ਪਠਾਨਕੋਟ: ਸ਼ੱਕੀਆਂ ਦੇ ਦੇਖੇ ਜਾਣ ਮਗਰੋਂ ਪੁਲੀਸ ਅਲਰਟ ’ਤੇ
ਪੱਤਰ ਪ੍ਰੇਰਕ
ਪਠਾਨਕੋਟ, 25 ਜੁਲਾਈ
ਜ਼ਿਲ੍ਹਾ ਪਠਾਨਕੋਟ ਦੇ ਖੇਤਰ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ੱਕੀ ਦੇਖੇ ਜਾਣ ਨਾਲ ਜ਼ਿਲ੍ਹਾ ਪੁਲੀਸ ਚੌਕਸ ਹੋ ਗਈ ਹੈ। ਇਸ ਦੇ ਮੱਦੇਨਜ਼ਰ ਅਲਰਟ ਜਾਰੀ ਕਰਦਿਆਂ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ ਹੈ। ਪਠਾਨਕੋਟ ਦੇ ਪਿੰਡ ਫੰਗਤੋਲੀ ਵਿੱਚ ਕੱਲ੍ਹ ਸ਼ੱਕੀਆਂ ਦੇ ਦੇਖੇ ਜਾਣ ਮਗਰੋਂ ਪੂਰੇ ਜ਼ਿਲ੍ਹੇ ਵਿੱਚ ਪੁਲੀਸ ਦੇ ਨਾਲ-ਨਾਲ ਹੋਰ ਸੁਰੱਖਿਆ ਏਜੰਸੀਆਂ ਵੀ ਹਾਈ ਅਲਰਟ ’ਤੇ ਹਨ ਅਤੇ ਪੁਲੀਸ ਵੱਲੋਂ ਲਗਾਤਾਰ ਉਕਤ ਖੇਤਰ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਹਨ। ਇਸ ਦੇ ਤਹਿਤ ਜੰਮੂ-ਕਸ਼ਮੀਰ ਹੱਦ ਨਾਲ ਲੱਗਦੇ ਪੰਜਾਬ ਦੇ ਮਾਧੋਪੁਰ ਅੰਤਰਰਾਜੀ ਨਾਕੇ ਉਪਰ ਪੁਲੀਸ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕੀਤੀ ਗਈ ਹੈ।
ਪੁਲੀਸ ਨਾਕੇ ’ਤੇ ਜਿੱਥੇ ਪੰਜਾਬ ਪੁਲੀਸ ਦੇ ਮੁਲਾਜ਼ਮ ਪੂਰੀ ਤਰ੍ਹਾਂ ਮੁਸਤੈਦੀ ਨਾਲ ਡਿਊਟੀ ਕਰ ਰਹੇ ਹਨ, ਉਥੇ ਹੀ ਬੀਐੱਸਐੱਫ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਜੰਮੂ-ਕਸ਼ਮੀਰ ਦੀ ਤਰਫੋਂ ਆਉਣ ਵਾਲੇ ਵਾਹਨਾਂ ਦੀ ਡੂੰਘਾਈ ਨਾਲ ਤਲਾਸ਼ੀ ਕੀਤੀ ਜਾ ਸਕੇ। ਪੁਲੀਸ ਵੱਲੋਂ ਜੰਮੂ-ਕਸ਼ਮੀਰ ਤੋਂ ਆਉਣ ਜਾਣ ਵਾਲੇ ਵਿਅਕਤੀਆਂ ਅਤੇ ਵਾਹਨਾਂ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਮਾਮੂਨ ਵਿੱਚ ਆਰਮੀ ਛਾਉਣੀ ਅੰਦਰ ਵੀ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਛਾਉਣੀ ਅੰਦਰ ਪੈਂਦੇ ਇੱਕ ਆਰਮੀ ਸਕੂਲ ਅਤੇ 2 ਕੇਂਦਰੀ ਵਿਦਿਆਲੇ ਸਕੂਲਾਂ ਅੰਦਰ ਅੱਜ ਬਾਹਰੋਂ ਸਿਵਲ ਖੇਤਰ ਦੇ ਬੱਚਿਆਂ ਨੂੰ ਸੁਰੱਖਿਆ ਦੇ ਪੱਖ ਤੋਂ ਆਰਮੀ ਗੇਟ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਬੱਚਿਆਂ ਨੂੰ ਛੁੱਟੀ ਕੀਤੀ ਗਈ, ਜਦੋਂਕਿ ਅੰਦਰ ਆਰਮੀ ਕੁਆਰਟਰਾਂ ’ਚ ਰਹਿੰਦੇ ਜਵਾਨਾਂ ਦੇ ਬੱਚਿਆਂ ਨੇ ਸਕੂਲਾਂ ਵਿੱਚ ਕਲਾਸਾਂ ਲਗਾਈਆਂ।
ਪੁਲੀਸ ਤੇ ਕਮਾਂਡੋ ਫੋਰਸ ਨੂੰ ਸਰਚ ਅਭਿਆਨ ਵਿੱਚ ਲਾਇਆ: ਡੀਐੱਸਪੀ
ਪਠਾਨਕੋਟ: ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਪੁਲੀਸ ਤੇ ਕਮਾਂਡੋ ਫੋਰਸ ਨੂੰ ਸਰਚ ਅਭਿਆਨ ਵਿੱਚ ਲਗਾਇਆ ਗਿਆ ਹੈ। ਇਸ ਦੇ ਇਲਾਵਾ ਕਿਊਆਰਟੀ ਟੀਮਾਂ ਕੁਇਕ ਰਿਸਪਾਂਸ ਟੀਮਾਂ ਨੂੰ ਵੀ ਲਗਾਇਆ ਗਿਆ ਹੈ। ਜੰਮੂ-ਕਸ਼ਮੀਰ ਵੱਲੋਂ ਆਉਣ ਵਾਲੇ ਸਾਰੇ ਐਂਟਰੀ ਪੁਆਇੰਟਾਂ ’ਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਰਾਹੀਂ ਪੰਜਾਬ ਦੀ ਹੱਦ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।