ਪਟਿਆਲਾ: ਪੇਚਿਸ਼ ਦੀ ਰੋਕਥਾਮ ਲਈ ਸਿਹਤ ਵਿਭਾਗ ਚੌਕਸ
ਪੱਤਰ ਪ੍ਰੇਰਕ
ਪਟਿਆਲਾ, 23 ਜੁਲਾਈ
ਪਟਿਆਲਾ ਜ਼ਿਲ੍ਹੇ ਵਿੱਚ ਪੇਚਿਸ਼ ਦਾ ਕਹਿਰ ਆਪਣੀ ਆਮਦ ਦੇ ਸੰਕੇਤ ਦੇ ਰਿਹਾ ਹੈ, ਕਿਉਂਕਿ ਕਈ ਥਾਵਾਂ ’ਤੇ ਲਏ ਗਏ ਪਾਣੀ ਦੇ ਸੈਂਪਲਾਂ ਵਿੱਚ ਗੜਬੜੀ ਪਾਈ ਗਈ ਹੈ। ਜਾਣਕਾਰੀ ਅਨੁਸਾਰ ਪਟਿਆਲਾ ’ਚ ਵੱਖ-ਵੱਖ ਥਾਵਾਂ ’ਤੇ ਪਾਣੀ ਦੇ ਸੈਂਪਲ ਲਏ ਗਏ ਤੇ ਪਾਣੀ ਨੂੰ ਸ਼ੁੱਧ ਕਰਨ ਲਈ ਦਵਾਈਆਂ ਵੀ ਦਿੱਤੀਆਂ ਗਈਆਂ।
ਪਟਿਆਲਾ ਦੇ ਸਿਵਲ ਸਰਜਨ ਡਾਕਟਰ ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੀ ਰਾਤ ਤੋਂ ਹੀ ਪਟਿਆਲਾ ਨਿਊ ਯਾਦਵਿੰਦਰਾ ਕਲੋਨੀ ਵਿੱਚ ਪੇਚਿਸ਼ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ। ਨਿਊ ਯਾਦਵਿੰਦਰਾ ਕਲੋਨੀ ਦੇ ਨਿਵਾਸੀ ਅਤੇ ਸਮਾਜ ਸੇਵੀ ਰੋਟੇਰੀਅਨ ਭਗਵਾਨ ਦਾਸ ਗੁਪਤਾ ਨੇ ਦੱਸਿਆ ਬੀਤੀ ਸ਼ਾਮ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਥਾਨਕ ਮੋਹਤਬਰ ਵਿਅਕਤੀਆਂ ਦੇ ਨਾਲ ਇਲਾਕੇ ਦਾ ਸਰਵੇ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਪਟਿਆਲਾ ਬਲਾਕ ਦੇ ਵੱਖ-ਵੱਖ ਪਿੰਡਾਂ ਵਜੀਦਪੁਰ, ਮਹਿਮਦਪੁਰ, ਸ਼ੇਖ਼ੂਪੁਰਾ, ਬਰਸਟ , ਖੇੜੀ ਮੁਸਲਮਾਨੀਆਂ, ਰਾਜਗੜ੍ਹ, ਚੂਹੜਪੁਰ ਕਲਾਂ, ਚੂਹੜਪੁਰ ਮਰਾਸੀਆਂ ਆਦਿ ਦੇ ਸਕੂਲ, ਆਂਗਣਵਾੜੀ ਸੈਂਟਰਾਂ ਵਿੱਚ ਜੇਈ ਅਮਿਤ ਕੁਮਾਰ, ਬੀਆਰਸੀ ਸਪਨਾ ਸੁਮਨ ਅਤੇ ਮਲਕੀਤ ਸਿੰਘ ਨੇ ਬੱਚਿਆਂ ਨੂੰ ਪੇਚਿਸ਼ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਪਾਣੀ ਦੇ ਸੈਂਪਲ ਵੀ ਭਰੇ ਗਏ ਹਨ। ਸਮਲਾ, ਕਿਸ਼ਨਗੜ੍ਹ, ਅਜਨੋਦਾ ਖੁਰਦ ਅਤੇ ਖੁਰਦ ਵਿੱਚ ਬੱਚਿਆਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਬੀਆਰਸੀ ਕੁਲਵਿੰਦਰ ਕੌਰ ਅਤੇ ਬੀਆਰਸੀ ਸੁਖਜੀਤ ਕੌਰ ਨੇ ਜਾਗਰੂਕ ਕੀਤਾ ਅਤੇ ਪਾਣੀ ਦੇ ਸੈਂਪਲ ਵੀ ਭਰੇ ਗਏ।