For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਤੇ ਜੰਮੂ-ਕਸ਼ਮੀਰ ’ਚ ਮੀਂਹ ਕਾਰਨ ਪਠਾਨਕੋਟ ਜ਼ਿਲ੍ਹਾ ਜਲ-ਥਲ

11:01 AM Jul 10, 2023 IST
ਹਿਮਾਚਲ ਤੇ ਜੰਮੂ ਕਸ਼ਮੀਰ ’ਚ ਮੀਂਹ ਕਾਰਨ ਪਠਾਨਕੋਟ ਜ਼ਿਲ੍ਹਾ ਜਲ ਥਲ
ਹਡ਼੍ਹ ਦੇ ਪਾਣੀ ਵਿੱਚ ਡੁੱਬਿਆ ਗੁੱਜਰਾਂ ਦਾ ਡੇਰਾ।
Advertisement

ਐੱਨਪੀ ਧਵਨ
ਪਠਾਨਕੋਟ, 9 ਜੁਲਾਈ
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਏ ਭਾਰੀ ਮੀਂਹ ਕਾਰਨ ਅੱਜ ਜ਼ਿਲ੍ਹਾ ਪਠਾਨਕੋਟ ਅੰਦਰ ਪੈਂਦੇ ਦਰਿਆਵਾਂ ਅਤੇ ਨਦੀ-ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ। ਉਝ ਦਰਿਆ ਵਿੱਚ ਹੜ੍ਹ ਦਾ ਪਾਣੀ ਆਉਣ ਕਾਰਨ ਸਰਹੱਦੀ ਕਸਬਾ ਬਮਿਆਲ ਵਿੱਚ ਗੁੱਜਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਝ ਦਰਿਆ ਦੇ ਪਾਰ ਪੈਂਦੇ 14 ਪਿੰਡਾਂ ਦਾ ਪਠਾਨਕੋਟ ਜ਼ਿਲ੍ਹਾ ਹੈੱਡਕੁਆਰਟਰ ਨਾਲੋਂ ਸੰਪਰਕ ਟੁੱਟ ਗਿਆ ਹੈ। ਇਸੇ ਤਰ੍ਹਾਂ ਉਝ ਪਾਰ ਜੈਦਪੁਰ ਵਿੱਚ ਡਿਊਟੀ ਦੇ ਰਹੇ ਬੀਐੱਸਐੱਫ ਦੇ 7 ਜਵਾਨ ਅਤੇ ਕੰਡਿਆਲੀ ਤਾਰ ਦੇ ਪਾਰ ਪੈਂਦੀਆਂ ਜ਼ਮੀਨਾਂ ਵਿੱਚੋਂ ਪੱਠੇ ਲੈਣ ਗਏ 9 ਕਿਸਾਨ ਦਰਿਆ ਦੇ ਪਾਣੀ ਵਿੱਚ ਘਿਰ ਗਏ। ਇਸੇ ਤਰ੍ਹਾਂ ਕਠੂਆ ਦੇ ਗਾਟੀ, ਰਾਜਬਾਗ, ਪੰਡੋਰੀ, ਹਰੀਏਚੱਕ ਵਿੱਚ ਵੱਖ-ਵੱਖ ਥਾਵਾਂ ’ਤੇ 36 ਵਿਅਕਤੀ ਉਝ ਦਰਿਆ ਦੇ ਹੜ੍ਹ ਦੇ ਪਾਣੀ ਵਿੱਚ ਘਿਰ ਗਏ। ਉਨ੍ਹਾਂ ਨੂੰ ਐੱਨਡੀਆਰਐੱਫ ਦੀਆਂ ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ। ਅੱਜ ਸਵੇਰੇ ਹੀ ਉਝ ਦਰਿਆ ਵਿੱਚ ਪਾਣੀ ਵਧਣ ਦੀ ਸੂਚਨਾ ਮਿਲਦੇ ਸਾਰ ਹੀ ਜ਼ਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਗੁੱਜਰਾਂ ਨੂੰ ਰਾਹਤ ਕਾਰਜ ਪਹੁੰਚਾਏ। ਸ਼ਾਮ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਉਝ ਦਰਿਆ ਦਾ ਦੌਰਾ ਕੀਤਾ ਅਤੇ ਉਨ੍ਹਾਂ ਉੱਜੜੇ ਗੁੱਜਰ ਪਰਿਵਾਰਾਂ ਨੂੰ ਬਮਿਆਲ ਦੇ ਸਰਕਾਰੀ ਆਈਟੀਆਈ ਵਿੱਚ ਠਹਿਰਾਉਣ ਸਬੰਧੀ ਆਦੇਸ਼ ਦਿੱਤੇ। ਇਸੇ ਤਰ੍ਹਾਂ ਬਮਿਆਲ ਵਿੱਚ ਨਿਕਾਸੀ ਨਾਲਾ ਓਵਰਫਲੋਅ ਹੋਣ ਕਾਰਨ ਚਾਂਦਨੀ ਚੌਕ ਕੋਲ ਪੈਂਦੀਆਂ 35 ਦੇ ਕਰੀਬ ਦੁਕਾਨਾਂ ਵਿੱਚ ਪਾਣੀ ਭਰ ਗਿਆ। ਇਸੇ ਤਰ੍ਹਾਂ ਤਰਨਾਹ ਅਤੇ ਜਲਾਲੀਆ ਛੋਟੇ ਦਰਿਆਵਾਂ ਵਿੱਚ ਵੀ ਪਾਣੀ ਦਾ ਉਛਾਲ ਆ ਗਿਆ। ਡਿਪਟੀ ਕਮਿਸ਼ਨਰ ਅਨੁਸਾਰ ਉਝ ਦਰਿਆ ਕਾਰਨ ਸਮਰਾਲਾ, ਮੁੱਠੀ, ਦਤਿਆਲ, ਦਨਵਾਲ ਆਦਿ ਵਿੱਚ ਦੂਰ-ਦੂਰ ਤੱਕ ਪਾਣੀ ਦਾਖਲ ਹੋ ਗਿਆ ਤੇ ਫਸਲਾਂ ਡੁੱਬ ਗਈਆਂ ਜਦੋਂਕਿ ਉਝ ਦਰਿਆ ਪਾਰ ਪੈਂਦੇ ਖੂਨੀ ਨਾਲੇ ਕੋਲ ਸੜਕ ਉਪਰ ਪੈਂਦੀ ਪੁਲੀ ਟੁੱਟ ਗਈ ਅਤੇ 14 ਪਿੰਡ ਦੋਸਤਪੁਰ, ਦਨਵਾਲ, ਖੋਜਕੀਚੱਕ, ਪਲਾਹ, ਕੋਟਲੀ ਜਵਾਹਰ, ਸਿੰਬਲ, ਸਕੋਲ ਆਦਿ ਪੂਰੀ ਤਰ੍ਹਾਂ ਕਟ ਗਏ।

Advertisement

ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਵੀ ਪਾਣੀ ਵਧਿਆ
ਹਿਮਾਚਲ ਪ੍ਰਦੇਸ਼ ਦੇ ਚਮੇਰਾ ਪ੍ਰਾਜੈਕਟ ਦੇ ਰੇਡੀਅਲ ਗੇਟ ਅਤੇ ਸਲੂਸ ਵਾਲਵ ਗੇਟ ਖੋਲ੍ਹਣ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਤੇਜ਼ੀ ਨਾਲ ਆਉਣ ’ਤੇ ਡੈਮ ਦੀ 25 ਵਰਗ ਕਿਲੋਮੀਟਰ ਲੰਬਾਈ, ਚੌੜਾਈ ਵਾਲੀ ਝੀਲ ਵਿੱਚ ਪਾਣੀ ਦਾ ਪੱਧਰ ਇੱਕ ਦਨਿ ਵਿੱਚ 4 ਮੀਟਰ ਦੇ ਕਰੀਬ ਵਧ ਗਿਆ। ਡੈਮ ਦੇ ਮੁੱਖ ਇੰਜਨੀਅਰ ਸ਼ੇਰ ਸਿੰਘ ਅਨੁਸਾਰ ਅਜੇ ਕੋਈ ਖਤਰੇ ਵਾਲੀ ਗੱਲ ਨਹੀਂ ਕਿਉਂਕਿ ਝੀਲ ਵਿੱਚ ਅਜੇ ਪਾਣੀ ਜਮ੍ਹਾਂ ਕਰਨ ਦੀ ਹੋਰ ਕਾਫੀ ਸਮਰੱਥਾ ਹੈ। ਜਦ ਕਿ ਉਝ ਦਰਿਆ ਵਿੱਚ ਵੀ ਦੁਪਹਿਰ ਨੂੰ 12: 30 ਵਜੇ ਤੋਂ ਬਾਅਦ ਪਾਣੀ ਦੀ ਆਮਦ ਘਟਣੀ ਸ਼ੁਰੂ ਹੋ ਗਈ।

Advertisement
Tags :
Author Image

Advertisement
Advertisement
×