ਪਟੇਲ ਨਗਰ: ਪਾਰਟੀਆਂ ਬਦਲੀਆਂ ਪਰ ਉਮੀਦਵਾਰ ਪੁਰਾਣੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਪੰਜਾਬੀ ਵੋਟਰਾਂ ਦੇ ਪ੍ਰਭਾਵ ਵਾਲੇ ਪਟੇਲ ਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਉਹੀ ਹਨ ਪਰ ਪਾਰਟੀਆਂ ਬਦਲੀਆਂ ਹਨ। ਪਿਛਲੀ ਵਾਰ ਝਾੜੂ ਤੋਂ ਚੋਣ ਲੜਨ ਵਾਲੇ ਰਾਜਕੁਮਾਰ ਆਨੰਦ ਇਸ ਵਾਰ ਭਾਜਪਾ ਵੱਲੋਂ ਮੈਦਾਨ ਵਿੱਚ ਹਨ, ਜਦਕਿ ਇਸੇ ਸੀਟ ਤੋਂ 2020 ਵਿੱਚ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰੇ ਭਾਜਪਾ ਉਮੀਦਵਾਰ ਪ੍ਰਵੇਸ਼ ਰਤਨ ਇਸ ਵਾਰ ‘ਆਪ’ ਉਮੀਦਵਾਰ ਵਜੋਂ ਕੋਸ਼ਿਸ਼ ਕਰ ਰਹੇ ਹਨ। 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕ੍ਰਿਸ਼ਨਾ ਤੀਰਥ ਨੇ ਕਾਂਗਰਸ ਛੱਡ ਕੇ ਇਸ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਕਿਸਮਤ ਅਜ਼ਮਾਈ ਸੀ। ਉਹ ‘ਆਪ’ ਉਮੀਦਵਾਰ ਹਜ਼ਾਰੀ ਲਾਲ ਤੋਂ 34 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਈ। ਫਿਰ 2020 ਵਿੱਚ ਕ੍ਰਿਸ਼ਨਾ ਨੇ ਕਾਂਗਰਸ ਵਿੱਚ ਵਾਪਸੀ ਕੀਤੀ ਅਤੇ ਇੱਥੋਂ ਚੋਣ ਲੜੀ ਅਤੇ ਲਗਾਤਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਸਾਲ 1993 ਵਿੱਚ ਇਸ ਸੀਟ ’ਤੇ ਪਹਿਲੀ ਵਾਰ ਕਮਲ ਖਿੜਿਆ ਸੀ। ਉਸ ਤੋਂ ਬਾਅਦ ਛੇ ਵਿਧਾਨ ਸਭਾ ਚੋਣਾਂ ਹੋਈਆਂ, ਜਿਨ੍ਹਾਂ ਵਿੱਚ ਤਿੰਨ ਵਾਰ ਕਾਂਗਰਸ ਅਤੇ ਪਿਛਲੀਆਂ ਤਿੰਨ ਵਾਰ (2013 ਤੋਂ) ‘ਆਪ’ ਦਾ ਦਬਦਬਾ ਰਿਹਾ ਹੈ। ਪਤੀ-ਪਤਨੀ ਰਾਜਕੁਮਾਰ ਆਨੰਦ (2020) ਅਤੇ ਵੀਨਾ ਆਨੰਦ (2013) ਨੇ ‘ਆਪ’ ਦੀ ਟਿਕਟ ’ਤੇ ਇੱਥੋਂ ਚੋਣ ਜਿੱਤੀ।
ਰਾਜਕੁਮਾਰ ਆਨੰਦ ਦਿੱਲੀ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ, ਪਰ ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਪਾਰਟੀ ਛੱਡ ਕੇ ਨਵੀਂ ਦਿੱਲੀ ਖੇਤਰ ਤੋਂ ਬਸਪਾ ਤੋਂ ਲੋਕ ਸਭਾ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਜਕੁਮਾਰ ਨੂੰ ਨਵੀਂ ਦਿੱਲੀ ਸੰਸਦੀ ਹਲਕੇ ਦੇ ਪਟੇਲ ਨਗਰ ਖੇਤਰ ਤੋਂ ਸਿਰਫ 1,179 ਵੋਟਾਂ ਹੀ ਮਿਲ ਸਕੀਆਂ। ਪਾਰਟੀਆਂ ਬਦਲਦੇ ਹੋਏ ਰਾਜਕੁਮਾਰ ਸਤੰਬਰ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਪਟੇਲ ਨਗਰ ਇਲਾਕਾ 1993 ਵਿੱਚ ਵਿਧਾਨ ਸਭਾ ਹਲਕਾ ਬਣਨ ਨਾਲ ਹੋਂਦ ਵਿੱਚ ਆਇਆ ਸੀ। ਇੱਥੇ ਨਗਰ ਨਿਗਮ ਦੇ ਚਾਰ ਵਾਰਡ ਹਨ ਅਤੇ ਇਨ੍ਹਾਂ ਸਾਰਿਆਂ ਵਿੱਚ ‘ਆਪ’ ਕੌਂਸਲਰ ਹਨ। ਸਾਬਕਾ ਮੇਅਰ ਡਾ. ਸ਼ੈਲੀ ਓਬਰਾਏ ਵੀ ਇਸੇ ਇਲਾਕੇ ਦੇ ਈਸਟ ਪਟੇਲ ਨਗਰ ਵਾਰਡ ਤੋਂ ਕੌਂਸਲਰ ਹਨ। ਰਣਜੀਤ ਨਗਰ ਵਾਰਡ ਤੋਂ ਅੰਕੁਸ਼ ਨਾਰੰਗ, ਫਰੀਦਪੁਰੀ ਵਾਰਡ ਤੋਂ ਕਵਿਤਾ ਚੌਹਾਨ ਅਤੇ ਪ੍ਰੇਮ ਨਗਰ-ਬਲਜੀਤ ਨਗਰ ਵਾਰਡ ਤੋਂ ਰੋਨਾਕਸ਼ੀ ਸ਼ਰਮਾ ਕੌਂਸਲਰ ਹਨ। ਇਸ ਇਲਾਕੇ ਵਿੱਚ ਪੌਸ਼ ਖੇਤਰ ਦੇ ਨਾਲ-ਨਾਲ ਕਲੋਨੀਆਂ ਹਨ ਜਿੱਥੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।