ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨੂਨ

08:43 AM Nov 08, 2023 IST

ਕੁਲਮਿੰਦਰ ਕੌਰ

ਕੋਈ ਸਾਲ ਪਹਿਲਾਂ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਅਸਾਨ ਤਰੀਕਾ ਸੀ ਕਿ ਇਨ੍ਹਾਂ ਦੇ ਰਿਸ਼ਤੇ ਵਿਦੇਸ਼ੋਂ ਆਏ ਮੁੰਡੇ-ਕੁੜੀਆਂ ਨਾਲ ਕਰ ਦਿੱਤੇ ਜਾਣ। ਅਸੀਂ ਆਪਣੀ ਇਕਲੌਤੀ ਧੀ ਬਾਹਰ ਨਹੀਂ ਭੇਜਣਾ ਚਾਹੁੰਦੇ ਸੀ। ਅਸੀਂ ਉਸ ਦੀ ਰਜ਼ਾਮੰਦੀ ਨਾਲ ਆਪਣੇ ਵਰਗੇ ਮੱਧਵਰਗੀ ਪੇਂਡੂ ਪਰਿਵਾਰ ਦਾ ਜ਼ਹੀਨ ਬੁੱਧੀ ਵਾਲਾ ਲੜਕਾ ਪਸੰਦ ਕੀਤਾ। ਲੜਕਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੀਐੱਚਡੀ ਕਰ ਕੇ ਉੱਥੇ ਹੀ ਸਰਕਾਰੀ ਨੌਕਰੀ ਕਰ ਰਿਹਾ ਸੀ। ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਇਸ ਨੇ ਦੱਸਿਆ- “ਅਸੀਂ ਇੱਕੋ ਬੈਚ ਦੇ ਹਮਜਮਾਤੀ ਦੋਸਤਾਂ ਨੇ ਆਸਟਰੇਲੀਆ ਪੱਕੇ ਤੌਰ ’ਤੇ ਜਾਣ ਲਈ ਸਫ਼ਾਰਤਖ਼ਾਨੇ ਅਰਜ਼ੀ ਭੇਜੀ ਸੀ। ਹੁਣ ਸਾਨੂੰ ਉਨ੍ਹਾਂ ਦੇ ਸਵੀਕਾਰ ਕੀਤੇ ਜਾਣ ਦੀ ਸੂਚਨਾ ਆਈ ਹੈ।” ਫਿਰ ਉਸ ਨੇ ਸਾਡੀ ਰਾਇ ਜਾਣਨ ਖਾਤਰ ਪੁੱਛਿਆ ਕਿ ਜੇ ਤੁਸੀਂ ਕਹੋਗੇ ਤਾਂ ਹੀ ਮੈਂ ਕੇਸ ਅੱਗੇ ਚਲਾਵਾਂਗਾ। ਨਾ ਚਾਹੁੰਦੇ ਹੋਏ ਵੀ ਅਸੀਂ ਫੈਸਲਾ ਉਨ੍ਹਾਂ ਦੇ ਪਰਿਵਾਰ ’ਤੇ ਹੀ ਛੱਡ ਦਿੱਤਾ।
ਧੀ ਦੀ ਰਜ਼ਾਮੰਦੀ ਵੀ ਹੋਣ ਤੇ ਚਾਰ ਮਹੀਨੇ ਬਾਅਦ 1995 ਵਿਚ ਇਹ ਆਸਟਰੇਲੀਆ ਦੇ ਸਿਡਨੀ ਸ਼ਹਿਰ ਪਹੁੰਚ ਗਏ। ਕੁਝ ਸਮਾਂ ਤਾਂ ਸਾਡੇ ਦਿਲੋ-ਦਿਮਾਗ ’ਤੇ ਧੀ ਦਾ ਵਿਦੇਸ਼ ਜਾਣਾ ਅਸਹਿ ਲੱਗ ਰਿਹਾ ਸੀ। ਪਤਾ ਨਹੀਂ ਸੀ ਲੱਗਦਾ ਕਿ ਜਿ਼ੰਦਗੀ ਦੇ ਫੈਸਲੇ ਕਿਹੜੀ ਗੈਬੀ ਸ਼ਕਤੀ ਬਦਲ ਦਿੰਦੀ ਹੈ ਪਰ ਜਾਂਦੇ ਹੀ ਅੱਛੀ ਨੌਕਰੀ ਮਿਲ ਗਈ ਤੇ ਉੱਥੇ ਹਰ ਤਰ੍ਹਾਂ ਖੁਸ਼-ਆਨੰਦ ਤੇ ਮੌਜ ’ਚ ਰਹਿਣ ਲੱਗੇ। ਹਰ ਦੋ ਸਾਲ ਤੋਂ ਬਾਅਦ ਮਿਲਣ ਆ ਜਾਂਦੇ। ਹੁਣ ਜਦੋਂ ਇਹ ਸਮਾਂ 28 ਸਾਲ ਪਿੱਛੇ ਰਹਿ ਗਿਆ ਹੈ ਤਾਂ ਹੁਣ ਤਕ ਮੇਰੇ ਪੇਕੇ, ਸਹੁਰੇ ਪਰਿਵਾਰ ’ਚੋਂ ਅਗਲੀ ਪੀੜ੍ਹੀ ਦੇ ਬਾਸ਼ਿੰਦੇ ਵਿਦੇਸ਼ਾਂ ਵਿਚ ਪੱਕੇ ਤੌਰ ’ਤੇ ਵੱਸ ਗਏ ਹਨ। ਮੇਰੀ ਮਾਂ ਆਪਣੇ ਪੋਤੇ-ਪੋਤੀਆਂ ਦੀ ਉਡੀਕ ਵਿਚ ਹੀ ਜਿ਼ੰਦਗੀ ਦੇ ਦਿਨ ਪੂਰੇ ਕਰ ਗਈ। ਮੇਰੀ ਇੱਕ ਭਾਬੀ ਨੂੰ ਆਖ਼ਰੀ ਸਮੇਂ ’ਤੇ ਪੁੱਤ ਦੇ ਆਉਣ ਦਾ ਭੁਲੇਖਾ ਪੈਂਦਾ ਰਿਹਾ। ਮੇਰੀ ਵੱਡੀ ਦੋਹਤੀ ਆਪਣੇ ਬਿਮਾਰ ਨਾਨੇ ਨੂੰ ਮਿਲਣ ਆਈ। ਉਸ ਦਾ ਆਉਣਾ ਹੀ ਦਵਾਈ ਦਾ ਕੰਮ ਕਰ ਗਿਆ ਤੇ ਸਿਹਤ ’ਚ ਕਾਫੀ ਸੁਧਾਰ ਹੋਇਆ।
ਅੱਜ ਹਰ ਪੰਜਾਬੀ ਨੌਜਵਾਨ ਮੁੱਢਲੀ ਪੜ੍ਹਾਈ ਤੋਂ ਬਾਅਦ ਵਿਦੇਸ਼ ਜਾਣ ਲਈ ਕਾਹਲਾ ਹੈ। ਘਰਾਂ ਦੇ ਘਰ ਖਾਲੀ ਹੋਣ ਲੱਗੇ ਹਨ। ਪਿਛੇ ਰਹਿ ਗਏ ਉਨ੍ਹਾਂ ਦੇ ਮਾਪੇ ਜਾਂ ਬਜ਼ੁਰਗਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਗਰੀਬ ਜਾਂ ਮੱਧਵਰਗੀ ਮਾਪੇ ਆਪਣੀ ਜ਼ਮੀਨ ਜਾਇਦਾਦ ਜਾਂ ਜੱਦੀ ਘਰ ਵੇਚ ਕੇ ਵਤਿੋਂ ਬਾਹਰ ਜਾ ਕੇ ਵੀ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ। ਮਹਿੰਗੀ ਪੜ੍ਹਾਈ ਤੇ ਉਪਰੋਂ ਬੇਰੁਜ਼ਗਾਰੀ; ਰੁਲਦੇ ਸਰਟੀਫਿਕੇਟ ਤੇ ਮੈਡਲ ਕਾਣੀ ਕੌਡੀ ਦੇ ਹੋ ਕੇ ਰਹਿ ਗਏ ਹਨ। ਨਸ਼ਿਆਂ ਤੇ ਗੈਂਗਸਟਰ ਵਾਰ ਵਿਚ ਵਾਧਾ ਹੋਇਆ ਹੈ। ਇਸ ਸਭ ਕਾਸੇ ਤੋਂ ਤ੍ਰਹਿੰਦੇ ਮਾਪੇ ਵੀ ਹਰ ਹੀਲੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ। ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਬੱਚੇ ਕਾਲਜ ਜਾਣ ਦੀ ਬਜਾਇ ਆਈਲੈਟਸ ਕਰ ਕੇ ਵਿਦੇਸ਼ ਜਾਣ ਦਾ ਰਸਤਾ ਲੱਭਦੇ ਹਨ ਤੇ ਕਈ ਵਾਰ ਏਜੰਟਾਂ ਦੇ ਧੱਕੇ ਚੜ੍ਹ ਕੇ ਗੈਰ-ਕਾਨੂੰਨੀ ਢੰਗ ਨਾਲ ਜਾਨ ਖਤਰੇ ਵਿਚ ਪਾ ਕੇ ਮੰਜਿ਼ਲ ਵੱਲ ਵਧਦੇ ਹਨ। ਸਾਡੇ ਨਜ਼ਦੀਕੀ ਰਿਸ਼ਤੇਦਾਰ ਦਾ ਲੜਕਾ ਘਰੋਂ ਇੰਗਲੈਂਡ ਜਾਣ ਲਈ ਤੁਰਿਆ ਪਰ ਜਦੋਂ ਸਰਬੀਆ ਤੋਂ ਅੱਗੇ ਜਹਾਜ਼ ਤੋਂ ਲਾਹ ਦਿੱਤਾ। ਉੱਥੋਂ ਲੁਕ-ਛਿਪ ਕੇ ਡੌਂਕੀ ਲਗਾ ਕੇ ਆਸਟਰੀਆ ਪਹੁੰਚ ਗਿਆ ਜਿੱਥੇ ਚਾਰ ਮਹੀਨੇ ਤੋਂ ਸੰਘਰਸ਼ ਕਰ ਰਿਹਾ ਹੈ।
ਬਿਗਾਨੀ ਧਰਤੀ ’ਤੇ ਵੱਸਣ ਦਾ ਜਨੂਨ ਕਿਸੇ ਇੱਕ ਵਰਗ ਦੀ ਕਹਾਣੀ ਨਹੀਂ ਰਹੀ, ਚੰਗੇ ਭਲੇ ਸਰਦੇ ਪੁੱਜਦੇ ਅਮੀਰ ਘਰਾਂ ਦੇ ਨੌਜਵਾਨਾਂ ਦਾ ਵੀ ਆਪਣੀ ਜਨਮ ਭੋਇੰ ਤੋਂ ਮੋਹ ਭੰਗ ਹੋ ਚੁੱਕਾ ਹੈ। ਹੁਣ ਤਾਂ ਇਸ ਜਨੂਨ ਦੀ ਲਪੇਟ ਵਿਚ ਸਾਰਾ ਦੇਸ਼, ਖਾਸ ਕਰ ਕੇ ਪੰਜਾਬ ਆ ਚੁੱਕਾ ਹੈ। ਇਸੇ ਪ੍ਰਸੰਗ ਵਿਚ ਅੱਜ ਮੈਂ ਆਪਣੀ ਧੀ ਦੇ ਵਿਦੇਸ਼ ਤੁਰ ਜਾਣ ਦੇ ਝੋਰੇ ਤੋਂ ਮੁਕਤ ਹੋ ਗਈ ਹਾਂ। ਜੇ ਇੱਥੇ ਹੁੰਦੇ ਤਾਂ ਉਸ ਦੀਆਂ ਧੀਆਂ ਨੇ ਵੀ ਇਸੇ ਜਨੂਨ ਦਾ ਸਿਰਾ ਫੜ ਲੈਣਾ ਸੀ। ਉਨ੍ਹਾਂ ਦੇ ਜਨਮ ਉਥੋਂ ਦੇ ਹਨ ਤੇ ਮਾਹੌਲ ਉਨ੍ਹਾਂ ਦੇ ਅਨੁਕੂਲ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਨੌਕਰੀ ’ਤੇ ਹਨ। ਉਨ੍ਹਾਂ ਦੇ ਪਿੰਡੋਂ ਚਾਚੇ ਭੂਆ ਦੇ ਬੱਚੇ ਬਾਹਰ ਜਾਣ ਲਈ ਤਰਲੋਮੱਛੀ ਹੋ ਰਹੇ ਹਨ। ਮੇਰੇ ਕੋਲ ਵੱਡੇ ਸ਼ਹਿਰ ’ਚ ਰਹਿ ਕੇ ਆਈਲੈਟਸ ਦੋ ਵਾਰ ਕੀਤੀ। ਮੈਂ ਉਨ੍ਹਾਂ ਦੇ ਚਿਹਰਿਆਂ ’ਤੇ ਵੱਧ ਬੈਂਡ ਲੈਣ ਦੀ ਪ੍ਰੇਸ਼ਾਨੀ ਤੇ ਘਬਰਾਹਟ ਦੇਖੀ ਹੈ। ਜੋ ਬੱਚੇ ਪੰਜਾਬ ਵਿਚ ਰਹਿ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ, ਉਹ ਵਿਦੇਸ਼ ਜਾ ਕੇ ਬੁਰੇ ਹਾਲਾਤ ਵਿਚ ਰਹਿੰਦੇ ਤੇ ਮਾੜੇ ਤੋਂ ਮਾੜਾ ਕੰਮ ਕਰਨ ਨੂੰ ਵੀ ਤਿਆਰ ਹੋ ਜਾਂਦੇ ਹਨ। ਉੱਥੇ ਨਵੇਂ ਮਾਹੌਲ ਤੇ ਸਭਿਆਚਾਰ ਨੂੰ ਜਾਣਨ ਸਮਝਣ ਤੇ ਰਚਣ ਮਿਲਣ ਲਈ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰੂਹ ਕੰਬਾਊ ਦੁਖਦਾਈ ਖਬਰਾਂ ਵੀ ਅਕਸਰ ਸੁਣਦੇ ਹਾਂ।
ਸਰਕਾਰਾਂ ਇਸ ਬਾਰੇ ਸੰਜੀਦਾ ਹੀ ਨਹੀਂ ਕਿ ਸਾਡੀ ਜਵਾਨੀ ਵਿਦੇਸ਼ ਜਾ ਰਹੀ ਹੈ ਤੇ ਨਾਲ ਸਰਮਾਇਆ ਵੀ। ਨਾਲ ਹੀ ਵਿਸ਼ਵ ਨੂੰ ਪੈਗ਼ਾਮ ਦਿੱਤਾ ਜਾ ਰਿਹਾ ਹੈ ਕਿ ਦੇਸ਼ ਵਿਚ ਨਾ ਤਾਂ ਮਾਹੌਲ ਸੁਰੱਖਿਅਤ ਹੈ, ਨਾ ਹੀ ਭਵਿੱਖ। ਅੰਧ-ਵਿਸ਼ਵਾਸ, ਜਾਤੀਵਾਦ, ਰਾਜਨੀਤੀ ਤੇ ਸਭ ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਨਵੀਆਂ ਨੀਤੀਆਂ ਘੜਨ ਦੀ ਜ਼ਰੂਰਤ ਹੈ। ਹਰ ਪੰਜਾਬੀ ਨੂੰ ਇਹ ਅਹਿਸਾਸ ਹੋਵੇ ਕਿ ਸਾਡਾ ਭਵਿੱਖ ਪੰਜਾਬ ਵਿਚ ਹੀ ਹੈ, ਵਿਦੇਸ਼ਾਂ ਵਿਚ ਨਹੀਂ। ਇਉਂ ਇਸ ਜਨੂਨ ਨੂੰ ਵੀ ਠੱਲ੍ਹ ਪੈ ਸਕਦੀ ਹੈ।

Advertisement

ਸੰਪਰਕ: 98156-52272

Advertisement
Advertisement