For the best experience, open
https://m.punjabitribuneonline.com
on your mobile browser.
Advertisement

ਮੋਹ ਦੀ ਤੰਦ

07:57 AM Oct 13, 2024 IST
ਮੋਹ ਦੀ ਤੰਦ
Advertisement

ਜਦੋਂ 1978 ’ਚ ਦੋ ਨਵੇਂ ਅਖ਼ਬਾਰਾਂ ਦਾ ਪ੍ਰਕਾਸ਼ਨ ਆਰੰਭ ਹੋਇਆ ਤਾਂ ਉਨ੍ਹਾਂ ਵਿੱਚੋਂ ‘ਪੰਜਾਬੀ ਟ੍ਰਿਬਿਊਨ’ ਮੇਰੇ ਨਾਨਕੇ ਘਰ ਆਉਣਾ ਸ਼ੁਰੂ ਹੋ ਗਿਆ।ਅਖ਼ਬਾਰ ਦੀ ਘਰ ਵਿੱਚ ਪ੍ਰਸ਼ੰਸਾ ਹੁੰਦੀ। ਮੈਨੂੰ ਉਸ ਦੀ ਛਪਾਈ ਤੇ ਕਾਗਜ਼ ਬਾਕੀਆਂ ਦੇ ਮੁਕਾਬਲੇ ਵਧੀਆ ਲੱਗਦਾ। ਮੈਂ ਉਦੋਂ ਨੌਵੀਂ ਵਿੱਚ ਪੜ੍ਹਦਾ ਸੀ। ਜੇਬੀਟੀ ਕਰਨ ਮਗਰੋਂ ਸਾਹਿਤ ਦੀ ਚੇਟਕ ਲੱਗੀ ਤਾਂ ਜੋ ਵੀ ਅਖ਼ਬਾਰ ਮਿਲਦਾ ਉਸ ਦੇ ਸਾਹਿਤਕ ਪੰਨੇ ਪੜ੍ਹਨ ਲੱਗਦਾ। ਨੌਕਰੀ ’ਚ 1985 ਵਿੱਚ ਆਉਣ ਮਗਰੋਂ ‘ਪੰਜਾਬੀ ਟ੍ਰਿਬਿਊਨ’ ਦਾ ਪੱਕਾ ਪਾਠਕ ਬਣ ਗਿਆ। ਸਮਾਂ ਬੀਤਣ ਨਾਲ ਅਖ਼ਬਾਰ ਦੀ ਕੀਤੀ ਚੋਣ ਪਕੇਰੀ ਹੁੰਦੀ ਗਈ। ਸ਼ੁਰੂ ਦੇ ਦਿਨਾਂ ’ਚ ਪਤਾ ਲੱਗਾ ਕਿ ਇਸ ਅਖ਼ਬਾਰ ਨੇ ਰਾਸ਼ੀਫਲ ਛਾਪਣਾ ਬੰਦ ਕਰ ਦਿੱਤਾ ਹੈ, ਅਜਿਹਾ ਫ਼ੈਸਲਾ ਕਰਨਾ ਕੋਈ ਛੋਟੀ ਗੱਲ ਨਹੀਂ ਸੀ। ਸਾਡੇ ਸਮਾਜ ਵਿੱਚ ਰਾਸ਼ੀਫਲ ਕਿਸੇ ਅਖ਼ਬਾਰ ਦੀ ਪੜ੍ਹਨ-ਗਿਣਤੀ ’ਚ ਵਾਧਾ ਕਰਨ ਵਾਲਾ ਇੱਕ ਪ੍ਰਮੁੱਖ ਤੱਥ ਸਮਝਿਆ ਜਾਂਦਾ ਹੈੈ, ਪਰ ਇਸ ਅਖ਼ਬਾਰ ਨੇ ਆਪਣੇ ਹਿੱਤ ਲਈ ਲੋਕਾਂ ’ਚ ਗ਼ੈਰ-ਵਿਗਿਆਨਕ ਵਿਚਾਰ ਪੈਦਾ ਕਰਨ ਦੀ ਥਾਂ ਵਿਗਿਆਨਕ ਸੋਚ ਨੂੰ ਪ੍ਰਣਾਏ ਹੋਣ ਦਾ ਸਬੂਤ ਦਿੱਤਾ। ਅਖ਼ਬਾਰ ਨਾਲ ਮੋਹ ਦੀ ਤੰਦ ਪਕੇਰੀ ਹੋਣ ਦਾ ਕਾਰਨ ਇਹ ਵੀ ਹੈ ਕਿ ਪਾਠਕਾਂ ’ਚ ਸਿਰਜਣਾਤਮਕਤਾ ਦੇ ਬੀਜ ਬੀਜਣ ਤੇ ਵਿਕਸਤ ਕਰਨ ਦੇ ਨਿਰੰਤਰ ਯਤਨ ਕੀਤੇ ਜਾਂਦੇ ਰਹੇ ਹਨ। ਕੁਝ ਨਾਮੀ ਲੇਖਕ ਕਿਸੇ ਸਮੇਂ ਇਸ ਅਖ਼ਬਾਰ ਵਿੱਚ ਚਿੱਠੀ-ਲੇਖਕ ਸਨ। ਕੋਈ ਡੇਢ ਦਹਾਕਾ ਸੰਪਾਦਕ ਦੇ ਨਾਂ ਚਿੱਠੀਆਂ ਲਿਖਦਿਆਂ ਲਿਖਦਿਆਂ ਦਾ ਮੇਰਾ ਸਫ਼ਰ ਲੇਖ ਲਿਖਣ ਤੱਕ ਜਾ ਪੁੱਜਾ। ਬਿਨਾਂ ਕਿਸੇ ਨਿੱਜੀ ਜਾਣ-ਪਛਾਣ ਦੇ ਕਰੀਬ ਦੋ ਦਹਾਕਿਆਂ ਤੋਂ ਮੇਰੀਆਂ ਲਿਖਤਾਂ ਨੂੰ ਮਾਣ ਦਿੱਤਾ ਜਾ ਰਿਹਾ ਹੈ।
ਇਹ ਪੱਖ ਚੰਗਾ ਹੈ ਕਿ ਵਿਦਵਾਨ ਲੇਖਕਾਂ, ਇਤਿਹਾਸਕ ਪਾਰਖੂਆਂ ਤੇ ਆਲੋਚਕਾਂ ਵੱਲੋਂ ਪ੍ਰਕਾਸ਼ਿਤ ਲਿਖਤਾਂ ’ਤੇ ਟਿੱਪਣੀਆਂ ਰਾਹੀਂ ਸਹੀ ਪੱਖ ਦਰਸਾ ਕੇ ਦਰੁਸਤ ਕੀਤਾ ਜਾਂਦਾ ਹੈ। ‘ਪਾਠਕ ਮੰਚ’, ‘ਨੌਜਵਾਨ ਮੰਚ’ ਰਾਹੀਂ ਨੌਜਵਾਨਾਂ ਨੂੰ ਵੱਖ ਵੱਖ ਮਸਲਿਆਂ ’ਤੇ ਲਿਖਣ ਲਈ ਉਤਸ਼ਾਹਿਤ ਕਰਨਾ ਅਖ਼ਬਾਰ ਦੀ ਸ਼ਾਨਦਾਰ ਪਰੰਪਰਾ ਹੈ। ਕੈਪਸ਼ਨ ਮੁਕਾਬਲੇ ’ਚ ਭਾਗ ਲੈਂਦਿਆਂ ਅਨੇਕਾਂ ਪਾਠਕਾਂ ਦੀਆਂ ਕਲਪਨਾ ਉਡਾਰੀਆਂ ਨੇ ਨਵੇਂ ਦਿਸਹੱਦੇ ਦੇਖੇ ਹੋਣਗੇ। ਸ਼ੁਰੂ ਤੋਂ ਲੈ ਕੇ ਹੁਣ ਤੱਕ ਖ਼ਾਸਕਰ ਐਤਵਾਰ ਦੀਆਂ ਸੰਪਾਦਕੀਆਂ ਨੇ ਮੇਰੇ ਮਨ ਵਿੱਚ ਅਹਿਮ ਥਾਂ ਬਣਾਈ ਹੋਈ ਹੈ ਜੋ ਸੂਚਨਾਵਾਂ ਦਾ ਵਿਸ਼ਲੇਸ਼ਣ ਕਰਨ ਵਾਲੀਆਂ ਮਹਿਜ ਅਖ਼ਬਾਰੀ ਰਿਪੋਰਟਾਂ ਹੀ ਨਹੀਂ ਹੁੰਦੀਆਂ ਸਗੋਂ ਸਾਹਿਤਕ ਅੰਸ਼ਾਂ/ ਇਤਿਹਾਸਕ ਹਵਾਲਿਆਂ ਨਾਲ ਮਸਲਿਆਂ ’ਤੇ ਬੇਬਾਕੀ ਨਾਲ ਚਰਚਾ ਕਰਦੀਆਂ ਹਨ। ਮੇਰੀ ਕਿਸੇ ਲਿਖਤ ਨੂੰ ਪੜ੍ਹ ਕੇ ਪਾਠਕਾਂ ਦੇ ਫੋਨ ਆਉਂਦੇ ਹਨ ਤਾਂ ਉਹ ‘ਪੰਜਾਬੀ ਟ੍ਰਿਬਿਊਨ’ ਨਾਲ ਆਪਣੇ ਮੋਹ ਦੀ ਦਾਸਤਾਂ ਨੂੰ ਵੀ ਬਿਆਨ ਕਰਦੇ ਹਨ। ਜਾਪਦਾ ਹੈ ਕਿ ਪੰਜਾਬੀ ਟ੍ਰਿਬਿਊਨ ਨਾਲ ਮੋਹ ਦੀ ਤੰਦ ਮਹਿਜ਼ ਮੇਰੀ ਨਹੀਂ, ਬਹੁਤ ਸਾਰੇ ਪਾਠਕਾਂ ਦੀ ਵੀ ਹੈ।
ਕੁਲਵਿੰਦਰ ਸਿੰਘ ਮਲੋਟ

Advertisement

Advertisement
Advertisement
Author Image

Advertisement