ਪਟਿਆਲਾ ਹਲਕੇ ਨੂੰ ਲੋਕਾਂ ਦੀ ਬਾਂਹ ਫੜਨ ਵਾਲੇ ਆਗੂ ਦੀ ਭਾਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਪਰੈਲ
ਇਕ ਸਮੇਂ ਰਿਆਸਤ ਅਤੇ ਪੈਪਸੂ ਦੀ ਰਾਜਧਾਨੀ ਰਿਹਾ ਪਟਿਆਲਾ ਰਾਜਨੀਤੀ ਦਾ ਗੜ੍ਹ ਵੀ ਰਿਹਾ ਹੈ। ਇਥੋਂ ਦੇ ਵਾਸੀਆਂ ਨੇ ਪੰਜਾਬ ਦੀ ਅਗਵਾਈ ਵੀ ਕੀਤੀ ਹੈ। ਹੁਣ ਇਹ ਹਲਕਾ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਜੁੜੇ ਅਜਿਹੇ ਕੱਦਾਵਰ ਨੇਤਾ ਤੋਂ ਸੱਖਣਾ ਹੈ ਜੋ ਅੱਗੇ ਹੋ ਕੇ ਉਨ੍ਹਾਂ ਦੀ ਬਾਂਹ ਫੜੇ। ਹੁਣ ਪਹਿਲਾਂ ਵਾਂਗ ਲੋਕਾਂ ’ਚ ਪਾਰਟੀਆਂ ਪ੍ਰਤੀ ਮੋਹ ਨਹੀਂ ਰਿਹਾ।
ਭਾਵੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਆਪਣੇ ਸ਼ਾਹਾਨਾ ਅੰਦਾਜ਼ ਵਾਲੇ ਜੀਵਨ ਕਾਰਨ ਉਨ੍ਹਾਂ ਕੋਲ ਸਮੇਂ ਦੀ ਏਨੀ ਘਾਟ ਹੈ ਕਿ ਆਮ ਲੋਕ ਤਾਂ ਕੀ ਵੱਡੇ-ਵੱਡੇ ਆਗੂ ਵੀ ਉਨ੍ਹਾਂ ਨੂੰ ਮਿਲਣ ਲਈ ਲੇਲ੍ਹੜੀਆਂ ਕੱਢਦੇ ਵੇਖੇ ਜਾਂਦੇ ਹਨ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਚਾਰ ਵਾਰ ਐੱਮਪੀ ਅਤੇ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਇਹ ਸ਼ਾਹੀ ਜੋੜਾ ਲੋਕਾਂ ਦੇ ਦਰਾਂ ’ਤੇ ਦਸਤਕ ਦੇਣ ਅਤੇ ਔਖੇ ਵੇਲੇ ਉਨ੍ਹਾਂ ਦੀ ਬਾਂਹ ਫੜਨ ਵਾਲੇ ਨੇਤਾਵਾ ਵਜੋਂ ਨਹੀਂ ਉਭਰ ਸਕਿਆ।
ਜ਼ਿਲ੍ਹੇ ਦੇ ਪਿੰਡ ਟੌਹੜਾ ’ਚ ਜੰਮੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਿਥੇ ਢਾਈ ਦਹਾਕਿਆਂ ਤੋਂ ਵੀ ਵੱਧ ਸਮਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ’ਤੇ ਕਾਬਜ਼ ਰਹੇ, ਉਥੇ ਹੀ ਉਹ ਐੱਮਪੀ ਅਤੇ ਰਾਜ ਸਭਾ ਮੈਂਬਰ ਵੀ ਰਹੇ। ਅਕਾਲੀ ਸਫਾਂ ’ਚ ਉਹ ਬਹੁਤ ਸਾਲਾਂ ਤੱਕ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਵੱਡੇ ਨੇਤਾ ਵਜੋਂ ਵਿਚਰੇ। ਉਹ ਲੋਕਾਂ ਦੇ ਦੁੱਖ ਸੁਖ ਦੇ ਇਸ ਕਦਰ ਸਾਂਝੀ ਸਨ ਕਿ ਲੋਕਾਂ ਦੇ ਚੁੱਲ੍ਹਿਆਂ ਤੱਕ ਵੀ ਦਸਤਕ ਦਿੰਦੇ ਸਨ। ਹੁਣ ਅਜਿਹੇ ਨੇਤਾਵਾਂ ਦਾ ਦੌਰ ਖ਼ਤਮ ਹੁੰਦਾ ਜਾ ਰਿਹਾ ਹੈ ਤੇ ਅਜਿਹਾ ਕੋਈ ਆਗੂ ਇਸ ਖੇਤਰ ਵਿੱਚ ਹੁਣ ਨਜ਼ਰੀਂ ਨਹੀਂ ਆ ਰਿਹਾ।
ਟੌਹੜਾ ਅਜਿਹੇ ਨੇਤਾ ਸਨ, ਜਿਨ੍ਹਾਂ ਦੇ ਪਿੰਡ ਟੌਹੜਾ ਵਿੱਚ ਸਥਿਤ ਘਰ ਦੇ ਬਾਹਰ ਤੜਕੇ ਤਿੰਨ ਵਜੇ ਤੋਂ ਹੀ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਨ। ਟੌਹੜਾ ਵਾਂਗ ਮਰਹੂਮ ਕੈਪਟਨ ਕੰਵਲਜੀਤ ਸਿੰਘ ਵੀ ਖੁਦ ਵਰਕਰਾਂ ਦੇ ਦਰਾਂ ’ਤੇ ਦਸਤਕ ਦੇਣ ਵਾਲੇ ਆਗੂ ਸਨ। ਪ੍ਰੇਮ ਸਿੰਘ ਚੰਦੂਮਾਜਰਾ ਵੀ ਕੁਝ ਹੱਦ ਤੱਕ ਆਪਣੇ ਵਰਕਰਾਂ ਦੀ ਪਿੱਠ ’ਤੇ ਖੜ੍ਹਨ ਵਾਲ਼ੇ ਨੇਤਾ ਹਨ, ਪਰ ਇਹ ਵਰਤਾਰਾ ਸਿਰਫ਼ ਪਾਰਟੀ ਪੱਧਰ ਤੱਕ ਹੀ ਸੀਮਤ ਹੈ। ਉਂਜ ਵੀ ਉਨ੍ਹਾਂ ਨੇ ਹੁਣ ਹੋਰ ਹਲਕਾ ਸੰਭਾਲ ਲਿਆ ਹੈ।
ਟਕਸਾਲੀ ਕਾਂਗਰਸੀ ਨੇਤਾ ਲਾਲ ਸਿੰਘ ਵੀ ਕੁਝ ਹੱਦ ਤੱਕ ਲੋਕਾਂ ਦੇ ਆਗੂ ਵਜੋਂ ਵਿਚਰੇ ਹਨ। ਉਹ ਇੱਕੋ ਹਲਕੇ ਤੋਂ ਛੇ ਵਾਰ ਵਿਧਾਇਕ ਬਣ ਕੇ ਦੋ ਵਾਰੀਆਂ ’ਚ ਦਰਜਨ ਭਰ ਵਿਭਾਗਾਂ ਦੇ ਮੰਤਰੀ ਵੀ ਰਹੇ ਹਨ ਪਰ ਉਮਰ ਦੇ ਲਿਹਾਜ਼ ਨਾਲ ਹੁਣ ਉਨ੍ਹਾਂ ਦੀਆਂ ਉਹ ਸਰਗਰਮੀਆਂ ਨਹੀਂ ਰਹੀਆਂ। ਅਕਾਲੀ ਨੇਤਾ ਸੁਰਜੀਤ ਸਿੰਘ ਰੱਖੜਾ ਭਾਵੇਂ ਮੰਤਰੀ ਵੀ ਰਹੇ ਹਨ, ਮਾਇਆਧਾਰੀ ਵੀ ਹਨ। ਪਿਤਾ ਵਾਂਗ ਉਨ੍ਹਾਂ ਦੇ ਜ਼ਿਹਨ ’ਚ ਸਮਾਜ ਸੇਵਾ ਦੀ ਭਾਵਨਾ ਵੀ ਹੈ। ਉਹ ਮੁੱਖ ਤੌਰ ’ਤੇ ਆਪਣੇ ਹਲਕੇ ਸਮਾਣਾ ਤੱਕ ਹੀ ਸੀਮਤ ਹੋ ਕੇ ਰਹਿ ਗਏ।
ਸਿਹਤ ਮੰਤਰੀ ਹੋਣ ਸਦਕਾ ਉਭਰ ਕੇ ਆਏ ਤੇ ‘ਆਪ’ ਵੱਲੋਂ ਲੋਕ ਸਭਾ ਲਈ ਉਮੀਦਵਾਰ ਬਣਾਏ ਗਏ ਡਾ. ਬਲਬੀਰ ਸਿੰਘ ਭਾਵੇਂ ਸਮਾਜ ਸੇਵਾ ਦੇ ਖੇਤਰ ਵਿੱਚੋਂ ਆਏ ਹਨ ਪਰ ਬਾਵਜੂਦ ਇਸ ਦੇ ਲੋਕਾਂ ’ਚ ਰੁੱਖੇ਼ ਸੁਭਾਅ ਵਾਲ਼ੇ ਨੇਤਾ ਵਜੋਂ ਸ਼ਾਖ ਬਣਾ ਚੁੱਕੇ ਹਨ। ਪਟਿਆਲਾ ਸ਼ਹਿਰੀ ਹਲਕੇ ਤੋਂ ‘ਆਪ’ ਦੇ ਵਿਧਾਇਕ ਅਜੀਤਪਾਲ ਕੋਹਲੀ ਵੀ ਭਾਵੇਂ ਨਿੱਘੇ ਸੁਭਾਅ ਵਾਲੇ ਤੇ ਮਿੱਠ ਬੋਲੜੇ ਹਨ ਪਰ ਲੋਕਾਂ ਦੀ ਮੰਨੀਏ ਤਾਂ ਉਹ ਵੀ ਮੰਤਰੀ ਰਹਿ ਚੁੱਕੇ ਆਪਣੇ ਦਾਦਾ ਮਰਹੂਮ ਸਰਦਾਰਾ ਸਿੰਘ ਕੋਹਲੀ ਅਤੇ ਸੁਰਜੀਤ ਸਿੰਘ ਕੋਹਲੀ ਵਾਂਗ ਲੋਕ ਮਨਾਂ ’ਚ ਨਹੀਂ ਉਤਰ ਸਕੇ। ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਦੋ ਉਮੀਦਵਾਰ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ ਮੈਦਾਨ ’ਚ ਆ ਚੁੱਕੇ ਹਨ। ਕਾਂਗਰਸ ਤੋਂ ਧਰਮਵੀਰ ਗਾਂਧੀ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਐੱਨਕੇ ਸ਼ਰਮਾ ਦੀ ਸੰਭਾਵਨਾ ਹੈ ਪਰ ਇਨ੍ਹਾਂ ਚਾਰਾਂ ਵਿੱਚੋਂ ਲੋਕਾਂ ਨੂੰ ਕਿਸੇ ਵਿੱਚੋਂ ਵੀ ਟੌਹੜਾ ਵਰਗੀ ਸ਼ਖ਼ਸੀਅਤ ਨਜ਼ਰ ਨਹੀਂ ਆਉਂਦੀ।