For the best experience, open
https://m.punjabitribuneonline.com
on your mobile browser.
Advertisement

ਭਰਵੇਂ ਮੀਂਹ ਨਾਲ ਪਟਿਆਲਾ ਤੇ ਸੰਗਰੂਰ ਜਲ-ਥਲ

07:31 AM Aug 12, 2024 IST
ਭਰਵੇਂ ਮੀਂਹ ਨਾਲ ਪਟਿਆਲਾ ਤੇ ਸੰਗਰੂਰ ਜਲ ਥਲ
ਪਟਿਆਲਾ ਵਿੱਚ ਮੀਂਹ ਦੌਰਾਨ ਸੜਕ ’ਤੇ ਭਰੇ ਪਾਣੀ ’ਚੋਂ ਲੰਘਦੇ ਹੋਏ ਰਾਹਗੀਰ। -ਫੋਟੋ: ਸੱਚਰ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਅਗਸਤ
ਜ਼ਿਲ੍ਹਾ ਪਟਿਆਲਾ ਵਿੱਚ ਅੱਜ ਭਾਰੀ ਮੀਂਹ ਨਾਲ ਸ਼ਹਿਰੀ ਤੇ ਪੇਂਡੂ ਖੇਤਰ ਜਲ-ਥਲ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸ਼ਾਹੀ ਸ਼ਹਿਰ ਦੀਆਂ ਸੜਕਾਂ ਨੇ ਨਦੀਆਂ ਦਾ ਰੂਪ ਧਾਰ ਲਿਆ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਪਟਿਆਲਾ ਵਿੱਚ 15.2 ਐੱਮਐੱਮ ਮੀਂਹ ਪਿਆ। ਦੂਜੇ ਪਾਸੇ ਮੀਂਹ ਨਾਲ ਪਟਿਆਲਾ ਸ਼ਹਿਰ ਵਿਚ ਨਗਰ ਨਿਗਮ ਦੇ ਸੀਵਰੇਜ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਇੱਥੇ ਅਨਾਰਦਾਨਾ ਚੌਕ, ਕੜਾਹ ਵਾਲਾ ਚੌਕ, ਸਮਾਣੀਆਂ ਗੇਟ, ਟੀਵੀ ਹਸਪਤਾਲ, ਅਨਾਰਦਾਨਾ ਚੌਕ, ਕਿਤਾਬਾਂ ਵਾਲਾ ਬਾਜ਼ਾਰ, ਕਿਲ੍ਹਾ ਚੌਕ, ਮੋਚੀਆਂ ਬਾਜ਼ਾਰ, ਤ੍ਰਿਪੜੀ, ਮਾਡਲ ਟਾਊਨ, ਬਡੂੰਗਰ, ਜੈ ਜਵਾਨ ਕਾਲੋਨੀ, ਗੁਰੂ ਨਾਨਕ ਨਗਰ, ਗੁਰਬਖ਼ਸ਼ ਕਲੋਨੀ, ਅਰਬਨ ਅਸਟੇਟ-2, ਪੰਜਾਬੀ ਬਾਗ਼ ਵਿਚ ਪਏ ਮੀਂਹ ਕਾਰਨ ਬੰਦ ਹੋਏ ਸੀਵਰੇਜ ਕਰਕੇ ਸੜਕਾਂ ’ਤੇ ਪਾਣੀ ਭਰ ਗਿਆ। ਇਸੇ ਤਰ੍ਹਾਂ ਪਟਿਆਲਾ ਦੇ ਦਸਮੇਸ਼ ਨਗਰ, ਆਨੰਦ ਨਗਰ, ਪ੍ਰੇਮ ਨਗਰ, ਰਣਜੀਤ ਨਗਰ, ਤ੍ਰਿਪੜੀ ਆਦਿ ਖੇਤਰਾਂ ਵਿਚ ਪਾਈਪਾਂ ਪਾਉਣ ਲਈ ਪੁੱਟੀਆਂ ਸੜਕਾਂ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਇਕ ਐਕਟਿਵਾ ਸਵਾਰ ਔਰਤ ਸੜਕ ’ਤੇ ਪਏ ਟੋਏ ਵਿੱਚ ਡਿੱਗਣ ਕਾਰਨ ਲੋਕਾਂ ਨੇ ਪ੍ਰਸ਼ਾਸਨ ਨੂੰ ਕੋਸਿਆ। ਇੱਥੇ ਬੰਤ ਸਿੰਘ ਝੰਡੀ ਨੇ ਕਿਹਾ ਕਿ ਪਟਿਆਲਾ ਨਗਰ ਨਿਗਮ ਵੱਲੋਂ ਪਾਈਪਾਂ ਪਾਉਣ ਲਈ ਸੜਕਾਂ ਪੁੱਟਣ ਦਾ ਕੰਮ ਕਰੀਬ ਦੋ ਸਾਲ ਤੋਂ ਚੱਲ ਰਿਹਾ ਹੈ, ਪਰ ਅਜੇ ਤੱਕ ਇਹ ਮੁਕੰਮਲ ਨਹੀਂ ਹੋਇਆ ਸਗੋਂ ਵਾਰ ਵਾਰ ਸੜਕਾਂ ਪੁੱਟ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਧਰ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਇਸ ਦੌਰਾਨ ਪਹਾੜੀ ਇਲਾਕਿਆਂ ਅਤੇ ਪਟਿਆਲਾ ਜ਼ਿਲ੍ਹੇ ਵਿੱਚੋਂ ਵਹਿੰਦੀਆਂ ਨਦੀਆਂ ਦੇ ਉੱਪਰਲੇ ਖੇਤਰਾਂ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਰਸਾਤ ਦੇ ਮੱਦੇਨਜ਼ਰ, ਡਰੇਨੇਜ ਵਿਭਾਗ ਨੇ ਇਹਤਿਆਤ ਵਜੋਂ ਘੱਗਰ, ਟਾਂਗਰੀ ਤੇ ਮਾਰਕੰਡਾ ਨਦੀਆਂ ਦੇ ਕਿਨਾਰਿਆਂ ਅਤੇ ਬੰਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਅਤੇ ਚਿਤਾਵਨੀ ਜਾਰੀ ਕੀਤੀ ਹੈ। ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਪਟਿਆਲਾ ਰਾਜਿੰਦਰ ਘਈ ਨੇ ਦੱਸਿਆ ਕਿ ਇਹ ਐਡਵਾਈਜ਼ਰੀ ਸ਼ੰਭੂ, ਘਨੌਰ, ਰਾਜਪੁਰਾ, ਸਨੌਰ, ਦੇਵੀਗੜ੍ਹ, ਪਾਤੜਾਂ, ਸ਼ੁਤਰਾਣਾ ਇਲਾਕਿਆਂ ਵਿੱਚ ਘੱਗਰ ਦਰਿਆ ਦੇ ਕਿਨਾਰਿਆਂ ਦੇ ਨੇੜਲੇ ਇਲਾਕਿਆਂ ਲਈ ਮਹੱਤਵਪੂਰਨ ਹੈ।

ਮੀਂਹ ਨਾਲ ਜਲ-ਥਲ ਹੋਈ ਸੰਗਰੂਰ ਦੀ ਕੌਲਾ ਪਾਰਕ ਮਾਰਕੀਟ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਸਾਉਣ ਮਹੀਨੇ ਦੇ ਮੀਂਹ ਨੇ ਝੋਨੇ ਦੇ ਖੇਤਾਂ ਦਾ ਸੀਨਾ ਠਾਰ ਦਿੱਤਾ ਹੈ। ਅੱਜ ਹੋਈ ਤੇਜ਼ ਬਰਸਾਤ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਸਮੁੱਚਾ ਸ਼ਹਿਰ ਜਲ-ਥਲ ਹੋ ਕੇ ਰਹਿ ਗਿਆ ਹੈ ਜਿਸ ਕਾਰਨ ਸ਼ਹਿਰੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਾਉਣ ਮਹੀਨਾ ਬਿਨਾਂ ਵਰ੍ਹੇ ਹੀ ਲੰਘਦਾ ਜਾ ਰਿਹਾ ਸੀ। ਨਿੱਤ ਦਿਨ ਆਸਮਾਨ ਵਿਚੋਂ ਉਠਦੀਆਂ ਕਾਲੀਆਂ ਘਟਾਵਾਂ ਬਗੈਰ ਵਰ੍ਹੇ ਹੀ ਲੰਘ ਜਾਂਦੀਆਂ ਸਨ। ਜੇ ਇੰਝ ਆਖ਼ ਲਿਆ ਜਾਵੇ ਕਿ ਸਾਉਣ ਮਹੀਨਾ ਸੁੱਕਾ ਲੰਘ ਰਿਹਾ ਸੀ ਤਾਂ ਕੋਈ ਅਤਿਕਥਨੀ ਵਾਲੀ ਗੱਲ ਨਹੀਂ ਹੋਵੇਗੀ ਪਰ ਸਾਉਣ ਮਹੀਨੇ ਦੇ ਆਖ਼ਰੀ ਹਫ਼ਤੇ ਅੱਜ ਇੰਦਰ ਦੇਵਤਾ ਮਿਹਰਬਾਨ ਹੋਇਆ ਅਤੇ ਅੱਜ ਦੁਪਹਿਰੇ ਕਰੀਬ ਘੰਟਾ ਤੇਜ਼ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਝੋਨੇ ਦੇ ਖੇਤਾਂ ’ਚ ਪਾਣੀ ਭਰਨ ਨਾਲ ਕਿਸਾਨ ਬਾਗੋਬਾਗ ਹਨ। ਤੇਜ਼ ਬਾਰਸ਼ ਕਾਰਨ ਸਥਾਨਕ ਸ਼ਹਿਰ ਜਲਥਲ ਹੋ ਗਿਆ। ਵੱਖ-ਵੱਖ ਕਲੋਨੀਆਂ ਅਤੇ ਜਨਤਕ ਥਾਵਾਂ ’ਤੇ ਭਰੇ ਪਾਣੀ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ। ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਧੂਰੀ ਗੇਟ ਬਾਜ਼ਾਰ ਨੂੰ ਜਾਂਦੀ ਸੜਕ ਜਲ-ਥਲ ਹੋ ਗਈ ਜਿਸ ਉਪਰ ਗੋਡੇ-ਗੋਡੇ ਪਾਣੀ ਭਰ ਗਿਆ ਹੈ। ਸ਼ਹਿਰ ਦੇ ਰਣਬੀਰ ਕਲੱਬ ਰੋਡ, ਬੀਐੱਸਐੱਨਐੱਲ ਰੋਡ, ਰੇਲਵੇ ਚੌਕ-ਰੈਸਟ ਹਾਊਸ ਰੋਡ, ਸਿਵਲ ਹਸਪਤਾਲ ਕੰਪਲੈਕਸ, ਐਸਡੀਐਮ ਕੰਪਲੈਕਸ, ਮੁੱਖ ਡਾਕਘਰ ਵਾਲੀ ਸੜਕ, ਹਾਊਸਿੰਗ ਬੋਰਡ ਕਲੋਨੀ ਨੇੜਲੀ ਸੜਕ ’ਤੇ ਪਾਣੀ ਭਰ ਗਿਆ। ਸ਼ਹਿਰ ਦੀ ਪ੍ਰੇਮ ਬਸਤੀ ਦੀਆਂ ਗਲੀਆਂ ਪਾਣੀ ’ਚ ਡੁੱਬ ਚੁੱਕੀਆਂ ਹਨ। ਸ਼ਹਿਰ ਦੀਆਂ ਕਈ ਕਲੋਨੀਆਂ ਦੀਆਂ ਗਲੀਆਂ ਜਲਥਲ ਨਜ਼ਰ ਆਈਆਂ। ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਚੱਲ ਕੇ ਬਜ਼ਾਰ ਜਾਣ ਵਾਲਿਆਂ ਨੂੰ ਗੋਡੇ-ਗੋਡੇ ਪਾਣੀ ’ਚੋ ਗੁਜ਼ਰਨਾ ਪੈ ਰਿਹਾ ਸੀ।

Advertisement

ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ

ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਕੰਚਨ ਨਾਲ ਅੱਜ ਮੀਂਹ ਕਾਰਨ ਪੈਦਾ ਹੋਈ ਸਥਿਤੀ ਤੇ ਪਾਣੀ ਦੀ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਾ. ਬਲਬੀਰ ਸਿੰਘ ਨੇ ਮਨਜੀਤ ਨਗਰ, ਰਣਜੀਤ ਨਗਰ, ਅਨੰਦ ਨਗਰ-ਏ ਅਤੇ ਬੀ, ਫੁਲਕੀਆਂ ਐਨਕਲੇਵ, ਤ੍ਰਿਪੜੀ, ਫੈਕਟਰੀ ਏਰੀਆ, ਡੀਐੱਲਐਫ ਕਲੋਨੀ, ਕੋਹਿਨੂਰ ਐਨਕਲੇਵ, ਹੀਰਾ ਨਗਰ, ਵੱਡੀ ਨਦੀ ਅਤੇ ਹੋਰ ਇਲਾਕਿਆਂ ਦਾ ਦੌਰਾ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਰੋਡ ਗਲੀਆਂ ਮੁੜ ਤੋਂ ਸਾਫ਼ ਕਰਵਾਈਆ ਜਾਣ ਤਾਂ ਕਿ ਪਾਣੀ ਦੀ ਨਿਕਾਸੀ ’ਚ ਕੋਈ ਰੁਕਾਵਟ ਨਾ ਪਵੇ। ਇਸ ਤੋਂ ਬਗੈਰ ਟਿਵਾਣਾ ਚੌਕ ਵਿਖੇ ਡਰੇਨ ’ਚ ਪਾਣੀ ਦੀ ਨਿਕਾਸੀ ਸਮੇਂ ਬਾਕੀ ਦੀਆਂ ਡਰੇਨਾਂ ਵਿੱਚ ਵੀ ਪਾਣੀ ਬਿਨਾਂ ਕਿਸੇ ਰੁਕਾਵਟ ਤੋਂ ਪੈਣ ਦਿੱਤਾ ਜਾਵੇ। ਨੀਵੇਂ ਇਲਾਕਿਆਂ ਵਿੱਚੋਂ ਪਾਣੀ ਦੀ ਤੁਰੰਤ ਨਿਕਾਸੀ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਨਿਕਾਸੀ ਪ੍ਰਬੰਧਾਂ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੁਲਕੀਆਂ ਐਨਕਲੇਵ ਅਤੇ ਹੋਰਨਾਂ ਪਾਣੀ ਖੜ੍ਹਨ ਵਾਲੇ ਇਲਾਕਿਆਂ ਵਿੱਚ ਨਵੀਆਂ ਪਾਈਪ ਲਾਈਨਾਂ ਪਾ ਕੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾ ਰਹੀ ਹੈ ਤੇ ਨਗਰ ਨਿਗਮ ਨੂੰ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਰਾਜਪੁਰਾ ਦੇ ਅੰਡਰਬ੍ਰਿੱਜ ਵਿੱਚ ਪਾਣੀ ਭਰਿਆ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਰਾਜਪੁਰਾ ਵਿੱਚ ਅੱਜ ਭਾਰੀ ਮੀਂਹ ਕਾਰਨ ਈਐੱਸਆਈ ਰੋਡ ਸਥਿਤ ਅੰਡਰ ਬ੍ਰਿਜ ਵਿਚ ਪਾਣੀ ਭਰ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਵਾਜਾਈ ਵਿਚ ਆ ਰਹੀ ਦਿੱਕਤ ਨੂੰ ਦੇਖਦਿਆਂ ਵਿਧਾਇਕਾ ਨੀਨਾ ਮਿੱਤਲ ਦੇ ਪੀਏ ਅਮਰਿੰਦਰ ਸਿੰਘ ਮੀਰੀ ਨੇ ਸਮੇਤ ਟੀਮ ਨਾਲ ਅੰਡਰ ਬ੍ਰਿਜ ਦਾ ਜਾਇਜ਼ਾ ਲਿਆ। ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਅਤੇ ਮੋਟਰਾਂ ਨਾਲ ਅੰਡਰ ਬ੍ਰਿਜ ਵਿਚ ਖੜ੍ਹੇ ਪਾਣੀ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੋ ਮੋਟਰਾਂ, ਫਾਇਰ-ਬ੍ਰਿਗੇਡ ਅਤੇ ਸੀਵਰੇਜ ਬੋਰਡ ਦੀ ਗੱਡੀ ਦੀ ਸਹਾਇਤਾ ਨਾਲ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਾਰਾ ਪਾਣੀ ਬਾਹਰ ਕੱਢ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ। ਇਸ ਮੌਕੇ ਨਗਰ ਕੌਂਸਲ ਤੋਂ ਵਿਜੈ ਪਾਠਕ, ਕੌਂਸਲਰ ਰਾਜੇਸ਼ ਕੁਮਾਰ, ਸਚਿਨ ਮਿੱਤਲ ਅਤੇ ਹੋਰ ਸਰਕਾਰੀ ਅਧਿਕਾਰੀ ਮੌਜੂਦ ਸਨ।

ਪਾਤੜਾਂ: ਮੀਂਹ ਨੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ

ਸ਼ੁਤਰਾਣਾ ਵਿੱਚ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਭਰਿਆ ਮੀਂਹ ਦਾ ਪਾਣੀ।

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਖੇਤਰ ਵਿੱਚ ਭਰਵੇਂ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ-ਖੋਲ੍ਹ ਕੇ ਰੱਖ ਦਿੱਤੀ ਹੈ। ਹੜ੍ਹਾਂ ਨੂੰ ਰੋਕਣ ਲਈ ਵੱਡੇ ਵੱਡੇ ਕੀਤੇ ਜਾਂਦੇ ਦਾਅਵਿਆਂ ਦੇ ਦੌਰਾਨ ਸਥਿਤੀ ਉਸ ਸਮੇਂ ਅਜੀਬੋ ਗਰੀਬ ਬਣ ਗਈ ਜਦੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਪਾਣੀ ਦੀ ਨਿਕਾਸੀ ਨਾਲੇ ਵਿੱਚ ਗੰਦਗੀ ਭਰ ਜਾਣ ਕਰਕੇ ਪਾਤੜਾਂ ਤੋਂ ਸ਼ੁਤਰਾਣਾ ਤੱਕ ਕਈ ਥਾਵਾਂ ’ਤੇ ਪਾਣੀ ਭਰ ਗਿਆ। ਨੈਸ਼ਨਲ ਹਾਈਵੇ ਅਤੇ ਇਸ ਦੇ ਸਰਵਿਸ ਰੋਡ ’ਤੇ ਭਰੇ ਬਰਸਾਤੀ ਪਾਣੀ ਕਰਕੇ ਲੰਘਣ ਵਾਲੇ ਰਾਹੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਐਤਵਾਰ ਦੁਪਹਿਰ ਬਾਅਦ ਲੰਬੇ ਮਗਰੋਂ ਮੀਂਹ ਪਿਆ। ਇਸ ਭਰਵੀਂ ਬਰਸਾਤ ਨੂੰ ਲੈ ਕੇ ਕਿਸਾਨਾਂ ਦੇ ਚਿਹਰੇ ਖਿੜ ਗਏ ਪਰ ਨੈਸ਼ਨਲ ਹਾਈਵੇ ਤੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਪੇਸ਼ ਆਈਆਂ। ਸ਼ਹਿਰ ਵਿੱਚ ਨਰਵਾਣਾ ਰੋਡ ਉੱਤੇ ਸਰਵਿਸ ਰੋਡ ਦੇ ਨਾਲ ਬਣੇ ਨਿਕਾਸੀ ਨਾਲੇ ਵਿੱਚ ਗੰਦਗੀ ਭਰ ਜਾਣ ਕਰਕੇ ਸਰਵਿਸ ਰੋਡ ਉੱਤੇ ਵੱਡੀ ਪੱਧਰ ਉੱਤੇ ਪਾਣੀ ਭਰ ਗਿਆ। ਪਿੰਡ ਖਾਸਪੁਰ ਦੇ ਨਜ਼ਦੀਕ ਓਵਰ ਬ੍ਰਿਜ ਤੋਂ ਉਤਰਦਿਆਂ ਸਰਵਿਸ ਰੋਡ ਦੇ ਨਾਲ ਨਾਲ ਨੈਸ਼ਨਲ ਹਾਈਵੇ ਦੀ ਮੁੱਖ ਸੜਕ ’ਤੇ ਵੀ ਕਾਫ਼ੀ ਪਾਣੀ ਦੇਖਣ ਨੂੰ ਮਿਲਿਆ। ਇਸ ਦੌਰਾਨ ਸਮਾਜ ਸੇਵੀ ਸਾਬਕਾ ਸਰਪੰਚ ਭਗਵੰਤ ਸਿੰਘ ਸ਼ੁਤਰਾਣਾ, ਨੰਬਰਦਾਰ ਅਮਰੀਕ ਸਿੰਘ, ਸੁਖਵਿੰਦਰ ਸਿੰਘ ਝੱਬਰ ਅਤੇ ਰਾਜ ਸਿੰਘ ਨੇ ਕਿਹਾ ਕਿ ਸੜਕ ’ਤੇ ਭਰੇ ਪਾਣੀ ਦਾ ਸਭ ਤੋਂ ਵੱਡਾ ਕਾਰਨ ਇਸ ਦੇ ਨਾਲ ਬਣੇ ਨਿਕਾਸੀ ਨਾਲੇ ਦਾ ਗੰਦਗੀ ਨਾਲ ਭਰਿਆ ਹੋਣਾ ਹੈ।

Advertisement
Author Image

Advertisement
×