ਪਠਾਣਮਾਜਰਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 15 ਜੁਲਾਈ
ਵਿਧਾਨ ਸਭਾ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਨਾਲਿਆਂ ਵਿੱਚ ਸੰਭਾਵੀ ਹੜ੍ਹਾਂ ਦੇ ਖ਼ਦਸ਼ੇ ਦੇ ਮੱਦੇਨਜ਼ਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਦੁੁਧਨ ਗੁੱਜਰਾਂ ਵਿੱਚ ਅਦਾਲਤੀਵਾਲਾ ਡਰੇਨ ਦੇ ਪਾਣੀ ਦੀ ਨਿਕਾਸੀ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਟਾਂਗਰੀ ਨਦੀ ਦੇ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਧਿਕਾਰੀਆਂ ਨੂੰ ਕਿਹਾ ਤਾਂ ਕਿ ਭਾਰੀ ਮੀਂਹ ਦੌਰਾਨ ਬੱਨ੍ਹ ਟੁੱਟ ਨਾ ਸਕਣ। ਇਸ ਤੋਂ ਇਲਾਵਾ ਪਿੰਡ ਲੇਹਲਾਂ ਵਿੱਚ ਵੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਉਪਰੰਤ ਰੌਹੜ ਜਾਗੀਰ ਪਿੰਡ ਵਾਸੀਆਂ ਨੂੰ ਹੜ੍ਹ ਦੇ ਪਾਣੀ ਦੀ ਨਿਕਾਸੀ ਦਾ ਹੱਲ ਕੱਢਣ ਲਈ ਅਧਿਕਾਰੀਆਂ ਨੂੰ ਕਿਹਾ। ਪਟਿਆਲਾ ਤੋਂ ਪਿਹੋਵਾ ਵਾਇਆ ਦੇਵੀਗੜ੍ਹ ਰਾਜ ਮਾਰਗ ਜੋ ਕਿ ਪਿੰਡ ਰੌਹੜ ਜਾਗੀਰ ਨੇੜਿਓਂ ਟੁੱਟਿਆ ਹੋਇਆ ਹੈ ਉਸ ਨੂੰ ਜਲਦੀ ਸਿਰੇ ਲਗਾਉਣ ਦੇ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ। ਇਸ ਉਪਰੰਤ ਉਨ੍ਹਾਂ ਹਰਿਆਣਾ ਬਾਰਡਰ ਨਾਲ ਲੱਗਦੇ ਪਿੰਡ ਬੀਬੀਪੁਰ, ਖਰਾਬਗੜ੍ਹ, ਝੁੱਗੀਆਂ, ਬਿੰਜਲ, ਅਹਿਰੂ ਖੁਰਦ, ਧਗੜੌਲੀ, ਖਾਂਸਾ ਤੇ ਰੱਤਾਖੇੜਾ ਆਦਿ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਐੱਸਡੀਐੱਮ ਦੁਧਨਸਾਧਾਂ ਮਨਜੀਤ ਕੌਰ, ਡਰੇਨ ਵਿਭਾਗ ਦੇ ਐਕਸੀਅਨ ਰਾਜ ਕੁਮਾਰ, ਬੀਡੀਪੀਓ ਭੁਨਰਹੇੜੀ ਮਨਦੀਪ ਸਿੰਘ, ਡੀਐੱਸਪੀ ਦਿਹਾਤੀ ਗੁਰਪ੍ਰਤਾਪ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।