For the best experience, open
https://m.punjabitribuneonline.com
on your mobile browser.
Advertisement

ਪਠਾਨਕੋਟ ਦਾ ‘ਮਿੰਨੀ ਗੋਆ’

11:44 AM Apr 07, 2024 IST
ਪਠਾਨਕੋਟ ਦਾ ‘ਮਿੰਨੀ ਗੋਆ’
Advertisement

ਹਰਪ੍ਰੀਤ ਸਿੰਘ ਸਵੈਚ

Advertisement

ਪੰਜਾਬੀ ਦੀ ਇੱਕ ਪ੍ਰਸਿੱਧ ਕਹਾਵਤ ਹੈ “ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ।’’ ਭਾਵ ਜੋ ਚੀਜ਼ ਸਾਡੇ ਕੋਲ ਹੁੰਦੀ ਹੈ ਜਾਂ ਜੋ ਕੁਝ ਸਾਡੇ ਇਰਦ ਗਿਰਦ ਮੌਜੂਦ ਹੁੰਦਾ ਹੈ, ਅਸੀਂ ਉਸ ਦੀ ਬਜਾਏ ਆਪਣੇ ਤੋਂ ਦੂਰ ਵਾਲੀਆਂ ਵਸਤਾਂ ਜਾਂ ਥਾਵਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਾਂ। ਇਹ ਇੱਕ ਆਮ ਕੁਦਰਤੀ ਵਰਤਾਰਾ ਹੈ। ਸਾਡੇ ਰੰਗਲੇ ਪੰਜਾਬ ਵਿੱਚ ਸੈਰ ਸਪਾਟੇ ਦੇ ਸ਼ੌਕੀਨਾਂ ਲਈ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਮੌਜੂਦ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਇਸ ਕਾਰਨ ਉਨ੍ਹਾਂ ਨੂੰ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਨ ਖਾਤਰ ਬਾਹਰਲੇ ਸੂਬਿਆਂ ਦਾ ਰੁਖ਼ ਕਰਨਾ ਪੈਂਦਾ ਹੈ। ਮੈਨੂੰ ਹਾਲ ਹੀ ਵਿੱਚ ਪੰਜਾਬ ਦੀ ਇੱਕ ਐਸੀ ਛੁਪੀ ਹੋਈ ਜਗ੍ਹਾ ’ਤੇ ਜਾਣ ਦਾ ਮੌਕਾ ਮਿਲਿਆ ਜਿੱਥੇ ਇੱਕੋ ਸਮੇਂ ਹਿਮਾਚਲ ਦੀਆਂ ਹਸੀਨ ਵਾਦੀਆਂ ਅਤੇ ਗੋਆ ਦੇ ਸਮੁੰਦਰੀ ਨਜ਼ਾਰਿਆਂ ਦਾ ਲੁਤਫ਼ ਉਠਾਇਆ ਜਾ ਸਕਦਾ ਹੈ।
ਪਿਛਲੇ ਦਿਨੀਂ ਕਿਸੇ ਸਰਕਾਰੀ ਕੰਮ ਦੇ ਸਿਲਸਿਲੇ ਵਿੱਚ ਇੱਕ ਸਾਥੀ ਸੰਗ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਵਿਖੇ ਜਾਣ ਦਾ ਸਬੱਬ ਬਣਿਆ। ਪਠਾਨਕੋਟ ਦੇ
ਸ਼ਾਹਪੁਰ ਕੰਡੀ ਵਿਖੇ ਬਣੀ ਰਣਜੀਤ ਸਾਗਰ ਝੀਲ ਅਕਸਰ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹੀ ਹੈ ਪਰ ਡੈਮ ਦੀ ਸੁਰੱਖਿਆ ਦੇ ਕਾਰਨਾਂ ਕਰਕੇ ਇਸ ਇਲਾਕੇ ਵਿੱਚ ਕੁਦਰਤੀ ਨਜ਼ਾਰਿਆਂ ਵਾਲੇੇ ਕਈ ਅਹਿਮ ਸਥਾਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਪਰ ਇਸ ਵਾਰ ਕੁਦਰਤੀ ਵਾਦੀਆਂ ਵਿੱਚ ਕੁਝ ਸਮਾਂ ਬਿਤਾਉਣ ਦੀ ਤਾਂਘ ਸਾਨੂੰ ਚਮਰੌੜ ਦੇ ਪੱਤਣ ’ਤੇ ਬਣੇ ‘ਮਿੰਨੀ ਗੋਆ’ ਵਿਖੇ ਲੈ ਗਈ।

Advertisement


ਪਠਾਨਕੋਟ ਸ਼ਹਿਰ ਤੋਂ ਡਲਹੌਜ਼ੀ ਵਾਲੇ ਰਾਹ ’ਤੇ ਲਗਭਗ 20-25 ਕਿਲੋਮੀਟਰ ਦੂਰ ਚਮਰੌੜ ਤੋਂ ਦੋ-ਤਿੰਨ ਕਿਲੋਮੀਟਰ ਅੰਦਰ ਵੱਲ ਨੂੰ ਜਾ ਕੇ ਰਣਜੀਤ ਸਾਗਰ ਝੀਲ ਦੇ ਕਿਨਾਰੇ ਚਾਰੇ ਪਾਸੇ ਛੋਟੇ ਵੱਡੇ ਪਹਾੜਾਂ ਨਾਲ ਘਿਰੇ ਹੋਏ ‘ਮਿੰਨੀ ਗੋਆ’ ਵਜੋਂ ਜਾਣੇ ਜਾਂਦੇ ਇਸ ਸਥਾਨ ਦੇ ਮਨਮੋਹਕ ਕੁਦਰਤੀ ਨਜ਼ਾਰੇ ਸੈਲਾਨੀਆਂ ਨੂੰ ਪਹਿਲੀ ਨਜ਼ਰੇ ਹੀ ਮੰਤਰਮੁਗਧ ਕਰ ਦਿੰਦੇ ਹਨ। ਦੂਰ ਦੂਰ ਤੱਕ ਫੈਲਿਆ ਹਰਾ-ਭਰਾ ਖੁੱਲ੍ਹਾ ਮੈਦਾਨ, ਵੱਡੀਆਂ ਵੱਡੀਆਂ ਢਲਾਣਾਂ ਦੇ ਕਿਨਾਰਿਆਂ ’ਤੇ ਉੱਗੇ ਇੱਕਾ ਦੁੱਕਾ ਰੁੱਖ, ਝੀਲ ਦੇ ਪੱਤਣ ’ਤੇ ਬਣਦੀਆਂ ਮਿਟਦੀਆਂ ਲਹਿਰਾਂ, ਪਹਾੜਾਂ ਦੀਆਂ ਢਲਾਣਾਂ ’ਤੇ ਉੱਗੇ ਰੰਗ ਬਿਰੰਗੇ ਫੁੱਲ ਇੱਕ ਵਾਰ ਤਾਂ ਸਾਨੂੰ ਕਿਸੇ ਹੋਰ ਹੀ ਦੁਨੀਆ ਵਿੱਚ ਲੈ ਜਾਂਦੇ ਹਨ। ਬਿਹਤਰੀਨ ਕਲਾਸਿਕ ਤਸਵੀਰਾਂ ਖਿੱਚਣ ਦੇ ਸ਼ੌਕੀਨਾਂ, ਖ਼ਾਸ ਕਰਕੇ ਪ੍ਰੀਵੈਡਿੰਗ ਸ਼ੂਟਿੰਗ ਲਈ ਇਹ ਜਗ੍ਹਾ ਬਾਕਮਾਲ ਹੈ। ਇਸ ਥਾਂ ’ਤੇ ਠੰਢੀਆਂ ਹਵਾਵਾਂ ਦੇ ਬੁੱਲਿਆਂ ਵਿੱਚ ਨਿੱਘੀ ਨਿੱਘੀ ਧੁੱਪ ਦਾ ਆਨੰਦ ਮਾਣਦੇ ਹੋਏ ਇੱਕ ਉੱਚੀ ਢਲਾਣ ਦੇ ਕਿਨਾਰੇ ਬੈਠਿਆਂ ਝੀਲ, ਪਹਾੜਾਂ ਤੇ ਬੱਦਲਾਂ ਨੂੰ ਨਿਹਾਰਦਿਆਂ ਕੁਝ ਪਲਾਂ ਲਈ ਤਾਂ ਸਮਾਂ ਹੀ ਠਹਿਰ ਜਾਂਦਾ ਹੈ। ਇੱਥੇ ਸੋਹਣੇ ਦੁਰਲੱਭ ਪੰਛੀਆਂ ਦੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਨੂੰ ਸੁਣਦਿਆਂ ਜਿਵੇਂ ਅਸੀਂ ਖ਼ੁਦ ਬੋਲਣਾ ਭੁੱਲ ਜਾਂਦੇ ਹਾਂ।
ਇਸ ਜਗ੍ਹਾ ’ਤੇ ਸੈਲਾਨੀਆਂ ਦੇ ਆਕਰਸ਼ਣ ਲਈ ਦੇਸੀ ਅਤੇ ਵਿਦੇਸ਼ੀ ਕਿਸ਼ਤੀਆਂ, ਜੰਪਿੰਗ ਜੈਕ, ਮਾਊਂਟੇਨ ਮੋਟਰ ਬਾਈਕ, ਰੋਪਵੇਅ ਆਦਿ ਕਈ ਮਨੋਰੰਜਕ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਦੇ ਕਦਾਈਂ ਸੈਲਾਨੀ ਗਰਮ ਹਵਾ ਦੇ ਵੱਡੇ ਗੁਬਾਰੇ ਅਤੇ ਪੈਰਾ ਗਲਾਈਡਿੰਗ ਦਾ ਲੁਤਫ਼ ਉਠਾਉਂਦੇ ਵੀ ਦਿਖਾਈ ਦਿੰਦੇ ਹਨ। ਵੱਡੇ ਖੁੱਲ੍ਹੇ ਮੈਦਾਨ ਵਿੱਚ ਪੰਜ-ਸੱਤ ਛੋਟੀਆਂ ਛੋਟੀਆਂ ਖਾਣ ਪੀਣ ਦੀਆਂ ਦੁਕਾਨਾਂ ਤੇ ਚਾਹ ਕਾਫ਼ੀ ਦੇ ਨਾਲ ਮੈਗੀ, ਪਾਸਤਾ, ਸੈਂਡਵਿਚ ਆਦਿ ਹਲਕੇ ਫੁਲਕੇ ਫਾਸਟ ਫੂਡ ਦਾ ਆਨੰਦ ਮਾਣਿਆ ਜਾ ਸਕਦਾ ਹੈ।
ਇੱਥੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਵੱਲੋਂ ਸੈਲਾਨੀਆਂ ਦੇ ਠਹਿਰਣ ਵਾਸਤੇ ਝੁੱਗੀਨੁਮਾ ਘਰ (ਹੱਟਸ) ਅਤੇ ਟੈਂਟ ਹਾਊਸ ਵੀ ਬਣਾਏ ਹੋਏ ਹਨ ਜਿੱਥੇ ਲਗਭਗ ਤਿੰਨ ਤੋਂ ਚਾਰ ਹਜ਼ਾਰ ਰੁਪਏ ਵਿੱਚ ਠਹਿਰ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਸਾਨੂੰ ਵੀ ਇਨ੍ਹਾਂ ਝੁੱਗੀਨੁਮਾ ਘਰਾਂ ਵਿੱਚ ਰਹਿਣ ਦਾ ਮੌਕਾ ਮਿਲਿਆ। ਸੜਕ ਤੋਂ ਕਾਫ਼ੀ ਉੱਚੀ ਥਾਂ ’ਤੇ ਬਣੇ ਇਸ ਰਿਜ਼ੌਰਟ ਤੋਂ ਸਾਹਮਣੇ ਝੀਲ ਤੇ ਪਹਾੜਾਂ ਦਾ ਨਜ਼ਾਰਾ ਵੇਖਿਆਂ ਬਣਦਾ ਹੈ। ਜਿੱਥੇ ਅਸੀਂ ਚੰਨ ਚਾਨਣੀ ਰਾਤ ਵਿੱਚ ਤਾਰਿਆਂ ਦੀ ਛਾਵੇਂ ਕਾਦਰ ਦੀ ਕੁਦਰਤ ਦਾ ਸੰਗ ਮਾਣਿਆ, ਉੱਥੇ ਸਾਨੂੰ ਪਹੁ ਫੁਟਾਲੇ ਸਮੇਂ ਬਰਫ਼ਾਂ ਲੱਦੇ ਪਹਾੜਾਂ ਵਿੱਚੋਂ ਚੜ੍ਹਦੇ ਸੂਰਜ ਦੀ ਲਾਲੀ ਨਾਲ ਰੰਗੇ ਆਸਮਾਨ ਨੂੰ ਵੀ ਨਿਹਾਰਨ ਦਾ ਮੌਕਾ ਮਿਲਿਆ। ਕੁਦਰਤ ਦੇ ਇਨ੍ਹਾਂ ਵਿਸਮਾਦੀ ਨਜ਼ਾਰਿਆਂ ਵਿੱਚ ਬਿਤਾਏ ਇਹ ਜ਼ਿੰਦਗੀ ਦੇ ਯਾਦਗਾਰੀ ਪਲ ਹੋ ਨਬਿੜੇ।
ਗੋਆ ਜਾਣ ਦੇ ਅਨੁਮਾਨਿਤ ਖਰਚੇ ਦੇ ਅੱਧ ਨਾਲੋਂ ਵੀ ਘੱਟ ਕੀਮਤ ’ਤੇ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਸਮੇਤ ਸ਼ਹਿਰੀ ਭੀੜ ਭੜੱਕੇ ਤੋਂ ਦੂਰ ‘ਮਿੰਨੀ ਗੋਆ’ ਨਾਮਕ ਇਸ ਥਾਂ ’ਤੇ ਮਨਮੋਹਕ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹੋ। ਇਸ ਜਗ੍ਹਾ ’ਤੇ ਰਣਜੀਤ ਸਾਗਰ ਝੀਲ ਦਾ ਇੱਕ ਕਿਨਾਰਾ ਪੰਜਾਬ ਵਿੱਚ ਪੈਂਦਾ ਹੈ ਅਤੇ ਦੂਜਾ ਕਿਨਾਰਾ ਜੰਮੂ ਅਧੀਨ ਆਉਂਦਾ ਹੈ। ਇੱਥੋਂ ਸੜਕੀ ਰਸਤੇ ਰਾਹੀਂ ਦੂਜੇ ਕਿਨਾਰੇ ’ਤੇ ਪਹੁੰਚਣ ਲਈ 40-50 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਜਦੋਂਕਿ ਕਿਸ਼ਤੀ ਰਾਹੀਂ ਸਿਰਫ਼ 10 ਤੋਂ 15 ਮਿੰਟ ਵਿੱਚ ਪਹੁੰਚਿਆ ਜਾ ਸਕਦਾ ਹੈ। ਇੱਥੋਂ ਥੋੜ੍ਹੀ ਦੂਰ ਬਸੋਲੀ ਵਿਖੇ ਪੰਜਾਬ ਅਤੇ ਜੰਮੂ ਨੂੰ ਜੋੜਨ ਲਈ ਅਟੱਲ ਸੇਤੂ ਨਾਂ ਦਾ ਪੁਲ ਬਣਾਇਆ ਗਿਆ ਹੈ ਜੋ ਕਿ ਬਿਨਾ ਕਿਸੇ ਪਿੱਲਰ ਦੇ ਸਿਰਫ਼ ਵੱਡੀਆਂ ਕੇਬਲ ਤਾਰਾਂ ਦੇ ਸਹਾਰੇ ਖੜ੍ਹਾ ਹੈ। ਬਿਨਾ ਕੰਕਰੀਟ ਤੋਂ ਬਣਿਆ ਇਹ ਪੁਲ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਚਾਰੇ ਪਾਸੇ ਪਹਾੜਾਂ ਨਾਲ ਘਿਰਿਆ ਹੋਣ ਕਰਕੇ ਇਸ ਥਾਂ ਦਾ ਮੌਸਮ ਲਗਭਗ ਸਾਰਾ ਸਾਲ ਹੀ ਖੁਸ਼ਗਵਾਰ ਰਹਿੰਦਾ ਹੈ। ਇੱਥੇ ਦੀਨ ਦੁਨੀਆ ਨੂੰ ਭੁਲਾ ਕੇ ਤੁਸੀਂ ਆਪਣੇ ਹਮਖਿਆਲਾਂ ਨਾਲ ਕੁਝ ਪਲ ਸ਼ਾਂਤੀ ਤੇ ਸਕੂਨ ਨਾਲ ਬਿਤਾ ਸਕਦੇ ਹੋ। ਇਸ ਜਗ੍ਹਾ ਦੇ ਸਫ਼ਰ ’ਤੇ ਆਉਣ ਸਮੇਂ ਸੈਲਾਨੀ ਪਠਾਨਕੋਟ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਾਰਠ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਹਨ। ਇਸੇ ਤਰ੍ਹਾਂ ‘ਮਿੰਨੀ ਗੋਆ’ ਤੋਂ ਥੋੜ੍ਹੀ ਦੂਰ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਜੀ ਦੇ ਕਾਠਗੜ੍ਹ ਮੰਦਰ ਤੋਂ ਇਲਾਵਾ ਪਾਂਡਵਾਂ ਦੇ ਸਮੇਂ ਤੋਂ ਬਣੇ ਮੁਕਤੇਸ਼ਵਰ ਧਾਮ ਵਿਖੇ ਵੀ ਅਕੀਦਤ ਭੇਂਟ ਕੀਤੀ ਜਾ ਸਕਦੀ ਹੈ। ਖ਼ਾਸ ਕਰਕੇ ਇਸ ਰਸਤੇ ਤੋਂ ਡਲਹੌਜ਼ੀ, ਖਜਿਆਰ ਅਤੇ ਚੰਬਾ ਜਾਣ ਵਾਲੇ ਸੈਲਾਨੀਆਂ ਨੂੰ ਘੱਟੋ-ਘੱਟ ਇੱਕ ਦਿਨ ਤਾਂ ਇੱਥੇ ਜ਼ਰੂਰ ਬਿਤਾਉਣਾ ਚਾਹੀਦਾ ਹੈ।
ਸੰਪਰਕ: 98782-24000

Advertisement
Author Image

Advertisement