ਪਠਾਣਮਾਜਰਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਦੇਵੀਗੜ੍ਹ, 5 ਸਤੰਬਰ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਦੇਵੀਗੜ੍ਹ ਸਥਿਤ ਆਪਣੇ ਦਫਤਰ ਵਿੱਚ ਲੋਕ ਦਰਬਾਰ ਲਗਾਇਆ। ਇਸ ਦੌਰਾਨ ਉਨ੍ਹਾਂ ਲੋਕਾਂ ਦੇ ਮਸਲੇ ਜਿਵੇਂ ਕਿ ਰਾਸ਼ਨ ਕਾਰਡ, ਪਿੰਡਾਂ ਦੀਆਂ ਪੰਚਾਇਤਾਂ ਦੇ ਮਸਲੇ, ਲੜਾਈਆਂ ਝਗੜਿਆਂ ਦੇ ਮਸਲੇ, ਪੁਲੀਸ ਨਾਲ ਸਬੰਧਤ ਮਸਲੇ, ਪਿੰਡਾਂ ਦੀਆਂ ਗਲੀਆਂ ਨਾਲੀਆਂ ਦੇ ਝਗੜੇ, ਰਾਹ ਗਲੀਆਂ ਦੇ ਝਗੜਿਆਂ ਨੂੰ ਅਧਿਕਾਰੀਆਂ ਨਾਲ ਮਿਲ ਕੇ ਮੌਕੇ ’ਤੇ ਹੀ ਹੱਲ ਕੀਤਾ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਹਲਕੇ ਦੇ ਕਿਸੇ ਵੀ ਪਿੰਡ ਵਾਸੀ ਨੂੰ ਆਪਣੇ ਕੰਮਾਂ ਲਈ ਦਫਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ ਤੇ ਉਨ੍ਹਾਂ ਦੇ ਮਸਲਿਆਂ ਨੂੰ ਹਰ ਵੀਰਵਾਰ ਲੋਕ ਦਰਬਾਰਾਂ ਵਿੱਚ ਹੱਲ ਕੀਤਾ ਜਾਵੇਗਾ। ਇਸ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਵੀ ਬਚੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਜਸਵੰਤ ਸਿੰਘ, ਬੀਡੀਪੀਓ ਬਲਾਕ ਭੁਨਰਹੇੜੀ ਮਹਿੰਦਰਜੀਤ ਸਿੰਘ, ਥਾਣਾ ਮੁਖੀ ਜੁਲਕਾਂ ਮੁਖੀ ਅਜੈ ਕੁਮਾਰ, ਗੁਰਪ੍ਰੀਤ ਗੁਰੀ ਪੀਏ ਤੇ ਐੱਸਡੀਓ ਬਿਜਲੀ ਬੋਰਡ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ‘ਆਪ’ ਆਗੂ ਮੌਜੂਦ ਸਨ।