For the best experience, open
https://m.punjabitribuneonline.com
on your mobile browser.
Advertisement

ਹੁਣ ਨਹੀਂ ਰਿਹਾ ‘ਪਟਿਆਲਾ ਸ਼ਹਿਰ ਨਗੀਨਾ’

09:54 AM Apr 13, 2024 IST
ਹੁਣ ਨਹੀਂ ਰਿਹਾ ‘ਪਟਿਆਲਾ ਸ਼ਹਿਰ ਨਗੀਨਾ’
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਪਰੈਲ
‘ਪਟਿਆਲਾ ਸ਼ਹਿਰ ਨਗੀਨਾ, ਆਓਣ ਪ੍ਰਾਹੁਣੇ ਇੱਕ ਦਿਨ ਲਈ ਰਹਿਣ ਸਵਾ ਮਹੀਨਾ’। ਇਹ ਕਹਾਵਤ ਪਟਿਆਲਾ ਦੀ ਖੂਬਸੂਰਤੀ ਅਤੇ ਮਹਿਮਾਨਨਿਵਾਜ਼ੀ ਸਮੇਤ ਕਈ ਹੋਰ ਉਸਰੂ ਪੱਖਾਂ ਨਾਲ ਜੁੜੀ ਹੋਈ ਹੈ ਪਰ ਹੁਣ ਉਲਟਾ ਕੰਮ ਹੋ ਗਿਆ ਹੈ। ਸਰਕਾਰੀ ਬੇਰੁਖੀ ਦਾ ਸ਼ਿਾਕਰ ਹੋਣ ਕਰਕੇ ਇਹ ਸ਼ਹਿਰ ਹੁਣ ਆਪਣੀ ਅਜਿਹੀ ਵਿਰਾਸਤ ਨੂੰ ਖੋ ਚੁੱਕਾ ਹੈ ਤੇ ਇੱਥੋਂ ਦੇ ਲੋਕ ਅਨੇਕਾਂ ਮੁਸ਼ਕਲਾਂ ਨਾਲ਼ ਦੋ ਚਾਰ ਹੋ ਰਹੇ ਹਨ। ਇਸ ਕਰਕੇ ਹੁਣ ਮਹਿਮਾਨ ਵੀ ਇੱਥੇ ਰਹਿਣਾ ਪਸੰਦ ਨਹੀਂ ਕਰਦੇ। ਇੱਥੇ ਤਾਂ ਚੋਣਾ ਦੌਰਾਨ ਵੀ ਕਈ ਸਮੱਸਿਆਵਾਂ ਜਿਉਂ ਦੀਆਂ ਤਿਉਂ ਫਣ ਚੁੱਕੀਂ ਖੜ੍ਹੀਆਂ ਹਨ। ਦੂਜੇ ਬੰਨੇ ਚੋਣ ਪਿੜ ’ਚ ਉਤਰ ਚੁੱਕੇ ਤੇ ਉਤਰਨ ਲਈ ਤਿਆਰ ਰਾਜਸੀ ਆਗੂ ਇਸ ਸਬੰਧੀ ਜ਼ਿੰਮੇਵਾਰੀ ਇੱਕ-ਦੂਜੇ ’ਤੇ ਸੁੱਟ ਰਹੇ ਹਨ।
ਇਸ ਵਕਤ ਸ਼ਹਿਰ ਵਿੱਚ ਟਰੈਫਿਕ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਵਾਹਨਾਂ ਦੀ ਗਿਣਤੀ ਵਧ ਗਈ ਹੈ। ਰਾਜਿੰਦਰਾ ਹਸਪਤਾਲ ਦੇ ਇਰਦ-ਗਿਰਦ ਕਈ ਪ੍ਰਾਈਵੇਟ ਹਸਪਤਾਲ ਅਤੇ ਅਲਟਰਾਂਸਾਊਂਡ ਸੈਂਟਰ ਆਦਿ ਹੋਣ ਕਰਕੇ ਇੱਥੇ ਆਉਂਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਕਾਰਾਂ ਤੇ ਜੀਪਾਂ ਆਦਿ ਲਈ ਇਨ੍ਹਾਂ ਹਸਪਤਾਲਾਂ ਦੇ ਪ੍ਰ੍ਰਬੰਧਕਾਂ ਵੱਲੋਂ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਪਾਰਕਿੰਗ ਦੇ ਪੱਖ ਤੋਂ ਸ਼ਹਿਰ ਵਿਚਲੇ ਤਕਰੀਬਨ ਸਾਰੇ ਹੀ ਹਸਪਤਾਲਾਂ ਦਾ ਇਹੀ ਹੀ ਹਾਲ ਹੈ। ਬਰਸਾਤੀ ਪਾਣੀ ਦੀ ਢੁਕਵੀਂ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਅਨੇਕਾਂ ਘਰਾਂ ’ਚ ਪਾਣੀ ਵੀ ਵਧ ਜਾਂਦਾ ਹੈ। ਸਰਕਾਰ ਨੇ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਲੋਕਾਂ ਦੀ ਸਹੂਲਤ ਲਈ ਹੀ ਕੱਢਿਆ ਹੈ ਪਰ ਅਰਬਨ ਅਸਟੇਟ ਚੌਕ ’ਤੇ ਸਥਾਪਤ ਕੀਤੇ ਗਏ ਨਵੇਂ ਬੱਸ ਅੱਡੇ ਕੋਲ ਸਭ ਤੋਂ ਵੱਡੀ ਸਮੱਸਿਆ ਟਰੈਫਿਕ ਦੀ ਹੀ ਹੈ।
ਬੱਸ ਅੱਡੇ ਵਾਂਗ ਹੀ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਪੀਣ ਵਾਲ਼ੇ ਪਾਣੀ ਦੀ ਸੁਵਿਧਾ ਪ੍ਰਦਾਨ ਕਰਨ ਲਈ ਕਈ ਕਰੋੜ ਰੁਪਏ ’ਤੇ ਆਧਾਰਤ ਪੀਣ ਵਾਲ਼ੇ ਨਹਿਰੀ ਪਾਣੀ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਲਈ ਸਮੁੱਚੇ ਸ਼ਹਿਰ ’ਚ ਹੀ ਅੰਡਰ ਗਰਾਊਂਡ ਪਾਈਪ ਲਾਈਨ ਪਾਉਣੀ ਪਈ ਹੈ। ਇਹ ਬੜਾ ਢੁਕਵਾਂ ਫੈਸਲਾ ਹੈ, ਪਰ ਆਲਮ ਇਹ ਹੈ ਕਿ ਇਹ ਪਾਈਪਾਂ ਵਿਛਾਉਣ ਮੌਕੇ ਪੁੱਟੀਆਂ ਗਈਆਂ ਸੜਕਾਂ ਕਈ ਥਾਈਂ ਤਾਂ ਦੋ ਦੋ ਸਾਲ ਬਾਅਦ ਵੀ ਠੀਕ ਨਹੀਂ ਕੀਤੀਆਂ ਗਈ।
ਸਾਬਕਾ ਮੱੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਨੇੜੇ ਸਥਿਤ ਵਾਈਪੀਐੱਸ ਚੌਕ ’ਤੇ ਪ੍ਰਸ਼ਾਸਨ ਝਰੀਟ ਤੱਕ ਵੀ ਨਹੀਂ ਸੀ ਪੈਣ ਦਿੰਦਾ, ਪਰ ਇਸ ਚੌਕ ਸਮੇਤ ਇਸ ਖੇਤਰ ਦੀ ਸੜਕ ਪਾਈਪ ਲਾਈਨ ਪਾਉਣ ਕਰਕੇ ਪੁੱਟੀ ਨੂੰ ਦੋ ਸਾਲ ਹੋ ਗਏ ਹਨ, ਪਰ ਮੁਰੰਮਤ ਨਹੀਂ ਕੀਤੀ ਗਈ। ਹਾਲਾਂਕਿ ਇਹ ਸ਼ਹਿਰ ਦਾ ਪੋਸ਼ ਏਰੀਆ ਹੈ, ਫੇਰ ਵੀ ਬੁਰਾ ਹਾਲ ਹੈ। ਇਸੇ ਤਰ੍ਹਾਂ ਪਾਰਕਾਂ ਵਿੱਚ ਵੱਡੇ-ਵੱਡੇ ਟੋਏ, ਸਫਾਈ ਦੀ ਘਾਟ, ਸੀਵਰੇਜ ਦੀ ਲੀਕਿੰਗ, ਪਾਣੀ ਦੀ ਨਿਕਾਸੀ ਦੇ ਅਤਿ ਮਾੜੇ ਪ੍ਰਬੰਧ ਆਦਿ ਸਮੇਤ ਪੀਣ ਵਾਲੇ ਪਾਣੀ ਦੀ ਘਾਟ, ਨਾਜਾਇਜ਼ ਕਬਜ਼ਿਆਂ ਸਮੇਤ ਹੋਰ ਮੁਸ਼ਕਲਾਂ ਤੇ ਮੱਦਾਂ ਜਿਥੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਬਰਾਬਰ ਹਨ, ਉਥੇ ਹੀ ਲੋਕਾਂ ਦਾ ਜਿਊਣਾ ਵੀ ਮੁਹਾਲ ਕੀਤਾ ਹੋਇਆ ਹੈ। ਪਿੰਡਾਂ ਦੀ ਹਾਲਤ ਹੋਰ ਵੀ ਤਰਸਯੋਗ ਹੈ। ਟੁੱਟੀਆਂ ਸੜਕਾਂ, ਸਕੂਲਾਂ, ਡਿਸਪੈਂਸਰੀਆਂ ਤੇ ਹੋਰ ਥਾਵਾਂ ’ਤੇ ਸਟਾਫ ਸਮੇਤ ਅਨੇਕਾਂ ਹੋਰ ਵੀ ਘਾਟਾਂ ਹਨ। ਫੋਕਲ ਪੁਆਇੰਟ, ਅਨਾਜ ਮੰਡੀਆਂ ਤੇ ਸਬਜ਼ੀ ਮੰਡੀਆਂ ਦੀ ਹਾਲਤ ਵੀ ਖਸਤਾ ਹੈ।
ਉਧਰ ਇੱਥੋਂ ਚਾਰ ਵਾਰ ਐਮ.ਪੀ ਰਹਿ ਚੁੱਕੇ ਅਤੇ ਹੁਣ ਭਾਜਪਾ ਵੱਲੋਂ ਮੁੜ ਚੋਣ ਪਿੜ ’ਚ ਉੱਤਰ ਚੁੱਕੇ ਪਰਨੀਤ ਕੌਰ ਨੇ ਇਸ ਸਬੰਧੀ ‘ਆਪ’ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਤਰਕ ਹੈ ਕਿ ਉਨ੍ਹਾਂ ਦੀ ਰਿਹਾਇਸ਼ ਵਾਲ਼ੇ ਖੇਤਰ ’ਚ ਟੁੱਟੀਆਂ ਸੜਕਾਂ ਅਤੇ ਹੋਰ ਕਾਰਜਾਂ ਦੀ ਪੂਰਤੀ ਸਰਕਾਰ ਵੱਲੋਂ ਰਾਜਸੀ ਕਿੜਾਂ ਕੱਢਣ ਲਈ ਨਹੀਂ ਕੀਤੀ ਜਾ ਰਹੀ ਪਰ ਇਸ ਨਾਲ ਜਿਆਦਾ ਮੁਸ਼ਕਲਾਂ ਤਾਂ ਆਮ ਲੋਕਾਂ ਨੂੰ ਦਰਪੇਸ਼ ਹਨ। ਇਸ ਕਰਕੇ ਸਰਕਾਰ ਨੂੰ ਇਸ ਕਦਰ ਹੋਛੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇੱਥੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਅਤੇ ਸਾਬਕਾ ਐਮ.ਪੀ ਡਾ. ਧਰਮਵੀਰ ਗਾਂਧੀ ਦਾ ਵੀ ਇਹੀ ਕਹਿਣਾ ਹੈ ਕਿ ‘ਆਪ’ ਸਰਕਾਰ ਵੀ ਇਲਾਕੇ ਦੇਖ ਕੇ ਕੰਮ ਕਰਵਾਉਂਦੀ ਹੈ। ਤਰਕ ਸੀ ਕਿ ਉਨ੍ਹਾਂ ਦੀ ਰਿਹਾਇਸ਼ ਵਾਲ਼ੇ ਖੇਤਰਾਂ ਵਾਈਪੀਐੱਸ ਚੌਕ, ਅਫਸਰ ਕਲੋਨੀ ਅਤੇ ਹੋਰ ਕਈ ਇਲਾਕਿਆਂ ’ਚ ਪਾਣੀ ਦੀ ਸਪਲਾਈ ਲਈ ਪੁੱਟੀਆਂ ਗਈਆਂ ਸੜਕਾਂ ਦੋ ਦੋ ਸਾਲ ਤੋਂ ਦੁਬਾਰਾ ਨਹੀਂ ਸੰਵਾਰੀਆਂ ਗਈਆਂ।
ਪਟਿਆਲਾ ਸੀਟ ਤੋਂ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਐੱਨ.ਕੇ ਸ਼ਰਮਾ ਦਾ ਕਹਿਣਾ ਸੀ ਕਿ ਪਟਿਆਲਾ ਦੇ ਵਿਧਾਇਕ ਵਜੋਂ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹਿਣ ਅਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਦੇ ਚਾਰ ਵਾਰ ਐਮ.ਪੀ ਅਤੇ ਇੱਕ ਵਾਰ ਕੇਂਦਰੀ ਮੰਤਰੀ ਰਹਿਣ ਦੇ ਬਾਵਜੂਦ ਉਹ ਪਟਿਆਲਾ ਦਾ ਉਸ ਕਦਰ ਵਿਕਾਸ ਅਤੇ ਸੁਧਾਰ ਨਹੀਂ ਕਰਵਾ ਸਕੇ, ਜੋ ਕਰਵਾਇਆ ਜਾਣਾ ਚਾਹੀਦਾ ਸੀ।
‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਸਿਹਤ ਮੰਤਰੀ ਦਾ ਵੀ ਇਹੋ ਕਹਿਣਾ ਸੀ ਜਿਹੜਾ ਪਰਿਵਾਰ ਦੋ ਵਾਰ ਮੁੱਖ ਮੰਤਰੀ ਦਾ ਅਹੁਦਾ ਮਾਣ ਕੇ ਵੀ ਇਸ ਸ਼ਹਿਰ ਦਾ ਸੁਧਾਰ ਨਹੀਂ ਕਰ ਸਕਿਆ, ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਇਨ੍ਹਾਂ ਵੱਲੋਂ ਸ਼ਹਿਰ ਦੇ ਸੁਧਾਰ ਵੱਲ ਤਵੱਜੋਂ ਨਾ ਦੇਣ ਦਾ ਹੀ ਸਿੱਟਾ ਹੈ ਕਿ ‘ਆਪ’ ਸਰਕਾਰ ਕੋਲ਼ ਅੱਜ ਅਧੂਰੇ ਪਏ ਕਾਰਜਾਂ ਦੀਆਂ ਲੰਬੀਆਂ ਸੂਚੀਆਂ ਹਨ।

Advertisement

Advertisement
Author Image

joginder kumar

View all posts

Advertisement
Advertisement
×