ਪਟਿਆਲਾ: ਗਮ ਵਿੱਚ ਬਦਲੀ ਜਨਮਦਿਨ ਦੀ ਖੁਸ਼ੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਮਾਰਚ
ਇਸ ਸ਼ਹਿਰ ਦੇ ਇੱਕ ਪਰਿਵਾਰ ਵੱਲੋਂ ਲੜਕੀ ਦੇ ਜਨਮ ਦਿਨ ਦੀ ਮਨਾਈ ਗਈ ਖੁਸ਼ੀ, ਉਦੋਂ ਗਮੀ ’ਚ ਬਦਲ ਗਈ, ਜਦੋਂ ਜਨਮ ਦਿਨ ਵਾਲ਼ੀ ਲੜਕੀ ਦੀ ਅਗਲੀ ਸਵੇਰ ਮੌਤ ਹੋ ਗਈ। ਉਧਰ ਇਸ ਸਬੰਧੀ ਸਥਾਨਕ ਪੁਲੀਸ ਵੱਲੋਂ ਉਸ ਦੁਕਾਨਦਾਰ ਖਿਲਾਫ਼ ਕੇਸ ਵੀ ਦਰਜ ਕੀਤਾ ਹੈ, ਜਿਸ ਦੀ ਦੁਕਾਨ ਤੋਂ ਕੇਕ ਲਿਆਂਦਾ ਗਿਆ ਸੀ। ਅਨਾਜ ਮੰਡੀ ਪਟਿਆਲਾ ਦੀ ਪੁਲੀਸ ਵੱਲੋਂ ਇਹ ਕੇਸ ਭਾਰਤੀ ਦੰਡਾਵਲੀ ਦੀ ਧਾਰਾ 273 ਅਤੇ 304-ਏ ਤਹਿਤ ਦਰਜ ਕੀਤਾ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਥਾਣਾ ਅਨਾਜ ਮੰਡੀ ਪਟਿਆਲਾ ਦੇ ਅਧੀਨ ਪੈਂਦੇ ਅਮਨ ਨਗਰ ਵਿੱਚ ਮਾਨਵੀ ਨਾਮ ਦੀ ਲੜਕੀ ਦਾ ਸਾਰੇ ਪਰਿਵਾਰ ਨੇ ਰਲ਼ ਕੇ ਜਨਮ ਦਿਨ ਮਨਾਇਆ ਸੀ ਪਰ ਕੁਝ ਦੇਰ ਬਾਅਦ ਪਰਿਵਾਰ ਦੇ ਮੈਂਬਰ ਬਿਮਾਰ ਪੈ ਗਏ। ਇਨ੍ਹਾਂ ਵਿੱਚੋਂ ਮਾਨਵੀ ਦੀ ਤਾਂ ਅਗਲੀ ਸਵੇਰ ਮੌਤ ਹੀ ਹੋ ਗਈ। ਸਮਝਿਆ ਜਾ ਰਿਹਾ ਹੈ ਕਿ ਅਜਿਹੀ ਸਥਿਤੀ ਕੇਕ ਖਾਣ ਨਾਲ ਹੋਈ ਹੈ ਜਿਸ ਦੇ ਚੱਲਦਿਆਂ ਕਾਜਲ ਵਾਸੀ ਅਮਨ ਨਗਰ ਪਟਿਆਲਾ ਵੱਲੋਂ ਪੁਲੀਸ ਕੋਲ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਦੀ ਲੜਕੀ ਮਾਨਵੀ ਦਾ ਜਨਮ ਦਿਨ ਸੀ। ਇਸ ਸਬੰਧੀ ਉਨ੍ਹਾਂ ਨੇ ਸ਼ਹਿਰ ਵਿਚਲੀ ਹੀ ਇੱਕ ਦੁਕਾਨ ਤੋਂ ਕੇਕ ਮੰਗਵਾਇਆ ਸੀ। ਸ਼ਾਮ ਨੂੰ ਕੇਕ ਕੱਟਿਆ, ਪਰ ਕੇਕ ਖਾਣ ਉਪਰੰਤ ਪਰਿਵਾਰਕ ਮੈਂਬਰਾਂ ਦੀ ਤਬੀਅਤ ਖਰਾਬ ਹੋ ਗਈ। ਮਾਨਵੀ ਨੂੰ ਉਲਟੀਆਂ ਲੱਗ ਗਈਆਂ। ਉੱਲਟੀਆਂ ਤੋਂ ਬਾਅਦ ਉਹ ਸੌਂ ਗਈ, ਪਰ ਅਗਲੀ ਸਵੇਰ ਚਾਰ ਵਜੇ ਜਦੋਂ ਉਨ੍ਹਾਂ ਆਪਣੀ ਲੜਕੀ ਨੂੰ ਦੇਖਿਆ ਤਾਂ ਉਸ ਦਾ ਸਰੀਰ ਠੰਢਾ ਪੈ ਚੁੱਕਾ ਸੀ। ਉਹ ਉਸ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਰਿਵਾਰ ਨੇ ਕਥਿਤ ਦੋਸ਼ ਲਗਾਇਆ ਹੈ ਕਿ ਮਾਨਵੀ ਦੀ ਮੌਤ ਕੇਕ ਖਾਣ ਕਾਰਨ ਹੋਈ ਹੈ।