ਪਠਾਨਕੋਟ: ਜਾਅਲੀ ਬਿੱਲਾਂ ’ਤੇ ਕੀਤੀ ਜਾਂਦੀ ਸੀ ਖਣਨ ਸਮੱਗਰੀ ਦੀ ਢੋਆ-ਢੁਆਈ
ਐਨਪੀ. ਧਵਨ
ਪਠਾਨਕੋਟ, 29 ਸਤੰਬਰ
ਜੰਮੂ-ਕਸ਼ਮੀਰ ਦੇ ਕਠੂਆ ਤੋਂ ਬਿਨਾ ਬਿੱਲ ਦੇ ਮਾਈਨਿੰਗ ਮਟੀਰੀਅਲ ਪੰਜਾਬ ਖੇਤਰ ਵਿੱਚ ਲਿਆਉਣ ਦੇ ਮਾਮਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਹ ਰੈਕੇਟ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ ਅਤੇ ਹੁਣ ਤੱਕ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦੇ ਮਾਲੀਏ (ਰੈਵੀਨਿਊ) ਦਾ ਚੂਨਾ ਲੱਗਦਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਪੁਲੀਸ ਨੇ ਕਥਲੌਰ ਪੁਲ ’ਤੇ ਨਾਕੇ ਦੌਰਾਨ ਬਿਨਾ ਬਿੱਲ ਤੋਂ ਮਾਈਨਿੰਗ ਮਟੀਰੀਅਲ ਲੈ ਕੇ ਆ ਰਹੇ 4 ਟਿੱਪਰ ਜ਼ਬਤ ਕੀਤੇ ਸਨ। ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਤਾਰਾਗੜ੍ਹ ਵਿੱਚ ਪੁਲੀਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ’ਚੋਂ 4 ਨੂੰ ਕਾਬੂ ਕਰ ਲਿਆ। ਐੱਸਐੱਸਪੀ ਢਿੱਲੋਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਕੀਤੀ ਗਈ ਪੁੱਛ-ਪੜਤਾਲ ਵਿੱਚ ਪਤਾ ਲੱਗਾ ਕਿ ਇਹ ਮੁਲਜ਼ਮ ਪੰਜਾਬ ਸਰਕਾਰ ਦੇ ਜਾਅਲੀ ਬਿੱਲ ਤਿਆਰ ਕਰਕੇ ਜੰਮੂ-ਕਸ਼ਮੀਰ ਤੋਂ ਰੇਤੇ ਅਤੇ ਬੱਜਰੀ ਵਰਗੇ ਗੈਰ ਕਾਨੂੰਨੀ ਮਾਈਨਿੰਗ ਮਟੀਰੀਅਲ ਦੀ ਢੋਆ-ਢੁਆਈ ਕਰਦੇ ਸਨ। ਹਾਲਾਂਕਿ ਇਹ ਮਟੀਰੀਅਲ ਲਿਆਉਣ ਵਾਲੇ ਮੁਲਜ਼ਮ ਸ਼ੰਕਰ ਸਟੋਨ ਕਰਸ਼ਰ ਭਾਗਥਲੀ ਅਤੇ ਕਸ਼ਮੀਰੀ ਸਟੋਨ ਕਰਸ਼ਰ ਜ਼ਿਲ੍ਹਾ ਕਠੂਆ (ਜੰਮੂ-ਕਸ਼ਮੀਰ) ਤੋਂ ਗੈਰ-ਕਾਨੂੰਨੀ ਮਾਈਨਿੰਗ ਅਤੇ ਜਾਅਲੀ ਬਿੱਲ ਤਿਆਰ ਕਰਕੇ ਲਿਆਏ ਹਨ। ਐੱਸਐੱਸਪੀ ਢਿੱਲੋਂ ਨੇ ਦੱਸਿਆ ਕਿ ਪੁਲੀਸ ਇਨ੍ਹਾਂ ’ਤੇ ਵੀ ਕਾਰਵਾਈ ਕਰੇਗੀ।