ਪਠਾਨਕੋਟ: ਬਹੁਗਿਣਤੀ ਹਿੰਦੂ ਵੋਟਾਂ ਨੇ ਸਿਆਸੀ ਮਾਹਿਰ ਚੱਕਰਾਂ ’ਚ ਪਾਏ
ਐੱਨ ਪੀ ਧਵਨ
ਪਠਾਨਕੋਟ, 2 ਜੂਨ
ਇੱਥੇ ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ। ਇਹ ਤਿੰਨੋਂ ਵਿਧਾਨ ਸਭਾ ਹਲਕੇ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਹਿੱਸਾ ਹਨ ਅਤੇ ਇੱਥੇ ਹਿੰਦੂ ਬਹੁਗਿਣਤੀ ਹੈ। ਇਸ ਖੇਤਰ ਵਿੱਚ ਵੋਟਰਾਂ ਅੰਦਰ ਇਸ ਵਾਰ ‘ਮੋਦੀ ਫੈਕਟਰ’ ਦਾ ਪ੍ਰਭਾਵ ਦਿਖਾਈ ਦਿੱਤਾ ਜਿਸ ਤੋਂ ਸਿਆਸੀ ਮਾਹਿਰ ਇਹ ਕਿਆਸ-ਅਰਾਈਆਂ ਲਾ ਰਹੇ ਹਨ ਕਿ ਭਾਜਪਾ ਉਮੀਦਵਾਰ ਨੂੰ ਇਸ ਜ਼ਿਲ੍ਹੇ ਵਿੱਚੋਂ ਕਾਫ਼ੀ ਜ਼ਿਆਦਾ ਲੀਡ ਮਿਲੇਗੀ। ਇਸ ਵਾਰ ਪਠਾਨਕੋਟ ਵਿਧਾਨ ਸਭਾ ਹਲਕੇ ਅੰਦਰ 70.16 ਫ਼ੀਸਦੀ ਵੋਟਾਂ ਪਈਆਂ ਜਦਕਿ ਸਾਲ 2019 ਵਿੱਚ ਲੋਕ ਸਭਾ ਚੋਣਾਂ ਦੌਰਾਨ 74.63 ਫ਼ੀਸਦੀ ਪੋਲਿੰਗ ਹੋਈ ਸੀ। ਸੁਜਾਨਪੁਰ ਹਲਕੇ ਵਿੱਚ 73.71 ਫ਼ੀਸਦੀ ਵੋਟਾਂ ਪਈਆਂ ਜਦਕਿ ਸਾਲ 2019 ਵੇਲੇ 73.91 ਫ਼ੀਸਦੀ ਪੋਲਿੰਗ ਹੋਈ ਸੀ। ਜ਼ਿਲ੍ਹੇ ਅੰਦਰ ਪੈਂਦੇ ਤੀਸਰੇ ਵਿਧਾਨ ਸਭਾ ਹਲਕੇ ਭੋਆ ਵਿੱਚ 71.21 ਫ਼ੀਸਦੀ ਪੋਲਿੰਗ ਦਰਜ ਹੋਈ ਜਦਕਿ ਸਾਲ 2019 ਵੇਲੇ ਇੱਥੇ 72.26 ਫ਼ੀਸਦੀ ਵੋਟਾਂ ਪਈਆਂ ਸਨ।
ਹਾਲਾਂਕਿ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਇੱਥੇ ਚੰਗਾ ਪ੍ਰਭਾਵ ਹੈ, ਪਰ ਇਹ ਵੀ ਇਸ ਖੇਤਰ ਵਿੱਚ ‘ਮੋਦੀ ਫੈਕਟਰ’ ਭਾਰੂ ਰਹਿਣ ਕਾਰਨ ਫਿੱਕਾ ਜਾਪਦਾ ਲੱਗ ਰਿਹਾ ਹਨ। ਦੂਜਾ, ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹੋਣ ਕਾਰਨ ਕਾਂਗਰਸ ਅਤੇ ‘ਆਪ’ ਦੀਆਂ ਵੋਟਾਂ ਆਪਸ ਵਿੱਚ ਵੰਡੀਆਂ ਗਈਆਂ ਜਾਪਦੀਆਂ ਹਨ ਜਦਕਿ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਵੋਟ ਬੈਂਕ ਸੁਰੱਖਿਅਤ ਰਿਹਾ। ਇਸ ਗੱਲ ’ਤੇ ਵੀ ਚਰਚਾ ਹੈ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਤਾਂ ਰਿਕਾਰਡਤੋੜ ਵੋਟਿੰਗ ਹੋਈ ਜਦਕਿ ਬਾਕੀ 6 ਹਲਕਿਆਂ ਵਿੱਚ ਇਸ ਜ਼ਿਲ੍ਹੇ ਨਾਲੋਂ ਘੱਟ ਵੋਟਾਂ ਪਈਆਂ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਬਾਕੀ 6 ਹਲਕਿਆਂ ਨਾਲੋਂ ਇਸ ਵਾਰ ਇੱਥੇ ਪਈਆਂ ਵੱਧ ਵੋਟਾਂ ਨੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਕਰ ਦਿੱਤੀਆਂ ਹਨ ਅਤੇ ਸਾਰੇ ਹੀ ਸਿਆਸੀ ਮਾਹਿਰ ਆਪੋ-ਆਪਣੀਆਂ ਕਿਆਸ-ਅਰਾਈਆਂ ਲਾਉਣ ਲੱਗ ਪਏ ਹਨ।
ਜ਼ਿਕਰਯੋਗ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਜਦੋਂ ਪਠਾਨਕੋਟ ਜ਼ਿਲ੍ਹੇ ’ਚ 73.53 ਫ਼ੀਸਦੀ ਪੋਲਿੰਗ ਹੋਈ ਸੀ ਤਾਂ ਉਸ ਵੇਲੇ ਭਾਜਪਾ ਉਮੀਦਵਾਰ ਸਨੀ ਦਿਓਲ ਗੁਰਦਾਸਪੁਰ ਸੰਸਦੀ ਹਲਕੇ ਵਿੱਚੋਂ 77,099 ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿੱਤੇ ਸਨ। ਸਨੀ ਦਿਓਲ ਦੀ ਇਸ ਜਿੱਤ ਦਾ ਮੁੱਖ ਕਾਰਨ ਵੀ ਪਠਾਨਕੋਟ ਜ਼ਿਲ੍ਹਾ ਹੀ ਬਣਿਆ ਸੀ। ਇਸੇ ਕਾਰਨ ਲੋਕ ਅਜਿਹੇ ਕਿਆਸੇ ਮੁੜ ਲਗਾਉਣ ਲਗ ਪਏ ਹਨ। ਉਨ੍ਹਾਂ ਨੂੰ ਇਹ ਜ਼ਿਲ੍ਹਾ ਬਾਕੀ ਹਲਕਿਆਂ ’ਤੇ ਭਾਰੂ ਪਿਆ ਨਜ਼ਰ ਆ ਰਿਹਾ ਹੈ। ਇਸ ਵਾਰ ਵੱਧ ਫ਼ੀਸਦੀ ਪੋਲਿੰਗ ਹੋਣ ਦਾ ਲਾਭ ਕਿਹੜੇ ਉਮੀਦਵਾਰ ਨੂੰ ਜਾਂਦਾ ਹੈ, ਇਸ ਗੱਲ ਦਾ ਪਤਾ ਭਲਕੇ ਵੋਟਾਂ ਦੀ ਗਿਣਤੀ ਮਗਰੋਂ ਹੀ ਲੱਗੇਗਾ।