For the best experience, open
https://m.punjabitribuneonline.com
on your mobile browser.
Advertisement

ਪਟਿਆਲਾ: ਡਾ. ਗਾਂਧੀ ਦੇ ਪ੍ਰਚਾਰ ਤੋਂ ਦੂਰ ਰਹਿਣਗੇ ਟਕਸਾਲੀ ਕਾਂਗਰਸੀ

09:08 AM Apr 21, 2024 IST
ਪਟਿਆਲਾ  ਡਾ  ਗਾਂਧੀ ਦੇ ਪ੍ਰਚਾਰ ਤੋਂ ਦੂਰ ਰਹਿਣਗੇ ਟਕਸਾਲੀ ਕਾਂਗਰਸੀ
ਰਾਜਪੁਰਾ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ।
Advertisement

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 20 ਅਪਰੈਲ
ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇਣ ਖ਼ਿਲਾਫ਼ ਰਾਜਪੁਰਾ ਵਿੱਚ ਰੱਖੀ ਟਕਸਾਲੀ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਰੈਲੀ ਕੀਤੀ ਜਿਸ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦਾ ਸਾਥ ਦੇਣ ਦੀ ਅਪੀਲ ਕੀਤੀ। ਕਾਂਗਰਸੀ ਵਰਕਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਰਾਜਾ ਵੜਿੰਗ ਅੱਜ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਲਈ ਕੋਈ ਖ਼ੁਸ਼ਖ਼ਬਰੀ ਲੈ ਕੇ ਆਉਣਗੇ ਪਰ ਅਜਿਹਾ ਨਹੀਂ ਹੋਇਆ। ਵਰਕਰਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਚੋਣਾਂ ਦੌਰਾਨ ਉਹ ਆਪਣੀ ਵੋਟ ਤਾਂ ਕਾਂਗਰਸ ਪਾਰਟੀ ਨੂੰ ਪਾ ਦੇਣਗੇ ਪਰ ਡਾ. ਗਾਂਧੀ ਲਈ ਵੋਟਾਂ ਮੰਗਣ ਲਈ ਨਹੀਂ ਤੁਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਹਾਈਕਮਾਨ ਨੂੰ ਟਿਕਟ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਜਿੱਤੀ ਹੋਈ ਸੀਟ ਪਾਰਟੀ ਦੇ ਹੱਥੋਂ ਨਿਕਲ ਜਾਵੇਗੀ।
ਇਸ ਤੋਂ ਪਹਿਲਾਂ ਸਟੇਜ ਤੋਂ ਸੰਬੋਧਨ ਕਰਦਿਆਂ ਟਕਸਾਲੀ ਕਾਂਗਰਸੀ ਬਲਦੇਵ ਸਿੰਘ ਗੱਦੋਮਾਜਰਾ, ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਸਾਬਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਜਗਤਾਰ ਸਿੰਘ ਰਾਜਲਾ ਸਾਬਕਾ ਵਿਧਾਇਕ ਸਮਾਣਾ, ਪਟਿਆਲਾ ਦੇ ਹਲਕਾ ਇੰਚਾਰਜ ਵਿਸ਼ਣੂ ਸ਼ਰਮਾ, ਸੂਬਾ ਪ੍ਰਧਾਨ ਮਹਿਲਾ ਵਿੰਗ ਗੁਰਸ਼ਰਨ ਕੌਰ ਰੰਧਾਵਾ ਨੇ ਰਾਜਾ ਵੜਿੰਗ ਰਾਹੀਂ ਹਾਈਕਮਾਨ ਨੂੰ ਅਪੀਲ ਕੀਤੀ ਕਿ ਡਾ. ਗਾਂਧੀ ਨੂੰ ਦਿੱਤੀ ਟਿਕਟ ਉਪਰ ਮੁੜ ਗ਼ੌਰ ਕੀਤਾ ਜਾਵੇ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਉਮੀਦਵਾਰ ਬਣਾਇਆ ਜਾਵੇ। ਸ੍ਰੀ ਕੰਬੋਜ ਨੇ ਆਪਣੇ ਭਾਸ਼ਣ ਵਿੱਚ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਵਿਰੋਧੀ ਧਿਰ ਦੀ ਸਰਕਾਰ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਉਪਰ ਝੂਠਾ ਕੇਸ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਬਾਰੇ ਪਾਰਟੀ ਹਾਈਕਮਾਨ ਦਾ ਕਹਿਣਾ ਹੈ ਕਿ ਡਾ. ਗਾਂਧੀ ਇਮਾਨਦਾਰ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਉਹ (ਸਾਰੇ ਟਕਸਾਲੀ) ਬੇਈਮਾਨ ਹਨ? ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਉਨ੍ਹਾਂ ਦੀ ਇਮਾਨਦਾਰੀ ਅਤੇ ਮਿਹਨਤ ’ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਸਾਬਕਾ ਮੰਤਰੀ ਲਾਲ ਸਿੰਘ ਨੇ ਕਿਹਾ ਕਿ ਡਾ. ਗਾਂਧੀ ਨੂੰ ਟਿਕਟ ਦੇਣ ਦਾ ਉਨ੍ਹਾਂ ਨੂੰ ਰੋਸ ਹੈ ਅਤੇ ਰਹੇਗਾ ਪਰ ਉਹ ਪਾਰਟੀ ਤੋਂ ਬਾਹਰ ਨਹੀਂ ਹਨ ਅਤੇ ਪਾਰਟੀ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਣਗੇ। ਅਖੀਰ ਵਿੱਚ ਰਾਜਾ ਵੜਿੰਗ ਨੇ ਸਭਨਾਂ ਨੂੰ ਡਾ. ਗਾਂਧੀ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×