ਪਟਿਆਲਾ ਪੁਲੀਸ ਨੇ 4 ਪਿਸਤੌਲ ਬਰਾਮਦ ਕੀਤੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਘੱਗਾ ਦੇ ਐੱਸਐੱਚਓ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਵਲੋਂ 4 ਪਿਸਤੌਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ 9 ਐੱਮਐੱਮ ਦਾ ਵਿਦੇਸ਼ੀ ਪਿਸਤੌਲ ਸ਼ਾਮਲ ਹੈ, ਜਿਸ ਵਿੱਚ 15 ਕਾਰਤੂਸ ਪੈਂਦੇ ਹਨ ਤੇ ਇਹ ਬਰਸਟ ਮਾਰਨ ਦੇ ਸਮਰਥ ਹੈ। ਇਹ ਜਾਣਕਾਰੀ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦਿੱਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦੇਣ ਦੇ ਦੋਸ਼ਾਂ ਹੇਠ ਪਿਛਲੇ ਦਿਨੀਂ ਨਸ਼ਾ ਤਸਕਰ ਅਮਰੀਕ ਸਿੰਘ ਦੇਧਨਾ ਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਰੰਟਾਂ 'ਤੇ ਲਿਆਂਦਾ ਗਿਆ ਸੀ, ਜਿਸ ਦੀ ਨਿਸ਼ਾਨਦੇਹੀ 'ਤੇ ਤਿੰਨ ਪਿਸਤੌਲ ਬਰਾਮਦ ਹੋਏ ਹਨ, ਜਦ ਕਿ ਇੱਕ ਪਿਸਤੌਲ ਬੁੜੈਲ ਜੇਲ੍ਹ ਬ੍ਰੇਕ ਦੀ ਘਟਨਾ ਵਿੱਚ ਸ਼ਾਮਲ ਰਹੇ ਨੰਦ ਸਿੰਘ ਸੂਹਰੋ ਕੋਲੋਂ ਬਰਾਮਦ ਹੋਇਆ ਹੈ। ਐੱਸਐੱਸਪੀ ਨੇ ਦੱਸਿਆ ਕਿ ਅਮਰੀਕ ਸਿੰਘ ਦੀ ਪੁੱਛ ਪੜਤਾਲ 'ਤੇ ਗ੍ਰਿਫਤਾਰ ਕੀਤੇ ਫੌਜੀ ਮਨਪ੍ਰੀਤ ਸ਼ਰਮਾ ਦੇ ਕਬਜ਼ੇ ਵਿੱਚੋਂ ਫੌਜ ਨਾਲ ਸਬੰਧਤ ਕੁਝ ਡਾਟਾ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਸ਼ਮਿੰਦਰ ਅਤੇ ਇੰਸਪੈਕਟਰ ਅਮਨਪਾਲ ਵਿਰਕ ਨੇ ਇਹ ਬਰਾਮਦਗੀ ਐੱਸਪੀ (ਡੀ) ਹਰਬੀਰ ਅਟਵਾਲ, ਐੱਸਪੀ (ਅਪਰੇਸ਼ਨ) ਸੌਰਵ ਜਿੰਦਲ, ਡੀਐੱਸਪੀ (ਡੀ)ਸੁਖਅੰਮ੍ਰਿਤ ਰੰਧਾਵਾ ਅਤੇ ਦਲਜੀਤ ਵਿਰਕ ਦੀ ਅਗਵਾਈ ਹੇਠ ਕੀਤੀਆਂ ਹਨ।