਘਰਾਂ ਵਿੱਚ ਪਾਣੀ ਵੜਨ ਕਾਰਨ ਲੋਕਾਂ ਵਿਚ ਪਿਛਲੇ ਸਾਲ ਵਾਲਾ ਸਹਿਮ ਦੇਖਣ ਨੂੰ ਮਿਲਿਆ। ਇੱਥੇ ਰਹਿੰਦੇ ਰੇਡੀਓ ਸਟੇਸ਼ਨ ਪਟਿਆਲਾ ਦੇ ਸਾਬਕਾ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਅੱਜ ਪਏ ਮੀਂਹ ਨੇ ਲੋਕਾਂ ਅੰਦਰ ਸਹਿਮ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇੰਨੀ ਕੁ ਮੀਂਹ ਹੋਰ ਪੈ ਜਾਂਦਾ ਤਾਂ ਪਿਛਲੇ ਸਾਲ ਵਾਲੀ ਸਥਿਤੀ ਪੈਦਾ ਹੋ ਜਾਣੀ ਸੀ। ਉਨ੍ਹਾਂ ਦੋਸ਼ ਲਾਇਆ ਪੁੱਡਾ ਨੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ, ਵਾਰ ਵਾਰ ਪੁੱਡਾ ਦੇ ‌ਅਧਿਕਾਰੀਆਂ ਕੋਲ ਗਏ ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸੇ ਤਰ੍ਹਾਂ ਸਾਬਕਾ ਆਈਏਐਸ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਪੁੱਡਾ ਨੂੰ ਅਰਬਨ ਅਸਟੇਟ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਨਾ ਹੋਵੇਗਾ ਨਹੀਂ ਤਾਂ ਜਦੋਂ ਲੋਕ ਪ੍ਰੇਸ਼ਾਨ ਹੋਣਗੇ ਤਾਂ ਲੋਕਾਂ ਵਿਚ ਰੋਹ ਵਧਦਾ ਜਾਵੇਗਾ। ਇਸੇ ਤਰ੍ਹਾਂ ਜੋ ਸੜਕਾਂ ਪਾਣੀ ਦੇ ਪਾਈਪ ਪਾਉਣ ਨਾਲ ਪੁੱਟੀਆਂ ਗਈਆਂ ਹਨ ਉਹ ਸੜਕਾਂ ’ਤੇ ਲੋਕਾਂ ਦੀ ਪ੍ਰੇਸ਼ਾਨੀ ਭਾਰੀ ਦੇਖੀ ਗਈ, ਕੁਝ ਸਕੂਟਰ ਮੋਟਰਸਾਈਕਲਾਂ ਵਾਲੇ ਪਾਣੀ ਵਿਚ ਡਿੱਗ ਗਏ।

ਭਰਵੇਂ ਮੀਂਹ ਕਾਰਨ ਦਿੜ੍ਹਬਾ ਮੰਡੀ ਜਲ-ਥਲ

ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਖੇਤਰ ਵਿੱਚ ਭਾਰੀ ਮੀਂਹ ਕਾਰਨ ਜਿੱਥੇ ਦਿੱਲੀ-ਲੁਧਿਆਣਾ ਕੌਮੀ ਮਾਰਗ ਤੋਂ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਨੂੰ ਜਾਂਦੀ ਸੜਕ ’ਤੇ ਕਈ-ਕਈ ਫੁੱਟ ਪਾਣੀ ਖੜ੍ਹਨ ਕਾਰਨ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਦਿੜ੍ਹਬਾ ਦੀ ਅਨਾਜ ਮੰਡੀ ਦੇ ਦੁਆਲੇ ਦੀਆਂ ਸਾਰੀਆਂ ਸੜਕਾਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ। ਇਸ ਦੌਰਾਨ ਮੀਂਹ ਦਾ ਪਾਣੀ ਦੁਕਾਨਾਂ ਅਤੇ ਘਰਾਂ ਵਿੱਚ ਦਾਖਲ ਹੋ ਗਿਆ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਹੀ ਇਸ ਮੰਡੀ ਦੀਆਂ ਸੜਕਾਂ ਨੂੰ ਉੱਚਾ ਚੁੱਕ ਕੇ ਪੱਕਾ ਕੀਤਾ ਗਿਆ ਸੀ ਜਿਸ ਕਰਕੇ ਬਰਸਾਤਾਂ ਦੇ ਪਾਣੀ ਤੋਂ ਬਚਣ ਲਈ ਮੰਡੀ ਦੁਆਲੇ ਸਾਰੀਆਂ ਸੜਕਾਂ ਉੱਚੀਆਂ ਚੁੱਕ ਕੇ ਮੁੜ ਪੱਕੀਆਂ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਦਿੜ੍ਹਬਾ ਦੇ ਸਰਕਾਰੀ ਸਕੂਲ ਦੇ ਨਾਲ ਬਸਤੀ ਵਿੱਚ ਨਿਕਾਸੀ ਪਾਣੀ ਬੰਦ ਹੋਣ ਕਾਰਨ ਮੀਂਹ ਦਾ ਪਾਣੀ ਘਰਾਂ ਵਿੱਚ ਵੜ ਗਿਆ। ਇਸ ਸਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਬਿੱਟੂ ਖਾਨ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਟੋਭੇ ਵਿੱਚ ਪਾਉਣ ਵਾਲੀ ਮੋਟਰ ਦੀ ਖਰਾਬੀ ਕਾਰਨ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਇਹ ਪਾਣੀ ਸੜਕਾਂ ਤੇ ਖੜ੍ਹਦਾ ਹੈ।

Advertisement

Advertisement
Author Image

Advertisement