ਪਟਿਆਲਾ ਜ਼ਿਲ੍ਹਾ ਰਾਜ ਭਰ ’ਚੋਂ ਅੱਵਲ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਜੁਲਾਈ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ’ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ’ਚ ਪਟਿਆਲਾ ਜ਼ਿਲੇ ਦੇ ਵਿਦਿਆਰਥੀਆਂ ਨੇ ਗੀਤ ਗਾਇਨ ਮੁਕਾਬਲੇ ’ਚ ਰਾਜ ਭਰ ’ਚੋਂ ਸਭ ਤੋਂ ਵੱਡੀ ਗਿਣਤੀ ’ਚ ਹਿੱਸਾ ਲੈਣ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲੇ ਦਾ ਐਲੀਮੈਂਟਰੀ ਵਿੰਗ 2704 ਪ੍ਰਤੀਯੋਗੀਆਂ ਨਾਲ ਪੰਜਾਬ ਭਰ ’ਚੋਂ ਓਵਰਆਲ ਅੱਵਲ ਰਿਹਾ ਹੈ। ਸੰਯੁਕਤ ਰੂਪ ’ਚ ਵੀ ਪਟਿਆਲਾ ਜ਼ਿਲੇ ਦੇ ਸੈਕੰਡਰੀ ਤੇ ਐਲੀਮੈਂਟਰੀ ਵਿੰਗ ਦੇ 3929 ਵਿਦਿਆਰਥੀਆਂ ਨੇ ਪ੍ਰਤੀਯੋਗਤਾ ’ਚ ਹਿੱਸਾ ਲੈ ਕੇ, ਪੰਜਾਬ ਭਰ ’ਚੋਂ ਮੋਹਰੀ ਰਹਿਣ ਦਾ ਮਾਣ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ ਦੀ ਪਹਿਲੀ ਪ੍ਰਤੀਯੋਗਤਾ ਸ਼ਬਦ ਗਾਇਨ ’ਚ ਵੀ ਪਟਿਆਲਾ ਜ਼ਿਲਾ ਅੱਵਲ ਰਿਹਾ ਸੀ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ’ਚ ਹਿੱਸਾ ਲਿਆ। ਪ੍ਰਾਇਮਰੀ ਵਿੰਗ ਦਾ ਸਮਾਣਾ-1 ਬਲਾਕ ਰਾਜ ਭਰ ’ਚੋਂ ਦੂਸਰੇ ਸਥਾਨ ’ਤੇ ਰਿਹਾ। ਸੈਕੰਡਰੀ ਵਿੰਗ ’ਚ 551 ਅਤੇ ਮਿਡਲ ’ਚ 674 ਪ੍ਰਤੀਯੋਗੀਆਂ ਨੇ ਜ਼ਿਲੇ ਭਰ ’ਚੋਂ ਹਿੱਸਾ ਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਤੇ ਸਿਖਲਾਈ ਪਰਿਸ਼ਦ ਵੱਲੋਂ ਕਰਵਾਏ ਗਏ ਜਾ ਰਹੇ ਇਨ੍ਹਾਂ ਮੁਕਾਬਲਿਆਂ ’ਚ ਪ੍ਰਾਇਮਰੀ ਵਿੰਗ ਦੇ ਵੱਖ-ਵੱਖ ਬਲਾਕਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।