ਭਾਰੀ ਮੀਂਹ ਨਾਲ ਪਠਾਨਕੋਟ ਹੋਇਆ ਜਲਥਲ
ਐੱਨਪੀ ਧਵਨ
ਪਠਾਨਕੋਟ, 25 ਜੁਲਾਈ
ਅੱਜ ਅੱਧੇ ਘੰਟੇ ਤੱਕ ਪਏ ਭਾਰੀ ਮੀਂਹ ਬਾਅਦ ਪੂਰਾ ਸ਼ਹਿਰ ਜਲਮਗਨ ਹੋ ਗਿਆ। ਸੜਕਾਂ ਉਪਰ ਚਾਰੇ ਪਾਸੇ ਪਾਣੀ ਭਰ ਜਾਣ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ। ਜਾਣਕਾਰੀ ਅਨੁਸਾਰ ਸਵੇਰੇ ਸਾਢੇ 7 ਵਜੇ ਦੇ ਕਰੀਬ ਸ਼ੁਰੂ ਹੋਈ ਬਾਰਸ਼ ਬੰਦ ਹੋਣ ਬਾਅਦ ਜਦ ਟਰੈਫਿਕ ਚਾਲੂ ਹੋਇਆ ਤਾਂ ਕਾਲੀ ਮਾਤਾ ਮੰਦਰ ਰੋਡ, ਢਾਂਗੂ ਰੋਡ, ਬੱਜਰੀ ਕੰਪਨੀ, ਢਾਕੀ ਰੋਡ, ਮੁਹੱਲਾ ਆਨੰਦਪੁਰ, ਅਬਰੋਲ ਨਗਰ ਅਤੇ ਡਲਹੌਜ਼ੀ ਰੋਡ ਊੱਤੇ ਪਾਣੀ ਨਾਲ ਸੜਕਾਂ ’ਤੇ ਜਾਮ ਦੀ ਸਥਿਤੀ ਬਣੀ ਰਹੀ। ਇੱਕ ਪਾਸੇ ਬਾਰਸ਼ ਨਾਲ ਸ਼ਹਿਰ ਵਿੱਚ ਪਾਣੀ ਸੜਕਾਂ ’ਤੇ ਘੁੰਮਣ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਆਈਆਂ ਦੂਸਰੇ ਪਾਸੇ ਪੁਰਾਣੇ ਮੁਹੱਲਿਆਂ ਵਿੱਚ ਨਿਕਾਸੀ ਨਾਲੇ ਉਛਲ ਜਾਣ ਗੰਦਾ ਪਾਣੀ ਗਲੀਆਂ ਵਿੱਚ ਆ ਗਿਆ। ਨਾਲਿਆਂ ਵਿੱਚੋਂ ਕੂੜਾ-ਕੱਚਰਾ ਨਿਕਲ ਕੇ ਗਲੀਆਂ ਵਿੱਚ ਖਿੱਲਰ ਗਿਆ ਜਿਸ ਨੇ ਨਗਰ ਨਿਗਮ ਦੇ ਸਫਾਈ ਤੇ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ। ਇਸ ਬਾਰਸ਼ ਨੇ ਸ਼ਹਿਰ ਦੇ ਸੀਵਰੇਜ਼ ਵਿਵਸਥਾ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ। ਇੰਦਰਾ ਕਲੌਨੀ ਦੀ ਜੀਰੋ ਨੰਬਰ ਗਲੀ ਵਿੱਚ ਸੀਵਰੇਜ ਦਾ ਪਾਣੀ ਗਲੀ ਵਿੱਚ ਛੱਪੜ ਦਾ ਰੂਪ ਧਾਰਨ ਕਰ ਗਿਆ। ਬਾਅਦ ਵਿੱਚ ਨਗਰ ਨਿਗਮ ਦੀ ਸੀਵਰੇਜ਼ ਸਾਫ ਕਰਨ ਵਾਲੀ ਗੱਡੀ ਆਈ ਤਾਂ ਸੀਵਰਮੈਨਾਂ ਦੀ ਭਾਰੀ ਮੁਸ਼ੱਕਤ ਬਾਅਦ ਜਾ ਕੇ ਸਾਰੇ ਪਾਣੀ ਦੀ ਨਿਕਾਸੀ ਹੋ ਸਕੀ।