ਨਹਿਰੂ ਦਾ ਪਟੇਲ
ਰਾਮਚੰਦਰ ਗੁਹਾ
ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਬਰਸੀ ਭਲਕੇ 27 ਮਈ ਨੂੰ ਹੈ। ਇਸ ਕਾਲਮ ਵਿੱਚ ਅਸੀਂ ਉਨ੍ਹਾਂ ਦੇ ਸਿਆਸੀ ਜੀਵਨ ਅਤੇ ਵੱਲਭਭਾਈ ਪਟੇਲ ਨਾਲ ਉਨ੍ਹਾਂ ਦੇ ਤਾਲਮੇਲ ਦੇ ਇੱਕ ਪ੍ਰਮੁੱਖ ਪਹਿਲੂ ਦੀ ਚਰਚਾ ਕਰਾਂਗੇ। ਆਜ਼ਾਦੀ ਸੰਗਰਾਮ ਅਤੇ ਆਜ਼ਾਦੀ ਦੇ ਮੁੱਢਲੇ ਸਾਲਾਂ ਦੌਰਾਨ ਇਨ੍ਹਾਂ ਦੋਵਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਸੀ। ਇਕੱਠੇ ਕੰਮ ਕਰਨ ਵਾਲੇ ਕਿਸੇ ਵੀ ਦੋ ਜਣਿਆਂ ਵਿਚਕਾਰ ਮੱਤਭੇਦ ਹੁੰਦੇ ਹਨ ਜਿਵੇਂ ਕਿ ਕਿਸੇ ਕ੍ਰਿਕਟ ਟੀਮ ਦੇ ਸਾਥੀ ਖਿਡਾਰੀਆਂ ਜਾਂ ਪਤੀ ਪਤਨੀ ਜਾਂ ਫਿਰ ਕਿਸੇ ਕੰਪਨੀ ਦੇ ਡਾਇਰੈਕਟਰਾਂ ਵਿਚਕਾਰ ਹੁੰਦੇ ਹਨ, ਠੀਕ ਉਵੇਂ ਹੀ ਉਨ੍ਹਾਂ ਦੋਵਾਂ ਵਿਚਕਾਰ ਵੀ ਮੱਤਭੇਦ ਸਨ। ਫਿਰ ਵੀ ਉਨ੍ਹਾਂ ਦੇ ਰਿਸ਼ਤਿਆਂ ਨੂੰ ਸਮੁੱਚਤਾ ਵਿੱਚ ਵੇਖਿਆਂ ਇਹ ਪ੍ਰਤੱਖ ਸਾਂਝੇਦਾਰੀ ਜਾਪਦੀ ਹੈ ਜਿਸ ਵਿੱਚ ਉਨ੍ਹਾਂ ਦੀਆਂ ਖ਼ੂਬੀਆਂ ਇਸ ਤਰ੍ਹਾਂ ਸਮੋਈਆਂ ਗਈਆਂ ਸਨ ਤਾਂ ਕਿ ਉਸ ਦੇਸ਼ ਦੀ ਸੇਵਾ ਵਿੱਚ ਕੰਮ ਆ ਸਕਣ ਜਿਸ ਨੂੰ ਉਹ ਦੋਵੇਂ ਬਹੁਤ ਪਿਆਰ ਕਰਦੇ ਸਨ। ਇਸ ਜ਼ਰੂਰੀ ਭਾਗੀਦਾਰੀ ਨੂੰ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਤਸਲੀਮ ਨਹੀਂ ਕੀਤਾ। ਨਹਿਰੂ ਨੂੰ ਛੁਟਿਆਉਣ ਅਤੇ ਉਨ੍ਹਾਂ ਦੀ ਕੀਮਤ ’ਤੇ ਪਟੇਲ ਨੂੰ ਵਡਿਆਉਣ ਦਾ ਕੋਈ ਵੀ ਮੌਕਾ ਉਹ ਅਜਾਈਂ ਨਹੀਂ ਜਾਣ ਦਿੰਦੇ।
ਜਦੋਂ ਅੰਗਰੇਜ਼ ਸਾਡੇ ’ਤੇ ਰਾਜ ਕਰਦੇ ਸਨ ਤਾਂ ਨਹਿਰੂ ਅਤੇ ਪਟੇਲ ਨੇ ਕਾਂਗਰਸ ਨੂੰ ਭਾਰਤੀ ਸਮਾਜ ਦੇ ਬਹੁਤੇ ਤਬਕਿਆਂ ਦੀ ਜਨਤਕ ਪ੍ਰਤੀਨਿਧ ਸੰਗਠਨ ਬਣਾਉਣ ਵਿੱਚ ਮਦਦ ਕੀਤੀ ਸੀ। ਦੋਵਾਂ ਨੇ ਕਈ ਸਾਲ ਜੇਲ੍ਹ ਵਿੱਚ ਗੁਜ਼ਾਰੇ ਸਨ। ਸ਼ਾਇਦ ਉਨ੍ਹਾਂ ਵੱਲੋਂ ਆਜ਼ਾਦ ਭਾਰਤ ਦੀ ਕੈਬਨਿਟ ਵਿੱਚ ਕੀਤਾ ਗਿਆ ਕੰਮ ਵਧੇਰੇ ਮਹੱਤਵਪੂਰਨ ਸੀ। ਅੰਗਰੇਜ਼ ਦੇਸ਼ ਨੂੰ ਵੰਡ ਅਤੇ ਉਜਾੜੇ ਦੀ ਅਵਸਥਾ ਵਿੱਚ ਸਾਡੇ ਲਈ ਛੱਡ ਗਏ ਸਨ। ਖ਼ਾਨਾਜੰਗੀ, ਵਸਤਾਂ ਦੀ ਕਿੱਲਤ ਅਤੇ ਮਹਿਰੂਮੀ; ਜਾਤ, ਸ਼੍ਰੇਣੀ ਅਤੇ ਲਿੰਗ ਦੀਆਂ ਗਹਿਰੀਆਂ ਅਸਮਾਨਤਾਵਾਂ; ਪੰਜ ਸੌ ਤੋਂ ਵੱਧ ਸ਼ਾਹੀ ਰਿਆਸਤਾਂ ਨੂੰ ਇਕਜੁੱਟ ਕਰਨ ਦੀ ਸਮੱਸਿਆ; ਕਰੋੜਾਂ ਸ਼ਰਨਾਰਥੀਆਂ ਦਾ ਮੁੜ ਵਸੇਬਾ ਕਰਨ ਦੀ ਸਮੱਸਿਆ ਦੇ ਪਿਛੋਕੜ ਵਿੱਚ ਸ਼ਾਇਦ ਹੋਰ ਕਿਸੇ ਦੇਸ਼ ਦਾ ਜਨਮ ਅਜਿਹੇ ਦੁਸ਼ਵਾਰੀਆਂ ਭਰੇ ਹਾਲਾਤ ਵਿੱਚ ਨਹੀਂ ਹੋਇਆ। ਇਸ ਸਭ ਕੁਝ ਦੇ ਬਾਵਜੂਦ 1947 ਤੋਂ 1950 ਵਿਚਕਾਰ ਦੇਸ਼ ਨੂੰ ਨਾ ਕੇਵਲ ਇਕਮੁੱਠ ਰੱਖਣਾ ਸਗੋਂ ਲੋਕਰਾਜੀ ਤਰਜ਼ ਤਹਿਤ ਲਿਆਉਣ ’ਚ ਬਹੁਤ ਸਾਰੇ ਬਾਕਮਾਲ ਦੇਸ਼ਭਗਤਾਂ ਦਾ ਵੱਡਾ ਯੋਗਦਾਨ ਸੀ ਜਿਨ੍ਹਾਂ ਵਿੱਚ ਨਹਿਰੂ ਅਤੇ ਪਟੇਲ ਮੋਹਰੀ ਸਨ।
ਭਾਰਤੀ ਗਣਰਾਜ ਦੇ ਨਿਰਮਾਣ ਵਿੱਚ ਨਹਿਰੂ ਅਤੇ ਪਟੇਲ ਦੇ ਯੋਗਦਾਨ ਦੀ ਤਫ਼ਸੀਲ ਮੇਰੀ ਕਿਤਾਬ ‘ਇੰਡੀਆ ਆਫਟਰ ਗਾਂਧੀ’ ਅਤੇ ਕਈ ਹੋਰ ਕਿਤਾਬਾਂ ਵਿੱਚ ਦਿੱਤੀ ਗਈ ਹੈ ਜਿਵੇਂ ਕਿ ਰਾਜਮੋਹਨ ਗਾਂਧੀ ਵੱਲੋਂ ਲਿਖੀ ਗਈ ਪਟੇਲ ਦੀ ਲਾਸਾਨੀ ਜੀਵਨੀ ਵਿੱਚ। ਨਹਿਰੂ ਨੇ ਔਰਤਾਂ ਅਤੇ ਨਸਲੀ, ਧਾਰਮਿਕ ਤੇ ਭਾਸ਼ਾਈ ਘੱਟਗਿਣਤੀਆਂ ਦੇ ਮੈਂਬਰਾਂ ਲਈ ਬਰਾਬਰ ਦੇ ਅਧਿਕਾਰ ਸੁਨਿਸ਼ਚਿਤ ਕਰਕੇ ਭਾਰਤ ਦੀ ਭਾਵਨਾਤਮਕ ਏਕਤਾ ਉੱਪਰ ਜ਼ੋਰ ਦਿੱਤਾ ਸੀ। ਉਨ੍ਹਾਂ ਵੋਟ ਦੇ ਸਰਬਵਿਆਪੀ ਅਧਿਕਾਰ ਦੇ ਆਧਾਰ ’ਤੇ ਬਹੁ-ਪਾਰਟੀ ਲੋਕਰਾਜ ਦੀ ਪੁਰਜ਼ੋਰ ਪੈਰਵੀ ਕੀਤੀ ਅਤੇ ਇਸ ਤਰ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਗਏ ਸਨ। ਪਟੇਲ ਨੇ ਸ਼ਾਹੀ ਰਿਆਸਤਾਂ ਨੂੰ ਨਾਲ ਲੈ ਕੇ ਭਾਰਤ ਦੀ ਭੂਗੋਲਿਕ ਅਖੰਡਤਾ ਉੱਪਰ ਧਿਆਨ ਕੇਂਦਰਿਤ ਕੀਤਾ ਸੀ; ਉਨ੍ਹਾਂ ਸਿਵਿਲ ਸੇਵਾਵਾਂ ਵਿੱਚ ਸੁਧਾਰ ਲਿਆਉਣ ਅਤੇ ਇਸ ਦੇ ਨਾਲ ਹੀ ਸੰਵਿਧਾਨ ਮੁਤੱਲਕ ਆਮ ਸਹਿਮਤੀ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਇਤਿਹਾਸ ਗਵਾਹ ਹੈ ਕਿ ਸਾਡੀ ਕੌਮੀ ਉਸਾਰੀ ਦੇ ਸ਼ੁਰੂਆਤੀ ਸਾਲਾਂ ਵਿੱਚ ਅਸੀਂ ਕਿੰਨੇ ਖੁਸ਼ਨਸੀਬ ਸਾਂ ਕਿ ਨਹਿਰੂ ਅਤੇ ਪਟੇਲ ਜਿਹੇ ਸਾਡੇ ਆਗੂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਸਨ। ਜਨਤਕ ਅਤੇ ਨਿੱਜੀ ਜੀਵਨ ਵਿੱਚ ਉਹ ਅਕਸਰ ਇੱਕ ਦੂਜੇ ਪ੍ਰਤੀ ਅੰਤਾਂ ਦੇ ਸਤਿਕਾਰ ਦਾ ਪ੍ਰਗਟਾਵਾ ਕਰਦੇ ਸਨ। ਸਤੰਬਰ 1948 ਵਿੱਚ ਪਟੇਲ ਨੇ ਆਪਣੇ ਇੱਕ ਨੌਜਵਾਨ ਸਾਥੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਮਨ ਦਾ ਇਹ ਵਹਿਮ ਦੂਰ ਕੀਤਾ ਸੀ ਕਿ ਉਹ ਤੇ ਜਵਾਹਰਲਾਲ ਵੱਖ ਹੋਣ ਵਾਲੇ ਹਨ। ‘ਇਸ ਵਿੱਚ ਬਿਲਕੁਲ ਵੀ ਸਚਾਈ ਨਹੀਂ ਹੈ... ਬੇਸ਼ੱਕ ਸਾਡੇ ਵਿਚਕਾਰ ਮੱਤਭੇਦ ਹਨ ਜਿਵੇਂ ਕਿ ਸਾਰੇ ਇਮਾਨਦਾਰ ਲੋਕਾਂ ਵਿਚਕਾਰ ਹੁੰਦੇ ਹਨ ਪਰ ਇਸ ਦਾ ਹਰਗਿਜ਼ ਇਹ ਮਤਲਬ ਨਹੀਂ ਕਿ ਸਾਡੇ ਆਪਸੀ ਖਲੂਸ, ਸਤਿਕਾਰ ਅਤੇ ਭਰੋਸੇ ਵਿੱਚ ਕੋਈ ਫ਼ਰਕ ਆਵੇਗਾ।’ ਇਸ ਤੋਂ ਇੱਕ ਸਾਲ ਬਾਅਦ ਨਹਿਰੂ ਦੇ 60ਵੇਂ ਜਨਮ ਦਿਨ ’ਤੇ ਮੁਬਾਰਕਬਾਦ ਦਿੰਦਿਆਂ ਪਟੇਲ ਨੇ ਲਿਖਿਆ ਸੀ: ‘ਵੱਖੋ ਵੱਖਰੇ ਖੇਤਰਾਂ ਦੀ ਸਰਗਰਮੀ ਵਿੱਚ ਇੱਕ ਦੂਜੇ ਨੂੰ ਐਨੇ ਕਰੀਬ ਤੋਂ ਜਾਣਦਿਆਂ ਅਸੀਂ ਸੁਭਾਵਿਕ ਹੀ ਇੱਕ ਦੂਜੇ ਦੇ ਪ੍ਰਸ਼ੰਸਕ ਬਣ ਗਏ ਹਾਂ; ਸਾਲ ਗੁਜ਼ਰਨ ਦੇ ਨਾਲ ਨਾਲ ਸਾਡਾ ਆਪਸੀ ਖਲੂਸ ਵੀ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਲਈ ਇਹ ਕਿਆਸ ਕਰਨਾ ਮੁਸ਼ਕਿਲ ਹੋਵੇਗਾ ਕਿ ਜਦੋਂ ਕਦੇ ਅਸੀਂ ਦੂਰ ਹੁੰਦੇ ਹਾਂ ਜਾਂ ਆਪਣੀਆਂ ਸਮੱਸਿਆਵਾਂ ਅਤੇ ਔਕੜਾਂ ਨੂੰ ਸੁਲਝਾਉਣ ਲਈ ਆਪਸੀ ਸਲਾਹ ਮਸ਼ਵਰਾ ਨਹੀਂ ਕਰ ਪਾਉਂਦੇ ਤਾਂ ਅਸੀਂ ਇੱਕ ਦੂਜੇ ਦੀ ਕਿੰਨੀ ਕਮੀ ਮਹਿਸੂਸ ਕਰਦੇ ਹਾਂ।’
ਉਨ੍ਹਾਂ ਦੀ ਇਸ ਪ੍ਰਸ਼ੰਸਾ ਦਾ ਹੁੰਗਾਰਾ ਵੀ ਭਰਿਆ ਜਾਂਦਾ ਸੀ। ਅਗਸਤ 1947 ਵਿੱਚ ਨਹਿਰੂ ਨੇ ਪਟੇਲ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ‘ਕੈਬਨਿਟ ਦਾ ਸਭ ਤੋਂ ਮਜ਼ਬੂਤ ਸਤੰਭ’ ਕਰਾਰ ਦਿੱਤਾ ਸੀ। ਤਿੰਨ ਸਾਲ ਬਾਅਦ ਜਦੋਂ ਪਟੇਲ ਫ਼ੌਤ ਹੋ ਗਏ ਤਾਂ ਨਹਿਰੂ ਨੇ ਆਪਣੇ ਇਸ ਮਿੱਤਰ ਅਤੇ ਸਾਥੀ ਨੂੰ ‘ਆਜ਼ਾਦੀ ਲਈ ਸੰਘਰਸ਼ ਵਿੱਚ ਸਾਡੇ ਦਸਤਿਆਂ ਦਾ ਇੱਕ ਮਹਾਨ ਕਪਤਾਨ ਅਤੇ ਇੱਕ ਅਜਿਹਾ ਸ਼ਖ਼ਸ ਜੋ ਮੁਸੀਬਤ ਵੇਲੇ ਅਤੇ ਜਿੱਤ ਦੇ ਪਲਾਂ ਵਿੱਚ ਨਿੱਗਰ ਸਲਾਹ ਦਿੰਦਾ ਸੀ’ ਕਰਾਰ ਦਿੱਤਾ ਸੀ। ਪਟੇਲ ਦੇ ਬੇਮਿਸਾਲ ਹੌਸਲੇ, ਅਨੁਸ਼ਾਸਨ, ਜ਼ਬਰਦਸਤ ਸੂਝ ਅਤੇ ਸੰਗਠਨ ਦੇ ਬੋਧ ਦੀ ਸਲਾਹੁਤਾ ਕਰਦਿਆਂ ਨਹਿਰੂ ਨੇ ਕਿਹਾ ਸੀ, ‘‘ਖ਼ਾਸ ਤੌਰ ’ਤੇ ਪੁਰਾਣੀਆਂ ਭਾਰਤੀ ਰਿਆਸਤਾਂ ਦੀ ਔਖੀ ਅਤੇ ਜਟਿਲ ਸਮੱਸਿਆ ਨਾਲ ਸਿੱਝਣ ਵਿੱਚ ਉਨ੍ਹਾਂਜ਼ਹਾਨਤ ਦਾ ਮੁਜ਼ਾਹਰਾ ਕੀਤਾ ਸੀ। ਉਨ੍ਹਾਂ ਇਕਜੁੱਟ ਅਤੇ ਮਜ਼ਬੂਤ ਭਾਰਤ ਦਾ ਆਪਣਾ ਟੀਚਾ ਨਿਸ਼ਚਿਤ ਕੀਤਾ ਅਤੇ ਇਸ ਨੂੰ ਹੁਨਰਮੰਦੀ ਅਤੇ ਦ੍ਰਿੜਤਾ ਨਾਲ ਹਾਸਿਲ ਕਰਨ ਲਈ ਤੁਰ ਪਏ।’’ ਨਹਿਰੂ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੀ ਸ਼ਰਧਾਂਜਲੀ ਮੁਕੰਮਲ ਕੀਤੀ: ‘‘ਇਸ ਦੇਸ਼ ਦੇ ਲੋਕਾਂ ਨੂੰ ਇਸ (ਪਟੇਲ) ਸ਼ਾਨਦਾਰ ਮਿਸਾਲ, ਉਨ੍ਹਾਂ ਦੀ ਦਿਆਨਤ, ਦ੍ਰਿੜਤਾ, ਅਨੁਸ਼ਾਸਨ ਦੇ ਬੋਧ ਨੂੰ ਅਪਣਾਉਣ ਅਤੇ ਉਨ੍ਹਾਂ ਜਿਸ ਆਜ਼ਾਦ, ਮਜ਼ਬੂਤ ਅਤੇ ਖੁਸ਼ਹਾਲ ਭਾਰਤ ਦੇ ਸੰਕਲਪ ਲਈ ਮਿਹਨਤ ਮੁਸ਼ੱਕਤ ਕੀਤੀ ਸੀ, ਉਸ ਨੂੰ ਸਾਕਾਰ ਕਰਨ ਦੀ ਲੋੜ ਹੈ।’’
ਇਤਿਹਾਸਕ ਵਿਦਵਤਾ ਦੇ ਕਾਰਜਾਂ ਨੇ ਇਹ ਸਿੱਧ ਕੀਤਾ ਹੈ ਕਿ ਕਿਵੇਂ ਨਹਿਰੂ ਅਤੇ ਪਟੇਲ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਸਾਥੀਆਂ ਦੀ ਤਰ੍ਹਾਂ ਕੰਮ ਕਰਦੇ ਰਹੇ ਸਨ। ਫਿਰ ਅੱਜ ਉਨ੍ਹਾਂ ਨੂੰ ਇੱਕ ਦੂਜੇ ਦੇ ਵਿਰੋਧੀ ਵਜੋਂ ਪੇਸ਼ ਕਰਨ ਦਾ ਇਹ ਜਨਤਕ ਪ੍ਰਵਚਨ ਕਿਵੇਂ ਆ ਗਿਆ? ਇਸ ਦਾ ਮੂਲ ਦੋਸ਼ੀ ਜਵਾਹਰਲਾਲ ਨਹਿਰੂ ਦਾ ਆਪਣਾ ਪਰਿਵਾਰ ਹੈ। ਜਨਵਰੀ 1966 ਵਿੱਚ ਨਹਿਰੂ ਦੇ ਵਾਰਸ ਵਜੋਂ ਪ੍ਰਧਾਨ ਮੰਤਰੀ ਬਣੇ ਲਾਲ ਬਹਾਦਰ ਸ਼ਾਸਤਰੀ ਦੀ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ ਸੀ ਜਦੋਂ ਉਨ੍ਹਾਂ ਦੀ ਉਮਰ ਸਿਰਫ਼ 61 ਸਾਲ ਸੀ। ਕਾਂਗਰਸ ਆਗੂਆਂ ਨੇ ਸ਼ਾਸਤਰੀ ਦੀ ਵਾਰਸ ਵਜੋਂ ਇੰਦਰਾ ਗਾਂਧੀ ਨੂੰ ਚੁਣ ਲਿਆ ਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਉਸ ਨੂੰ ਕੰਟਰੋਲ ਕਰ ਸਕਦੇ ਹਨ। ਇਹ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਸੀ ਤੇ ਇੰਝ ਸ੍ਰੀਮਤੀ ਗਾਂਧੀ ਨੇ ਪਾਰਟੀ ’ਤੇ ਆਪਣਾ ਸਿੱਕਾ ਜਮਾ ਲਿਆ। ਰਾਜੇ ਰਜਵਾੜਿਆਂ ਦੇ ਵਿਸ਼ੇਸ਼ਾਧਿਕਾਰ (ਪ੍ਰਿਵੀ ਪਰਸਿਜ਼) ਖ਼ਤਮ ਕਰਕੇ ਅਤੇ ਬੰਗਲਾਦੇਸ਼ ਯੁੱਧ ਦੌਰਾਨ ਦਿਖਾਈ ਅਗਵਾਈ ਦੇ ਬਲਬੂਤੇ ਉਨ੍ਹਾਂ ਆਪਣੀ ਦਿੱਖ ਹੋਰ ਜ਼ਿਆਦਾ ਨਿਖਾਰ ਲਈ। ਫਿਰ ਇੰਦਰਾ ਨੂੰ ਜਾਪਿਆ ਕਿ ਹੁਣ ਜਦੋਂ ਪਾਰਟੀ ਅਤੇ ਸਰਕਾਰ ’ਤੇ ਉਨ੍ਹਾਂ ਦਾ ਮੁਕੰਮਲ ਕੰਟਰੋਲ ਕਾਇਮ ਹੋ ਗਿਆ ਹੈ ਤਾਂ ਉਨ੍ਹਾਂ ਕਾਂਗਰਸ ਪਾਰਟੀ ਨੂੰ ਖ਼ਾਨਦਾਨੀ ਕੰਪਨੀ ਵਿੱਚ ਬਦਲਣ ਦਾ ਕਾਰਜ ਵਿੱਢ ਦਿੱਤਾ।
ਸ੍ਰੀਮਤੀ ਗਾਂਧੀ ਕੌਮੀ ਉਸਾਰੀ ਵਿੱਚ ਵੱਲਭਭਾਈ ਪਟੇਲ ਦੇ ਯੋਗਦਾਨ ਤੋਂ ਅਣਜਾਣ ਨਹੀਂ ਸਨ। ਸੰਨ 1974 ਦੀ ਗੱਲ ਹੈ ਜਦੋਂ ਉਨ੍ਹਾਂ ਸਰਦਾਰ ਪਟੇਲ ਦੇ ਨਾਂ ’ਤੇ ਨੈਸ਼ਨਲ ਪੁਲੀਸ ਅਕੈਡਮੀ ਕਾਇਮ ਕੀਤੀ ਸੀ। ਉਂਝ, ਉਨ੍ਹਾਂ ਆਪਣੇ ਪਿਤਾ ਦੀ ਯਾਦ ਨੂੰ ਉਤਸ਼ਾਹਿਤ ਕਰਨ ’ਤੇ ਬੇਤਹਾਸ਼ਾ ਜ਼ੋਰ ਲਾਇਆ, ਜਿਵੇਂ ਕਿ ਉਨ੍ਹਾਂ ਦੇ ਨਾਂ ’ਤੇ ਇੱਕ ਨਵੀਂ ਯੂਨੀਵਰਸਿਟੀ ਸਥਾਪਤ ਕੀਤੀ। ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਪਟੇਲ ਦੀ ਕੀਮਤ ’ਤੇ ਨਹਿਰੂ ਦਾ ਇਹ ਮਹਿਮਾ ਮੰਡਨ ਹੋਰ ਤੇਜ਼ ਹੋ ਗਿਆ ਜਿਵੇਂ ਕਿ 1989 ਵਿੱਚ ਨਹਿਰੂ ਦੀ ਜਨਮ ਸ਼ਤਾਬਦੀ ਸਮਾਗਮ ਜਿਹੇ ਸਰਕਾਰੀ ਸਰਪ੍ਰਸਤੀ ਹੇਠ ਹੋਏ ਤਮਾਸ਼ਿਆਂ ਤੋਂ ਉਜਾਗਰ ਹੋ ਗਿਆ ਸੀ। ਇਸ ਦੇ ਨਾਲ ਹੀ ਰਾਜੀਵ ਨੇ ਆਪਣੀ ਮਾਤਾ ਦੇ ਨਾਂ ਨੂੰ ਆਪਣੇ ਨਾਨੇ ਦੇ ਬਰਾਬਰ ਹੀ ਉਭਾਰਨ ਦੀ ਕੋਸ਼ਿਸ਼ ਕੀਤੀ ਜਿਵੇਂ ਰਾਜਧਾਨੀ ਵਿੱਚ ਉਨ੍ਹਾਂ ਦੇ ਨਾਂ ’ਤੇ ਹਵਾਈ ਅੱਡੇ ਦਾ ਨਿਰਮਾਣ ਕੀਤਾ ਗਿਆ।
ਕਾਂਗਰਸ ਦੇ ਇਤਿਹਾਸ ਨੂੰ, ਇੱਕ ਪਰਿਵਾਰ ਦੀ ਕਹਾਣੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਇੰਦਰਾ ਤੇ ਰਾਜੀਵ ਨੇ ਕੀਤੀ। ਸੋਨੀਆ ਗਾਂਧੀ ਨੇ 1998 ਵਿੱਚ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਅੱਗੇ ਤੋਰਿਆ। ਸੋਨੀਆ ਦੀ ਸਮਝ ’ਚ ਪਾਰਟੀ ਦੇ ਇਤਿਹਾਸ ’ਚ ਵੱਲਭਭਾਈ ਪਟੇਲ ਲਈ ਕੋਈ ਥਾਂ ਨਹੀਂ ਸੀ; ਨਾ ਹੀ ਕਾਂਗਰਸ ਦੇ ਬਾਕੀ ਮਹਾਰਥੀਆਂ ਜਿਵੇਂ ਕਿ ਆਜ਼ਾਦ, ਕਾਮਰਾਜ, ਸਰੋਜਿਨੀ ਨਾਇਡੂ ਅਤੇ ਹੋਰਾਂ ਲਈ ਕੋਈ ਜਗ੍ਹਾ ਸੀ। ਸੋਨੀਆ ਦੀ ਕਾਂਗਰਸ ਦਾ ਝੁਕਾਅ ਕਦੇ ਮਹਾਤਮਾ ਗਾਂਧੀ ਵੱਲ ਰਿਹਾ; ਜਾਂ ਫਿਰ ਪਾਰਟੀ ਦੇ ਇਤਿਹਾਸ ਨੂੰ ਇੱਕ ਪਰਿਵਾਰ ਦੇ ਇਤਿਹਾਸ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ। ਜਿਹੜੇ ਕਾਂਗਰਸੀ ਆਗੂਆਂ ਨੂੰ ਸਤਿਕਾਰਿਆ ਤੇ ਵਡਿਆਇਆ ਗਿਆ, ਉਨ੍ਹਾਂ ’ਚ ਨਹਿਰੂ, ਇੰਦਰਾ ਅਤੇ ਸਾਰਿਆਂ ਤੋਂ ਉੱਤੇ ਰਾਜੀਵ ਗਾਂਧੀ ਸਨ। ਸੰਨ 2004 ਤੋਂ ਲੈ ਕੇ 2014 ਤੱਕ ਕਈ ਵੱਕਾਰੀ ਸਰਕਾਰੀ ਪ੍ਰਾਜੈਕਟਾਂ ਦੇ ਨਾਂ ਰਾਜੀਵ ਗਾਂਧੀ ਦੇ ਨਾਂ ਉੱਤੇ ਰੱਖੇ ਗਏ, ਨਾਲ ਹੀ ਰਾਜੀਵ ਦਾ ਜਨਮ ਦਿਨ ਤੇ ਬਰਸੀ ਮਨਾਉਣ ਉੱਤੇ ਵੀ ਸਰਕਾਰ ਨੇ ਵੱਡੀ ਰਾਸ਼ੀ ਖ਼ਰਚੀ।
ਇੱਕ ਆਰਐੱਸਐੱਸ ਪ੍ਰਚਾਰਕ ਵਜੋਂ ਨਰਿੰਦਰ ਮੋਦੀ ਨੂੰ ਕੇ.ਐੱਸ. ਹੈਡਗੇਵਾਰ ਅਤੇ ਐੱਮ.ਐੱਸ ਗੋਲਵਾਲਕਰ ਦੇ ਤੀਰਥਾਂ ਨੂੰ ਪੂਜਣਾ ਸਿਖਾਇਆ ਗਿਆ। ਭਾਜਪਾ ਪ੍ਰਬੰਧਕ ਵਜੋਂ ਮੋਦੀ ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਤੇ ਦੀਨ ਦਿਆਲ ਉਪਾਧਿਆਏ ਦਾ ਗੁਣਗਾਨ ਕਰਨ ਲਈ ਕਿਹਾ ਗਿਆ। ਵੱਲਭਭਾਈ ਪਟੇਲ ਲਈ ਆਪਣੇ ਸਨੇਹ ਨੂੰ ਮੋਦੀ ਨੇ ਤੁਲਨਾਤਮਕ ਤੌਰ ’ਤੇ ਥੋੜ੍ਹੀ ਦੇਰ ਮਗਰੋਂ ਵਿਸ਼ੇਸ਼ ਤੌਰ ’ਤੇ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਪ੍ਰਗਟ ਕਰਨਾ ਸ਼ੁਰੂ ਕੀਤਾ। ਮੋਦੀ ਵੱਲੋਂ ਪਟੇਲ ਦੇ ਜਨਤਕ ਤੌਰ ’ਤੇ ਪ੍ਰਚਾਰ ਨੇ 2012 ਦੇ ਨੇੜੇ-ਤੇੜੇ ਜ਼ੋਰ ਫੜਿਆ, ਜਦ ਉਨ੍ਹਾਂ ਪ੍ਰਧਾਨ ਮੰਤਰੀ ਬਣਨ ਦੇ ਆਪਣੇ ਮੰਤਵ ਨੂੰ ਜੱਗ ਜ਼ਾਹਿਰ ਕੀਤਾ ਸੀ। ਮੋਦੀ ਦੇ ਉਭਾਰ ’ਚ ਭਾਜਪਾ ਨੇ ਵੀ ਸਰਗਰਮੀ ਨਾਲ ਪਟੇਲ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ।
ਇੱਕ ਲੇਖਕ ਤੇ ਨੌਕਰਸ਼ਾਹ ਵਜੋਂ ਗੋਪਾਲਕ੍ਰਿਸ਼ਨ ਗਾਂਧੀ ਨੇ ਟਿੱਪਣੀ ਕੀਤੀ, ‘ਕਿਉਂਕਿ ਨਹਿਰੂ ਤੋਂ ਬਾਅਦ ਦੀ ਕਾਂਗਰਸ ਨੇ ਪਟੇਲ ਨੂੰ ਵਿਸਾਰ ਦਿੱਤਾ ਸੀ, ਇਸ ਲਈ ਨਰਿੰਦਰ ਮੋਦੀ ਦੀ ਭਾਜਪਾ ਉਨ੍ਹਾਂ ’ਤੇ ‘ਦਾਅਵਾ’ ਕਰਨ ਦੇ ਯੋਗ ਹੋ ਗਈ। ਉਨ੍ਹਾਂ ਗੁਜਰਾਤ ’ਚ ਪਟੇਲ ਨੂੰ ਸਮਰਪਿਤ ਸ਼ਾਨਦਾਰ ਯਾਦਗਾਰ ਬਣਾਈ ਤੇ ਹੁਣ ਕਿਤੇ ਵੀ ਮੌਕਾ ਮਿਲਣ ’ਤੇ ਉਨ੍ਹਾਂ ਦਾ ਨਾਂ ਲੈ ਲੈਂਦੇ ਹਨ। ਵਿਅੰਗਾਤਮਕ ਤਰਾਸਦੀ ਹੈ ਕਿ ਪੂਰੀ ਜ਼ਿੰਦਗੀ ਕਾਂਗਰਸ ਨਾਲ ਰਿਹਾ ਇੱਕ ਵਿਅਕਤੀ, ਭਾਜਪਾ ਦੀ ਪ੍ਰਤੀਕਾਤਮਕ ਸੰਪਤੀ ਬਣ ਗਿਆ ਹੈ।
ਮੋਦੀ ਤੇ ਭਾਜਪਾ ਵੱਲੋਂ ਜਵਾਹਰਲਾਲ ਨਹਿਰੂ ਨੂੰ ਨਾਪਸੰਦ ਕਰਨ ਦੇ ਕਈ ਠੋਸ ਕਾਰਨ ਹਨ। ਨਹਿਰੂ ਦੀ ਧਰਮ-ਨਿਰਪੱਖਤਾ ਉਨ੍ਹਾਂ ਦੇ ਬਹੁਗਿਣਤੀਵਾਦ ਨਾਲ ਖਹਿ ਰਹੀ ਹੈ; ਉਸ ਦੀ ਸਰਬਵਿਆਪਕਤਾ ਦਾ ਓਪਰਿਆਂ ਨਾਲ ਦਵੇਸ਼ ਰੱਖਣ ਦੀ ਉਨ੍ਹਾਂ ਦੀ ਵਿਚਾਰਧਾਰਾ ਨਾਲ ਟਕਰਾਅ ਹੈ; ਆਧੁਨਿਕ ਵਿਗਿਆਨ ਨਾਲ ਨਹਿਰੂ ਦਾ ਲਗਾਅ, ਉਨ੍ਹਾਂ ਦੇ ਉਸ ਅੰਧ-ਵਿਸ਼ਵਾਸ ਦੇ ਉਲਟ ਹੈ ਜਿਸ ’ਚ ਉਨ੍ਹਾਂ ਦਾ ਮੰਨਣਾ ਹੈ ਕਿ ਪੁਰਾਤਨ ਹਿੰਦੂ ਕਿਸੇ ਸਮੇਂ ਸਭ ਕੁਝ ਪਹਿਲਾਂ ਹੀ ਜਾਣਦੇ ਸਨ; ਜੀਵਨ ਪ੍ਰਤੀ ਉਸ (ਨਹਿਰੂ) ਦਾ ਜੋਸ਼ ਉਨ੍ਹਾਂ ਦੇ ਨੈਤਿਕਤਾਵਾਦੀ ਅਤੇ ਰੁਮਾਂਚ ਵਿਹੂਣੇ ਸਵੈ ਨੂੰ ਚੁਣੌਤੀ ਦਿੰਦਾ ਹੈ।
ਹਾਲਾਂਕਿ, ਜਿਸ ਢੰਗ ਨਾਲ ਮੋਦੀ ਤੇ ਭਾਜਪਾ ਨੇ ਨਹਿਰੂ ਦੇ ਚੰਗੇ ਸਾਥੀ ਰਹੇ ਵੱਲਭਭਾਈ ਪਟੇਲ ਦਾ ਨਾਂ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਨੀਵਾਂ ਦਿਖਾਉਣ ਤੇ ਰੱਦ ਕਰਨ ਲਈ ਛੜੀ ਵਜੋਂ ਵਰਤਿਆ ਹੈ, ਉਸ ਤੋਂ ਖ਼ੁਦ ਪਟੇਲ ਵੀ ਹੈਰਾਨ ਰਹਿ ਜਾਂਦੇ। ਕਾਂਗਰਸ ਪਾਰਟੀ ਦੇ ਇਤਿਹਾਸ ਨਾਲ ਸੋਨੀਆ ਗਾਂਧੀ ਦੇ ਪਰਿਵਾਰਕ ਅਤੀਤ ਦੇ ਸਮੀਕਰਨ ਉੱਤੇ ਸਰਦਾਰ ਸ਼ਾਇਦ ਗੁੱਝਾ ਹਾਸਾ ਹੱਸਦੇ ਪਰ ਭਾਜਪਾ ਵੱਲੋਂ ਉਨ੍ਹਾਂ ਦੇ ਨਾਂ ਅਤੇ ਵਿਰਾਸਤ ਦੀ ਦੁਖਦਾਈ ਦੁਰਵਰਤੋਂ ਉੱਤੇ ਉਨ੍ਹਾਂ ਨੂੰ ਬੜਾ ਗੁੱਸਾ ਆਉਂਦਾ ਜਿਸ ਨੂੰ ਅੰਤਿਮ ਸਾਹਾਂ ਤੱਕ ਬਣੇ ਰਹੇ ਉਸ ਸਾਥ ਨੂੰ ਤੋੜਨ ਲਈ ਵਰਤਿਆ ਗਿਆ ਹੈ, ਜਿਸ ਨੇ ਅਸਲ ’ਚ ਦੇਸ਼ ਨੂੰ ਸੁਆਰ ਕੇ ਪੈਰਾਂ ’ਤੇ ਖੜ੍ਹਾ ਕੀਤਾ ਸੀ।
ਜਵਾਹਰਲਾਲ ਨਹਿਰੂ ਤੇ ਵੱਲਭਭਾਈ ਪਟੇਲ ਦੀ ਜੁਗਲਬੰਦੀ ਦੀ ਅਜਿਹੀ ਪਹਿਲੀ ਮਿਸਾਲ ਸੀ ਜਿਸ ਨੇ ਆਜ਼ਾਦ ਭਾਰਤ ’ਚ ਸਿਆਸਤ ਤੇ ਸ਼ਾਸਨ ਕਲਾ ਨੂੰ ਨਵਾਂ ਰੂਪ ਦਿੱਤਾ। ਬਾਅਦ ਦੀਆਂ ਉਦਾਹਰਨਾਂ ’ਚ ਇੰਦਰਾ ਗਾਂਧੀ ਤੇ ਪੀਐੱਨ ਹਕਸਰ, ਅਟਲ ਬਿਹਾਰੀ ਵਾਜਪਈ ਤੇ ਐੱਲ.ਕੇ. ਅਡਵਾਨੀ, ਮਨਮੋਹਨ ਸਿੰਘ ਤੇ ਸੋਨੀਆ ਗਾਂਧੀ, ਅਤੇ ਹਾਲੀਆ ਸਮਿਆਂ ’ਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਇੱਕ ਨਾਗਰਿਕ ਤੇ ਇਤਿਹਾਸਕਾਰ ਵਜੋਂ ਲਿਖਦਿਆਂ ਮੈਂ ਥੋੜ੍ਹੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਭਾਰਤੀ ਬੇਹੱਦ ਖ਼ੁਸ਼ਨਸੀਬ ਸਨ ਜੋ ਸ਼ੁਰੂਆਤ ਦੇ ਉਨ੍ਹਾਂ ਮਹੱਤਵਪੂਰਨ ਸਾਲਾਂ ’ਚ ਉਨ੍ਹਾਂ ਨੂੰ ਨਹਿਰੂ ਤੇ ਪਟੇਲ ਜਿਹੇ ਵਿਅਕਤੀ ਮਿਲੇ। ਸਾਡੇ ਆਧੁਨਿਕ ਇਤਿਹਾਸ ਦੀਆਂ ਸਾਰੀਆਂ ਸਿਆਸੀ ਸਾਂਝਾਂ ਵਿੱਚੋਂ, ਉਨ੍ਹਾਂ ਦਾ ਸਾਥ ਸਭ ਤੋਂ ਸ਼ਾਨਦਾਰ ਸੀ ਤੇ ਨਾਲ ਹੀ ਸਭ ਤੋਂ ਜ਼ਰੂਰੀ ਵੀ।
ਈ-ਮੇਲ: ramachandraguha@yahoo.in