ਪਠਾਨਕੋਟ: ਕੈਂਟਰ ਵਿੱਚੋਂ 305 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
ਐੱਨਪੀ ਧਵਨ
ਪਠਾਨਕੋਟ, 14 ਅਕਤੂਬਰ
ਪਠਾਨਕੋਟ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਅੱਜ ਪੁਲੀਸ ਨੇ ਇੱਕ ਕੈਂਟਰ ਵਿੱਚੋਂ ਸ਼ਰਾਬ ਦੀਆਂ 305 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਗੁਜਰਾਤ ਨੰਬਰ ਦੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲੀਸ ਨੇ ਇੱਕ ਕੈਂਟਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 305 ਪੇਟੀਆਂ ਸ਼ਰਾਬ ਬਰਾਮਦ ਹੋਈ।
ਜਾਂਚ ਦੌਰਾਨ ਪਤਾ ਲੱਗਿਆ ਕਿ ਸ਼ਰਾਬ ਦੀ ਬੋਤਲਾਂ ਤੋਂ ਹੋਲੋਗਰਾਮ ਵੀ ਉਤਾਰੇ ਹੋਏ ਸਨ, ਜਦ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੀ ਵੱਡੀ ਮਾਤਰਾ ’ਚ ਸ਼ਰਾਬ ਕਿਸ ਵਿਅਕਤੀ ਨੇ ਮੰਗਵਾਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਚੋਣਾਂ ਨਸ਼ਾ ਰਹਿਤ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸ਼ਰਾਬ, ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਗੈਰ-ਕਾਨੂੰਨੀ ਅਨਸਰਾਂ ਦੀਆਂ ਕਾਰਵਾਈਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਜਗਰਾਉਂ ’ਚ 34 ਪੇਟੀਆਂ ਸ਼ਰਾਬ ਬਰਾਮਦ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ):
ਪੰਚਾਇਤੀ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਭਰਮਾਉਣ ਲਈ ਲਿਆਂਦੀ 34 ਪੇਟੀਆਂ ਸ਼ਰਾਬ ਬਰਾਮਦ ਕਰਕੇ ਦਾਖਾ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਪ ਕਪਤਾਨ ਦਾਖਾ ਵਰਿੰਦਰ ਸਿੰਘ ਖੋਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਦਾਖਾ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੇ ਹੁਕਮਾਂ ’ਤੇ ਐੱਸਆਈ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਸੂਹ ਦੇ ਆਧਾਰ ’ਤੇ ਪਿੰਡ ਭਨੋਹੜ ਨੇੜੇ ਨਾਕਾ ਲਗਾ ਕੇ ਸਕਾਰਪੀਓ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 34 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਪੁਲੀਸ ਟੀਮ ਨੇ ਮੁਲਜ਼ਮ ਲਵਪ੍ਰੀਤ ਸਿੰਘ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਥਾਣਾ ਦਾਖਾ ਵਿੱਚ ਮੁਲਜ਼ਮ ਲਵਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਭਾਰੀ ਮਾਤਰਾ ਵਿੱਚ ਵੰਡਣ ਲਈ ਲਿਆਂਦੀ ਇਹ ਸ਼ਰਾਬ ਤਾਂ ਫੜ ਲਈ ਪਰ ਇਹ ਕਿਹੜੇ ਪਿੰਡ ਦੇ ਉਮੀਦਵਾਰ ਜਾਂ ਪਾਰਟੀ ਦੀ ਸੀ, ਇਸ ਬਾਰੇ ਖੁਲਾਸਾ ਨਹੀਂ ਕੀਤਾ। ਪੁੱਛਣ ’ਤੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਤਫਤੀਸ਼ ਜਾਰੀ ਹੈ ਅਤੇ ਮੁਲਜ਼ਮ ਤੋਂ ਪੁੱਛ ਪੜਤਾਲ ਮਗਰੋਂ ਵੇਰਵੇ ਸਾਹਮਣੇ ਆਉਣਗੇ।