For the best experience, open
https://m.punjabitribuneonline.com
on your mobile browser.
Advertisement

ਪਟਾਕਾ ਮਾਰਕੀਟ: 17 ਨੂੰ ਜਾਰੀ ਹੋਵੇਗੀ ਯੋਗ ਉਮੀਦਵਾਰਾਂ ਦੀ ਸੂਚੀ

11:07 AM Oct 14, 2024 IST
ਪਟਾਕਾ ਮਾਰਕੀਟ  17 ਨੂੰ ਜਾਰੀ ਹੋਵੇਗੀ ਯੋਗ ਉਮੀਦਵਾਰਾਂ ਦੀ ਸੂਚੀ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਕਤੂਬਰ
ਦਿਵਾਲੀ ਮੌਕੇ ਲੁਧਿਆਣਾ ਵਿੱਚ ਹਰ ਸਾਲ ਕਰੋੜਾਂ ਰੁਪਏ ਦੇ ਪਟਾਕਿਆਂ ਦਾ ਵਪਾਰ ਹੁੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਵੱਖ ਵੱਖ ਥਾਵਾਂ ’ਤੇ ਪਟਾਕਿਆਂ ਦੀਆਂ ਹੋਲ ਸੇਲ ਦੁਕਾਨਾਂ ਲਾਈਆਂ ਜਾਂਦੀਆਂ ਹਨ। ਇਸ ਵਾਰ ਵੀ ਲੁਧਿਆਣਾ ’ਚ ਵੱਖ ਵੱਖ ਛੇ ਥਾਵਾਂ ’ਤੇ ਅਜਿਹੀਆਂ ਦੁਕਾਨਾਂ ਲਾਈਆਂ ਜਾ ਰਹੀਆਂ ਹਨ। ਇਨ੍ਹਾਂ ਦੁਕਾਨਾਂ ਦੀ ਅਲਾਟਮੈਂਟ ਪ੍ਰਾਪਤ ਹੋਈਆਂ ਅਰਜ਼ੀਆਂ ਦੀਆਂ ਪਰਚੀਆਂ ਕੱਢ ਕੇ ਕੀਤੀ ਜਾਂਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਲੋਕ ਅਲਾਟ ਹੋਈਆਂ ਦੁਕਾਨਾਂ ਨੂੰ ਅੱਗੋਂ ਹੋਰਨਾਂ ਨੂੰ ਵੇਚ ਕੇ ਦਿਵਾਲੀ ਤੋਂ ਪਹਿਲਾਂ ਹੀ ਮੋਟੀ ਕਮਾਈ ਕਰ ਰਹੇ ਹਨ ਜਿਸ ’ਤੇ ਰੋਕ ਲੱਗਣੀ ਚਾਹੀਦੀ ਹੈ। ਇਸ ਵਾਰ ਦਿਵਾਲੀ ਮੌਕੇ ਲੁਧਿਆਣਾ ਦੀ ਦਾਣਾ ਮੰਡੀ ਸਲੇਮ ਟਾਬਰੀ, ਮਾਡਲ ਟਾਊਨ ਐਕਸਟੈਂਸ਼ਨ, ਦੁੱਗਰੀ ਫੇਸ-2, ਗਲਾਡਾ ਗਰਾਊਂਡ ਵਰਧਮਾਨ ਦੇ ਸਾਹਮਣੇ, ਚਾਰਾ ਮੰਡੀ ਹੈਬੋਵਾਲ ਅਤੇ ਲੋਧੀ ਕਲੱਬ ਰੋਡ ਆਦਿ ਛੇ ਛਾਵਾਂ ’ਤੇ ਹੋਲ ਸੇਲ ਪਟਾਕਿਆਂ ਦੀਆਂ ਦੁਕਾਨਾਂ ਅਲਾਟ ਕੀਤੀਆਂ ਜਾਣੀਆਂ ਹਨ। ਇਸ ਸਬੰਧੀ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਮਿਤੀ 12 ਅਕਤੂਬਰ ਨੂੰ ਖਤਮ ਹੋ ਗਈ ਹੈ। ਆਉਂਦੀ 17 ਅਕਤੂਬਰ ਨੂੰ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ 18 ਅਕਤੂਬਰ ਨੂੰ ਬੱਚਤ ਭਵਨ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਲਗਾਉਣ ਲਈ ਡਰਾਅ ਕੱਢੇ ਜਾਣਗੇ। ਇਸੇ ਤਰ੍ਹਾਂ 19 ਅਤੇ 20 ਅਕਤੂਬਰ ਦਾ ਸਮਾਂ ਉਕਤ ਥਾਵਾਂ ’ਤੇ ਦੁਕਾਨਾਂ ਬਣਾਉਣ ਲਈ ਦਿੱਤਾ ਜਾਵੇਗਾ ਜਦਕਿ ਦੁਕਾਨਾਂ ’ਤੇ ਪਟਾਕਿਆਂ ਦੀ ਵਿਕਰੀ ਦਾ ਕੰਮ 21 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਲੁਧਿਆਣਾ ਫਾਇਰ ਵਰਕਸ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਗੁਪਤਾ ਨੇ ਦੱਸਿਆ ਕਿ ਅਰਜ਼ੀਆਂ ਜਮ੍ਹਾਂ ਕਰਵਾਉਣ ਵਾਲਿਆਂ ਵਿੱਚ ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਦਾ ਪਟਾਕਿਆਂ ਨਾਲ ਦੂਰ-ਦੂਰ ਦਾ ਵਾਸਤਾ ਵੀ ਨਹੀਂ। ਅਜਿਹੇ ਲੋਕਾਂ ਦੀ ਜਦੋਂ ਦੁਕਾਨ ਅਲਾਟ ਦੀ ਪਰਚੀ ਨਿਕਲ ਜਾਂਦੀ ਹੈ ਤਾਂ ਇਹ ਅੱਗੋਂ ਕਿਸੇ ਹੋਰ ਨੂੰ ਦੁਕਾਨ ਵੇਚ ਕੇ ਮੋਟੀ ਕਮਾਈ ਕਰ ਲੈਂਦੇ ਹਨ। ਦਾਣਾ ਮੰਡੀ ਵਿੱਚ ਸਿਰਫ 40 ਦੇ ਕਰੀਬ ਦੁਕਾਨਾਂ ਬਣਨੀਆਂ ਹਨ ਪਰ ਇਸ ਲਈ ਅਰਜ਼ੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਆ ਗਈਆਂ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਮਹਿੰਗਾਈ ਦੇ ਬਾਵਜੂਦ ਇਸ ਵਾਰ ਪਟਾਕਿਆਂ ਦੀਆਂ ਕੀਮਤਾਂ ਵਿੱਚ ਬਹੁਤਾ ਅਸਰ ਦਿਖਾਈ ਨਹੀਂ ਦੇਵੇਗਾ।

Advertisement

Advertisement
Advertisement
Author Image

sukhwinder singh

View all posts

Advertisement