ਪਥਰਾਲਾ ਘਟਨਾ: ਮਜ਼ਦੂਰ ਜਥੇਬੰਦੀਆਂ ਨੇ ਕਾਤਲਾਂ ਦੀ ਗ੍ਰਿਫ਼ਤਾਰੀ ਮੰਗੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਜੁਲਾਈ
ਬੀਤੇ ਦਨਿੀਂ ਜ਼ਿਲ੍ਹੇ ਦੇ ਪਿੰਡ ਪਥਰਾਲਾ ਵਿੱਚ ਮਜ਼ਦੂਰ ਪਰਿਵਾਰ ਦੇ ਨੌਜਵਾਨ ਅੰਗਰੇਜ਼ ਸਿੰਘ ਨੂੰ ਕਥਿਤ ਕਤਲ ਕੀਤੇ ਜਾਣ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ, ਖੇਤ ਮਜ਼ਦੂਰ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਸਖ਼ਤ ਨਿਖੇਧੀ ਕਰਦਿਆਂ, ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਪੀੜਤ ਪਰਿਵਾਰ ਨੂੰ ਐਸਸੀ/ ਐਸਟੀ ਐਕਟ ਤਹਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਲਛਮਣ ਸਿੰਘ ਸੇਵੇਵਾਲਾ, ਕ੍ਰਿਸ਼ਨ ਚੌਹਾਨ, ਮਹੀਪਾਲ ਅਤੇ ਕੁਲਵੰਤ ਸਿੰਘ ਸੇਲਬਰਾਹ ਨੇ ਦੱਸਿਆ ਕਿ ਥਾਣਾ ਸੰਗਤ ਵਿੱਚ ਇਸ ਕਤਲ ਨਾਲ ਸਬੰਧਿਤ 29 ਜੂਨ ਨੂੰ ਧਾਰਾ 302 ਦਾ ਕੇਸ ਦਰਜ ਹੋਣ ਦੇ ਬਾਵਜੂਦ ਕੇਸ ’ਚ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਸਪਸ਼ਟ ਕਿ ਮਜ਼ਦੂਰ ਜਥੇਬੰਦੀਆਂ ਕਿਸੇ ਵੀ ਗ਼ੈਰ-ਸਮਾਜੀ ਅਤੇ ਗ਼ੈਰ-ਇਖ਼ਲਾਕੀ ਕਾਰਵਾਈ ਦੀਆਂ ਹਮਾਇਤੀ ਨਹੀਂ, ਪਰ ਨੌਜਵਾਨ ’ਤੇ ਚੋਰੀ ਦੇ ਇਲਜ਼ਾਮ ਲਾ ਕੇ ਕਤਲ ਕਰਨ ਨੂੰ ਵਾਜ਼ਬਿ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਆਖਿਆ ਕਿ ਇਸ ਮਾਮਲੇ ’ਚ ਕਤਲ ਦਾ ਮੁਕੱਦਮਾ ਦਰਜ ਹੋਣ ਦੀ ਕਾਰਵਾਈ ਨੂੰ ਗ਼ਲਤ ਰੰਗਤ ਦੇ ਕੇ ਕੇਸ ਰੱਦ ਕਰਾਉਣ ਦੇ ਨਾਂ ਹੇਠ ਮਜ਼ਦੂਰਾਂ ਕਿਸਾਨਾਂ ਵਿੱਚ ਪਾਟਕ ਦੀਆਂ ਕੋਸ਼ਿਸ਼ਾਂ ਖ਼ਤਰਨਾਕ ਹਨ।