For the best experience, open
https://m.punjabitribuneonline.com
on your mobile browser.
Advertisement

ਪਠਾਨਕੋਟ ਹਮਲੇ ਦੇ ਸਾਜ਼ਿਸ਼ਘਾੜੇ ਦੀ ਸਿਆਲਕੋਟ ’ਚ ਹੱਤਿਆ

07:35 AM Oct 12, 2023 IST
ਪਠਾਨਕੋਟ ਹਮਲੇ ਦੇ ਸਾਜ਼ਿਸ਼ਘਾੜੇ ਦੀ ਸਿਆਲਕੋਟ ’ਚ ਹੱਤਿਆ
Advertisement

ਨਵੀਂ ਦਿੱਲੀ, 11 ਅਕਤੂਬਰ
ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਡਸਕਾ ਕਸਬੇ ਦੀ ਮਸਜਿਦ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਸ਼ਾਹਿਦ ਲਤੀਫ਼(53) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ਵਿਚ ਲਤੀਫ਼ ਦਾ ਭਰਾ ਵੀ ਮਾਰਿਆ ਗਿਆ। ਲਤੀਫ਼ ਨੂੰ 2016 ਵਿਚ ਪਠਾਨਕੋਟ ’ਚ ਭਾਰਤੀ ਹਵਾਈ ਸੈਨਾ ਦੇ ਬੇਸ ’ਤੇ ਹਮਲੇ ਦਾ ਸਾਜ਼ਿਸ਼ਘਾੜਾ ਮੰਨਿਆ ਜਾਂਦਾ ਹੈ। ਲਤੀਫ ਜੈਸ਼ ਮੁਖੀ ਮਸੂਦ ਅਜ਼ਹਰ ਦੇ ਵਫਾਦਾਰਾਂ ਵਿਚੋਂ ਇਕ ਸੀ। ਲਤੀਫ਼ ਉਰਫ਼ ਬਿਲਾਲ ਨੂੰ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਦਹਿਸ਼ਤਗਰਦ ਐਲਾਨਿਆ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮੋਟਰਸਾਈਕਲ ’ਤੇ ਆਏ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਲਤੀਫ਼ ਤੇ ਉਸ ਦੇ ਭਰਾ ਹੈਰਿਸ ਹਾਸ਼ਿਮ ’ਤੇ ਗੋਲੀਆਂ ਚਲਾਈਆਂ। ਲਤੀਫ ਤੇ ਹਾਸ਼ਿਮ, ਜੋ ਹਥਿਆਰਬੰਦ ਗਾਰਦ ਦੇ ਘੇਰੇ ਵਿਚ ਸਨ, ਉਸ ਮੌਕੇ ਨੂਰ ਮਦੀਨਾ ਮਸਜਿਦ ’ਚੋਂ ਬਾਹਰ ਆ ਰਹੇ ਸਨ। ਦੋਵਾਂ ਦੀ ਥਾਏਂ ਮੌਤ ਹੋ ਗਈ। ਲਾਹੌਰ ਤੋਂ ਏਪੀ ਦੀ ਰਿਪੋਰਟ ਮੁਤਾਬਕ ਹਥਿਆਰਬੰਦ ਹਮਲਾਵਰਾਂ ਨੇ ਅਕੀਦਤਮੰਦ ਬਣ ਕੇ ਮਸਜਿਦ ਅਹਾਤੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਹਾਲ ਦੀ ਘੜੀ ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਥਾਨਕ ਪੁਲੀਸ ਮੁਖੀ ਹਸਨ ਇਕਬਾਲ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਲਤੀਫ਼ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਲਤੀਫ਼ ਉਰਫ਼ ਬਿਲਾਲ ਉਰਫ਼ ਨੂਰ ਅਲ ਦੀਨ 1993 ਵਿੱਚ ਘੁਸਪੈਠ ਕਰਕੇ ਕਸ਼ਮੀਰ ਵਾਦੀ ਵਿੱਚ ਦਾਖਲ ਹੋਇਆ ਸੀ ਤੇ ਸਾਲ ਮਗਰੋਂ ਸੁਰੱਖਿਆ ਬਲਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਜੈਸ਼-ਏ-ਮੁਹੰਮਦ ਦੇ ਬਾਨੀ ਮਸੂਦ ਅਜ਼ਹਰ ਨਾਲ 2010 ਤੱਕ ਜੰਮੂ ਦੀ ਕੋਟ ਬਲਵਾਲ ਜੇਲ੍ਹ ਵਿੱਚ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਰਿਹਾਈ ਮਗਰੋਂ 2010 ਵਿੱਚ ਉਸ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਤੇ ਉਹ ਰਸਮੀ ਤੌਰ ’ਤੇ ਦਹਿਸ਼ਤੀ ਸਮੂਹ ਵਿਚ ਸ਼ਾਮਲ ਹੋ ਗਿਆ। ਲਤੀਫ਼ ਸਿਆਲਕੋਟ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਸੀ ਤੇ ਭਾਰਤ ਵਿੱਚ ਦਹਿਸ਼ਤੀ ਹਮਲਿਆਂ ਦੀ ਪਲਾਨਿੰਗ ਤੇ ਇਨ੍ਹਾਂ ਨੂੰ ਅਮਲ ਵਿਚ ਲਿਆਉਣ ’ਚ ਸ਼ਾਮਲ ਸੀ। ਐੱਨਆਈਏ ਵੱਲੋਂ ਲੋੜੀਂਦਾ ਲਤੀਫ਼ ਪੰਜਾਬ ਦੇ ਗੁੱਜਰਾਂਵਾਲਾ ਦੇ ਅਮੀਨਾਬਾਦ ਦਾ ਵਸਨੀਕ ਸੀ। ਅਧਿਕਾਰੀ ਨੇ ਕਿਹਾ, ‘‘ਲਤੀਫ ਦੀ ਹੱਤਿਆ ਜੈਸ਼-ਏ-ਮੁਹੰਮਦ ਲਈ ਪਾਕਿਸਤਾਨ ਸਰਜ਼ਮੀਨ ’ਤੇ ਵੱਡਾ ਝਟਕਾ ਹੈ।’’ ਲਤੀਫ਼ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਲੋੜੀਂਦਾ ਸੀ। ਚੇਤੇ ਰਹੇ ਕਿ 2 ਜਨਵਰੀ 2016 ਨੂੰ ਜੈਸ਼-ਏ-ਮੁਹੰਮਦ ਦੇ ਚਾਰ ਦਹਿਸ਼ਤਗਰਦਾਂ ਵੱਲੋਂ ਪਠਾਨਕੋਟ ਏਅਰ ਫੋਰਸ ਸਟੇਸ਼ਨ ਵਿੱਚ ਦਾਖ਼ਲ ਹੋ ਕੇ ਕੀਤੇ ਹਮਲੇ ਵਿਚ ਭਾਰਤੀ ਹਵਾਈ ਸੈਨਾ ਦੇ ਸੱਤ ਜਵਾਨ ਸ਼ਹੀਦ ਹੋ ਗਏ ਸਨ। ਏਅਰ ਬੇਸ ਵਿੱਚ ਜੈਸ਼ ਦਹਿਸ਼ਤਗਰਦਾਂ ਨਾਲ ਮੁਕਾਬਲਾ ਤਿੰਨ ਦਿਨ ਤੱਕ ਚੱਲਿਆ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement