For the best experience, open
https://m.punjabitribuneonline.com
on your mobile browser.
Advertisement

ਪਟਿਆਲਾ: ਪੰਜਾਬੀ ’ਵਰਸਿਟੀ ’ਚ ਸਾਹਿਤਕਾਰ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਬਾਰੇ ਖੇਡਿਆ ਨਾਟਕ

04:51 PM Dec 08, 2023 IST
ਪਟਿਆਲਾ  ਪੰਜਾਬੀ ’ਵਰਸਿਟੀ ’ਚ ਸਾਹਿਤਕਾਰ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਬਾਰੇ ਖੇਡਿਆ ਨਾਟਕ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਦਸੰਬਰ
ਪੰਜਾਬੀ ਯੂਨੀਵਰਸਿਟੀ ਵਿਖੇ ਨੌਵਾਂ ਨੋਰ੍ਹਾ ਰਿਚਰਡਜ਼ ਫ਼ੈਸਟੀਵਲ ਸਮਾਪਤ ਹੋ ਗਿਆ ਹੈ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਅਤੇ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵੱਲੋਂ ਕਰਵਾਏ ਸੱਤ ਰੋਜ਼ਾ '9ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ' ਦੇ ਸੱਤਵੇਂ ਅਤੇ ਅੰਤਿਮ ਦਿਨ ਅਕਸ ਰੰਗਮੰਚ ਸਮਰਾਲਾ ਵੱਲੋਂ ਇੱਕ ਪਾਤਰੀ ਨਾਟਕ 'ਰਾਹਾਂ ਵਿਚ ਅੰਗਿਆਰ ਬੜੇ ਸੀ’ ਪੇਸ਼ ਕੀਤਾ ਗਿਆ। ਇਹ ਨਾਟਕ ਪੰਜਾਬ ਦੀ ਪ੍ਰਸਿੱਧ ਸਾਹਿਤਕਾਰ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਅਤੇ ਕਵਿਤਾਵਾਂ ਉੱਤੇ ਆਧਾਰਤ ਸੀ। ਕਮਲਜੀਤ ਕੌਰ ਦੀ ਅਦਾਕਾਰੀ ਵਾਲੇ ਇਸ ਇੱਕ-ਪਾਤਰੀ ਨਾਟਕ ਦੀ ਸਕ੍ਰਿਪਟ ਲੇਖਣੀ ਅਤੇ ਨਿਰਦੇਸ਼ਨ ਰਾਜਵਿੰਦਰ ਸਮਰਾਲਾ ਵੱਲੋਂ ਕੀਤੇ ਗਏ। ਸੁਖਵਿੰਦਰ ਅੰਮ੍ਰਿਤ ਨੇ ਖੁਦ ਕਲਾ ਭਵਨ ਵਿੱਚ ਸਾਹਮਣੇ ਬੈਠ ਕੇ ਆਪਣੀ ਜ਼ਿੰਦਗੀ ਉੱਤੇ ਹੋਈ ਇਹ ਪੇਸ਼ਕਾਰੀ ਵੇਖੀ। ਪੇਸ਼ਕਾਰੀ ਉਪਰੰਤ ਭਾਵੁਕ ਹੋਈ ਅੰਮ੍ਰਿਤ ਨੇ ਦੱਸਿਆ ਕਿ ਹੁਣ ਵੀ ਜਦੋਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਰੀਆਂ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਅਤੇ ਸੰਘਰਸ਼ ਯਾਦ ਆਉਂਦੇ ਹਨ ਤਾਂ ਉਹ ਝੰਜੋੜੀ ਜਾਂਦੀ ਹੈ। ਇਸ ਮੌਕੇ ਉਸ ਨੇ ਆਪਣੀਆਂ ਕੁੱਝ ਕਵਿਤਾ ਦੀਆਂ ਸਤਰਾਂ ਸੁਣਾ ਕੇ ਸਾਰੀਆਂ ਕੁੜੀਆਂ ਨੂੰ ਆਪੋ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਸਮੁੱਚੇ ਫੈਸਟੀਵਲ ਦੇ ਆਯੋਜਨ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਨਾਟਕ ਦਾ ਸੰਗੀਤ ਅਬਦੁਲ ਖਾਨ ਨੇ ਅਤੇ ਲਾਈਟਿੰਗ ਉਦੇਵੀਰ ਸਿੰਘ ਨੇ ਸੰਭਾਲੀ। ਸੈੱਟ ਡਿਜ਼ਾਇਨਿੰਗ ਅਰਮਿੰਦਰ ਸਿੰਘ ਅਤੇ ਵਾਬਸ਼ ਵੱਲੋਂ ਕੀਤੀ ਗਈ ਸੀ। ਫ਼ੈਸਟੀਵਲ ਦਾ ਮੰਚ ਸੰਚਾਲਨ ਕਰਦਿਆਂ ਡਾ. ਇੰਦਰਜੀਤ ਕੌਰ ਨੇ ਉਮੀਦ ਪ੍ਰਗਟਾਈ ਕਿ ਅਗਲੇ ਸਾਲ ਇਹ ਫ਼ੈਸਟੀਵਲ 10 ਦਿਨ ਦਾ ਕਰਵਾਉਣ ਦੀ ਕੋਸ਼ਿਸ਼ ਹੋਵੇਗੀ।

Advertisement

Advertisement
Author Image

Advertisement
Advertisement
×