ਪਟਿਆਲਾ: ਘਰ ’ਚ ਦਾਖਲ ਹੋ ਕੇ ਕੀਤੀ ਮਾਂ-ਪੁੱਤ ਦੀ ਹੱਤਿਆ
ਤਰੀ ਪ੍ਰਤੀਨਿਧ
ਪਟਿਆਲਾ, 26 ਜੁਲਾਈ
ਸਥਾਨਕ ਸ਼ਹਿਰ ਦੇ ਥਾਣਾ ਤ੍ਰਿਪੜੀ ਅਧੀਨ ਪੈਂਦੇ ਸ਼ਹੀਦ ਊਧਮ ਸਿੰਘ ਨਗਰ ਵਿੱਚ ਅੱਜ ਦਿਨ ਦਿਹਾੜੇ ਘਰ ਵਿੱਚ ਵੜ ਕੇ ਕਿਸੇ ਨੇ ਮਾਂ-ਪੁੱੱਤ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਜਸਬੀਰ ਕੌਰ (50) ਅਤੇ ਉਸ ਦੇ ਪੁੱਤਰ ਹਰਵਿੰਦਰ ਸਿੰਘ (26) ਵਜੋਂ ਹੋਈ ਹੈ। ਇਸ ਦੋਹਰੇ ਕਤਲ ਦਾ ਪਤਾ ਮ੍ਰਿਤਕਾ ਦੇ ਪਤੀ ਗੁਰਮੁਖ ਸਿੰਘ ਦੇ ਘਰ ਆਉਣ ’ਤੇ ਲੱਗਾ। ਉਹ ਈ-ਰਿਕਸ਼ਾ ਚਾਲਕ ਹੈ ਤੇ ਸ਼ਾਮੀ ਜਦੋਂ ਉਹ ਘਰ ਪਰਤਿਆ ਤਾਂ ਘਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਉਸ ਦਾ ਬੇਟਾ ਵੀ ਫੋਨ ਨਹੀਂ ਸੀ ਚੁੱਕ ਰਿਹਾ। ਇਸ ਤੋਂ ਬਾਅਦ ਉਸ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਫਰਸ਼ ’ਤੇ ਖੂਨ ਹੀ ਖੂਨ ਸੀ ਤੇ ਲਾਸ਼ਾਂ ਬਾਥਰੂਮ ’ਚ ਪਈਆਂ ਸਨ। ਇਤਲਾਹ ਮਿਲਣ ’ਤੇ ਘਟਨਾ ਸਥਾਨ ’ਤੇ ਪਹੁੰਚੇ ਐੱਸਪੀ ਸਰਫ਼ਰਾਜ ਆਲਮ, ਡੀਐੱਸਪੀ ਸਿਟੀ-1 ਜਸਵਿੰਦਰ ਸਿੰਘ ਟਿਵਾਣਾ ਤੇ ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਨੇ ਮੁੱਢਲੀ ਕਾਰਵਾਈ ਮਗਰੋਂ ਲਾਸ਼ਾਂ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ’ਚ ਪਹੁੰਚਾ ਦਿੱਤੀਆਂ ਹਨ। ਡੀਐੱਸਪੀ ਜਸਵਿੰਦਰ ਟਿਵਾਣਾ ਨੇ ਕਿਹਾ ਕਿ ਗੁਰਮੁਖ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਇੰਸਪੈਕਟਰ ਪਰਦੀਪ ਬਾਜਵਾ ਨੇ ਕਿਹਾ ਕਿ ਕਾਤਲਾਂ ਦਾ ਪਤਾ ਲਾਉਣ ਲਈ ਇਲਾਕੇ ’ਚ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ।