For the best experience, open
https://m.punjabitribuneonline.com
on your mobile browser.
Advertisement

ਚੋਰੀ ਤੇ ਸੀਨਾਜ਼ੋਰੀ ਦਾ ਜਨੂਨ...

07:53 AM Dec 11, 2023 IST
ਚੋਰੀ ਤੇ ਸੀਨਾਜ਼ੋਰੀ ਦਾ ਜਨੂਨ
Advertisement

ਸੁਰਿੰਦਰ ਸਿੰਘ ਤੇਜ

Advertisement

ਸਾਡੇ ਲਈ ਸਟੀਫਾਨ ਬ੍ਰਾਈਟਵੀਜ਼ਰ ਕੋਈ ਚਰਚਿਤ ਨਾਮ ਨਹੀਂ, ਪਰ ਕਲਾਕ੍ਰਿਤੀਆਂ ਦੇ ਕਾਰੋਬਾਰ ਵਰਗੇ ਖੇਤਰ ਵਿਚ ਉਸ ਦੀ ਪਛਾਣ ਬਿਲਕੁਲ ਨਿਵੇਕਲੀ ਹੈ। ਚੋਰ ਵਾਲੀ; ਉਹ ਵੀ ਅਜਬ ਕਿਸਮ ਦੇ। 1994 ਤੋਂ 2001 ਦਰਮਿਆਨ ਉਸਨੇ 172 ਯੂਰੋਪੀਅਨ ਮਿਊਜ਼ੀਅਮਾਂ ਵਿਚੋਂ 300 ਦੇ ਕਰੀਬ ਕਲਾਕ੍ਰਿਤੀਆਂ ਜਾਂ ਵਿਰਾਸਤੀ ਵਸਤਾਂ ਚੁਰਾਈਆਂ ਜਿਨ੍ਹਾਂ ਦੀ ਸਾਂਝੀ ਕੀਮਤ ਦੋ ਅਰਬ ਡਾਲਰਾਂ ਤੋਂ ਵੀ ਵੱਧ ਬਣਦੀ ਹੈ। 14ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਦੀਆਂ ਯਾਦਗਾਰ ਸਨ ਇਹ ਕਲਾਕ੍ਰਿਤੀਆਂ। ਕਲਾਵਾਂ ਦੇ ਚੋਰ ਅਕਸਰ ਅਜਿਹੇ ਕਾਰੇ, ਮੋਟਾ ਧਨ ਕਮਾਉਣ ਲਈ ਕਰਦੇ ਹਨ। ਸਟੀਫਾਨ ਬ੍ਰਾਈਟਵੀਜ਼ਰ ਨੂੰ ਅਜਿਹਾ ਕੋਈ ਲੋਭ ਨਹੀਂ ਸੀ। ਉਹ ਚੋਰੀ ਕੀਤੀਆਂ ਕਲਾਕ੍ਰਿਤੀਆਂ ਨੂੰ ਪੂਰਬੀ ਫਰਾਂਸ ਦੇ ਇਕ ਗੁੰਮਨਾਮ ਕਸਬੇ ਵਿਚ ਸਥਿਤ ਆਪਣੇ ਜੱਦੀ ਘਰ ਦੀ ਪਹਿਲੀ ਮੰਜ਼ਿਲ ’ਤੇ ਜਮ੍ਹਾਂ ਕਰਦਾ ਰਿਹਾ। ਵੇਚਣ ਲਈ ਨਹੀਂ ਬਲਕਿ ਉਨ੍ਹਾਂ ਨੂੰ ਪ੍ਰਸੰਸਾਮਈ ਨਜ਼ਰਾਂ ਨਾਲ ਨਿਹਾਰਨ ਲਈ। ਉਸ ਦੇ ਆਪਣੇ ਸ਼ਬਦਾਂ ਵਿਚ ‘‘ਇਸ ਅਹਿਸਾਸ, ਇਸ ਤਸੱਲੀ ਨਾਲ ਜਿਊਣ ਲਈ ਕਿ ਮੈਂ ਕਲਾ-ਜਗਤ ਦੇ ਬੇਹੱਦ ਅਨਮੋਲ ਖ਼ਜ਼ਾਨੇ ਦਾ ਮਾਲਕ ਹਾਂ।’’ ਇਸ ਅਨੂਠੇ ਚੋਰ ਦੀ ਕਹਾਣੀ ਕਹਿੰਦੀ ਹੈ ਅਮਰੀਕੀ ਪੱਤਰਕਾਰ ਤੇ ਤਜ਼ਕਿਰਾਨਵਾਜ਼ ਮਾਈਕਲ ਫਿੱਨਕੈੱਲ ਦੀ ਨਵੀਂ ਕਿਤਾਬ ‘ਦਿ ਆਰਟ ਥੀਫ’ (ਸਾਇਮਨ ਐਂਡ ਸ਼ੁਸਟਰ; 222 ਪੰਨੇ; 699 ਰੁਪਏ)। ਨਿਹਾਇਤ ਜ਼ਾਇਕੇਦਾਰ ਹੈ ਇਹ ਕਿਤਾਬ, ਆਦਿ ਤੋਂ ਅੰਤ ਤਕ ਪਾਠਕ ਦਾ ਧਿਆਨ ਤੇ ਇਕਾਗਰਤਾ ਬੰਨ੍ਹ ਕੇ ਰੱਖਣ ਵਾਲੀ। ਨਾਲ ਹੀ ਖੋਜੀ ਪੱਤਰਕਾਰੀ ਤੇ ਨਾਟਕੀ ਲੇਖਣ ਸ਼ੈਲੀ ਦਾ ਸੁਮੇਲ।
ਫਿਨਕੈੱਲ ‘ਦਿ ਨਿਊਯੌਰਕ ਟਾਈਮਜ਼’ ਵਿਚ ਇਕ ਦਹਾਕੇ ਤੋਂ ਵੱਧ ਸਮਾਂ ਕੰਮ ਕਰਦਾ ਰਿਹਾ। ਉਸ ਦੀ ਸਾਖ਼ ਖੋਜੀ ਬਿਰਤੀ ਵਾਲੇ ਪੱਤਰਕਾਰ ਵਾਲੀ ਸੀ। ਫਿਰ ਇਕ ਦਿਨ ਇਕ ਪੇਸ਼ੇਵਾਰਾਨਾ ਕੋਤਾਹੀ ਕਾਰਨ ਉਸ ਦੇ ਹੱਥ ‘ਗੁਲਾਬੀ ਸਲਿੱਪ’ (ਬਰਤਰਫ਼ੀ ਦਾ ਪਰਵਾਨਾ) ਫੜਾ ਦਿੱਤੀ ਗਈ। 2001 ਵਿਚ ਵਾਪਰੀ ਇਸ ਘਟਨਾ ਤੋਂ ਉਸ ਨੂੰ ਨਮੋਸ਼ੀ ਬਹੁਤ ਹੋਈ। ਕਈ ਦਿਨਾਂ ਤਕ ਉਹ ਆਪਣੇ ਫਲੈਟ ਵਿਚੋਂ ਬਾਹਰ ਨਹੀਂ ਆਇਆ। ਫਿਰ ਉਸ ਨੇ ਧਾਰ ਲਿਆ ਕਿ ਉਹ ਆਪਣੀ ਬਦਨਸੀਬੀ ਨੂੰ ਖੁਸ਼ਨਸੀਬੀ ਵਿਚ ਬਦਲ ਦੇਵੇਗਾ। ਛਾਂਟੀ ਦੇ ਮੁਆਵਜ਼ੇ ਦੇ ਰੂਪ ਵਿਚ ਮਿਲੀ ਤਿੰਨ ਮਹੀਨਿਆਂ ਦੀ ਤਨਖਾਹ ਤੇ ਕੁਝ ਹੋਰ ਇਵਜ਼ਾਨੇ ਨੂੰ ਉਸ ਨੇ ਸੂਝ-ਬੂਝ ਨਾਲ ਵਰਤ ਕੇ ਛੇ ਮਹੀਨਿਆਂ ਅੰਦਰ ਇਕ ਕਿਤਾਬ ਦਾ ਕੱਚਾ ਖਰੜਾ ਤਿਆਰ ਕਰ ਲਿਆ। ਅਗਲੇ ਛੇ ਮਹੀਨੇ ਉਹ ਆਜ਼ਾਦਾਨਾ ਤੌਰ ’ਤੇ ਵੱਖ-ਵੱਖ ਅਖ਼ਬਾਰਾਂ-ਰਸਲਿਆਂ ਲਈ ਰਚਨਾਵਾਂ ਲਿਖਦਾ ਰਿਹਾ। ਇਸ ਮਗਰੋਂ ਕਿਤਾਬ ਦੇ ਬੁਨਿਆਦੀ ਖਰੜੇ ਨੂੰ ਉਸ ਨੇ ਚਮਕਾਉਣਾ-ਲਿਸ਼ਕਾਉਣਾ ਸ਼ੁਰੂ ਕੀਤਾ। 2005 ਵਿਚ ਇਹ ਕਿਤਾਬ ‘ਟਰੂ ਸਟੋਰੀ’ ਦੇ ਨਾਮ ਹੇਠ ਛਪੀ। ਕਤਲ, ਪ੍ਰੇਮ ਤੇ ਦਗ਼ੇਬਾਜ਼ੀ ਦੀ ਕਹਾਣੀ ਸੀ ਇਹ ਕਿਤਾਬ। ਇਸ ਉਪਰ 2015 ਵਿਚ ‘ਟਰੂ ਸਟੋਰੀ’ ਦੇ ਹੀ ਨਾਮ ਹੇਠ ਹਾਲੀਵੁੱਡ ਨੇ ਫਿਲਮ ਵੀ ਬਣਾਈ ਜਿਸ ਵਿਚ ਜੈਮਜ਼ ਫਰੈਂਕੋ, ਜੋਨਾਹ ਹਿੱਲ ਤੇ ਟੈਲੀਸਿਟੀ ਜੋਨਜ਼ ਦੀਆਂ ਮੁੱਖ ਭੂਮਿਕਾਵਾਂ ਸਨ। ‘ਟਰੂ ਸਟੋਰੀ’ ਕਿਤਾਬ ਤੋਂ ਬਾਅਦ 2017 ਵਿਚ ਪ੍ਰਕਾਸ਼ਿਤ ਦੂਜੀ ਕਿਤਾਬ ‘ਸਟ੍ਰੇਂਜਰ ਇਨ ਦਿ ਵੁੱਡਜ਼’ ਵੀ ਬੈਸਟ ਸੈੱਲਰ ਸਾਬਤ ਹੋਈ। ਅਮਰੀਕੀ ਸੂਬੇ ਮੇਨ (Maine) ਦੇ ਜੰਗਲਾਂ ਵਿਚ ਰਹਿੰਦੇ ਇਕ ਜ਼ਾਹਿਦ (ਸੰਨਿਆਸੀ) ਦੀ ਸੱਚੀ ਕਹਾਣੀ ਹੈ ਇਹ ਕਿਤਾਬ। ਇਸ ਉਪਰ ਵੀ ਹੁਣ ਫਿਲਮ ਬਣ ਰਹੀ ਹੈ। ਹੁਣ ਤੀਜੀ ਕਿਤਾਬ ‘ਦਿ ਆਰਟ ਥੀਫ’ ਵੀ ਬੈਸਟ ਸੈੱਲਰ ਬਣਨ ਵੱਲ ਵਧ ਰਹੀ ਹੈ।
ਮਿਊਜ਼ੀਅਮਾਂ ਵਿਚੋਂ ਕਲਾਕ੍ਰਿਤੀਆਂ ਚੋਰੀ ਹੋਣ ਦੀਆਂ ਘਟਨਾਵਾਂ ਪੱਛਮ ਵਿਚ ਦਰਜਨਾਂ ਉਪਨਿਆਸਾਂ ਤੇ ਫਿਲਮਾਂ ਦਾ ਵਿਸ਼ਾ ਬਣ ਚੁੱਕੀਆਂ ਹਨ। ਇਨ੍ਹਾਂ ਵਿਚੋਂ ‘ਦਿ ਟੌਮਸ ਕ੍ਰਾਊਨ ਅਫੇਅਰ’ ਮੇਰੀ ਪਸੰਦੀਦਾ ਫਿਲਮ ਹੈ। ਪੀਅਰਸ ਬਰੌਸਨਨ ਤੇ ਰੰਨੀ ਰੂਸੌ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਹ ਫਿਲਮ, ਕਲਾਕ੍ਰਿਤੀਆਂ ਦੇ ਇਕ ਅਜਿਹੇ ਚੋਰ ਦੀ ਕਹਾਣੀ ਹੈ ਜੋ ਪਹਿਲਾਂ ਹੀ ਅਰਬਾਂਪਤੀ ਹੈ, ਪਰ ਇਕ ਮਹਿਲਾ ਤਫ਼ਤੀਸ਼ਕਾਰ ਨੂੰ ਇਕ ਤੋਂ ਬਾਅਦ ਦੂਜੀ ਮਾਤ ਦੇਣ ਲਈ ਨਵੇਂ ਸਿਰੇ ਤੋਂ ਚੋਰੀਆਂ ਸ਼ੁਰੂ ਕਰ ਦਿੰਦਾ ਹੈ। ਅਜਿਹੇ ਪਲਾਟ ਤੋਂ ਉਲਟ ਸੀਫਾਨ ਬ੍ਰਾਈਟਵੀਜ਼ਰ ਦਾ ਮਕਸਦ ਬਿਲਕੁਲ ਨਿਰਾਲਾ ਹੈ। ਉਸ ਦੇ ਨਾਲ ਹਮੇਸ਼ਾਂ ਉਸ ਦੀ ਪ੍ਰੇਮਿਕਾ ਐਨ (ਫਰਾਂਸੀਸੀ ਉਚਾਰਣ ਐਨਾ) ਕੈਥੇਰੀਨ ਕਲੀਨਕਲੌਜ਼ ਰਹੀ। ਬ੍ਰਾਈਟਵੀਜ਼ਰ ਦਾ ਹੁਨਰ ਵੀ ਅਨੂਠਾ ਸੀ। ਉਹ ਹਮੇਸ਼ਾ ਸਵਿੱਸ ਆਰਮੀ ਨਾਈਫ (ਭਾਵ ਇਕੋ ਕਵਰ ਦੇ ਅੰਦਰ ਸਮਾ ਜਾਣ ਵਾਲੇ ਕਈ ਚਾਕੂ) ਆਪਣੇ ਕੋਲ ਰੱਖਦਾ ਸੀ। ਇਹ ਸਵਿੱਸ ਹਥਿਆਰ ਚੋਰੀਆਂ ਕਰਨ ਸਮੇਂ ਪੇਚਕੱਸ ਦਾ ਕੰਮ ਵੀ ਕਰਦਾ ਸੀ ਅਤੇ ਕਟਰ ਤੇ ਡਰਿੱਲ ਆਦਿ ਦਾ ਵੀ। ਕੋਈ ਚੋਰੀ 15 ਮਿੰਟ ਲੈਂਦੀ ਸੀ ਅਤੇ ਕੋਈ ਹੋਰ ਦੋ ਘੰਟੇ ਜਾਂ ਇਸ ਤੋਂ ਵੀ ਵੱਧ ਸਮਾਂ। ਉਹ ਪੇਂਟਿੰਗਜ਼ ਜਾਂ ਹੋਰ ਪ੍ਰਾਚੀਨ/ਕਲਾਤਮਿਕ ਵਸਤਾਂ ਵੇਚਦਾ ਨਹੀਂ ਸੀ। ਉਨ੍ਹਾਂ ਆਪਣੀ ਮਾਂ ਦੇ ਨਿਵਾਸ ਦੀ ਉਪਰਲੀ ਮੰਜ਼ਿਲ (ਐਟਿਕ) ’ਤੇ ਪਹੁੰਚਾ ਦਿੱਤਾ ਕਰਦਾ ਸੀ। ਕੋਈ ਵੱਡਾ ਬੁੱਤ ਚੁਰਾਉਣ ਲਈ ਕਈ ਵਾਰ ਬੈਗ ਆਦਿ ਦੀ ਲੋੜ ਪੈਂਦੀ ਸੀ। ਢੁਕਵੇਂ ਬੈਗ ਦੀ ਚੋਣ ਤੇ ਵਰਤੋਂ ਦੀ ਉਸ ਨੂੰ ਮੁਹਾਰਤ ਸੀ। ਛੋਟੀਆਂ ਵਸਤਾਂ ਉਹ ਤੇ ਐਨ-ਕੈਥੇਰੀਨ ਆਪੋ-ਆਪਣੇ ਓਵਰਕੋਟਾਂ ਵਿਚ ਛੁਪਾ ਲੈਂਦੇ ਸਨ। ਉਂਜ, ਇਹੋ ਓਵਰਕੋਟ ਹੀ ਅੰਤ ਵਿਚ ਦੋਵਾਂ ਦੀ ਗ੍ਰਿਫ਼ਤਾਰੀ ਦਾ ਬਾਇਜ਼ ਬਣੇ: ਸਟੀਫਾਨ ਨੇ ਲੂਸਹਨ (Lucerne), ਸਵਿਟਜ਼ਰਲੈਂਡ ਦੇ ਮਿਊਜ਼ੀਅਮ ਵਿਚੋਂ 16ਵੀਂ ਸਦੀ ਨਾਲ ਸਬੰਧਤ ਬਿਗਲ ਚੁਰਾਇਆ। ਉਸ ਸਮੇਂ ਉਸ ਨੇ ਹੱਥਾਂ ਵਿਚ ਦਸਤਾਨੇ ਨਹੀਂ ਸਨ ਪਾਏ ਹੋਏ। ਲਿਹਾਜ਼ਾ, ਉਂਗਲੀਆਂ ਦੇ ਨਿਸ਼ਾਨ ਚੋਰੀ ਵਾਲੀ ਥਾਂ ’ਤੇ ਬਚੇ ਰਹਿਣੇ ਸੁਭਾਵਿਕ ਸਨ। ਐਨ-ਕੈਥੇਰੀਨ ਨੇ ਸਟੀਫਾਨ ’ਤੇ ਦਬਾਅ ਪਾਇਆ ਕਿ ਉਹ ਆਪਣੇ ਨਿਸ਼ਾਨ ਮਿਟਾ ਕੇ ਆਏ। ਦੋ ਦਿਨ ਬਾਅਦ ਉਹ ਸਵੇਰ ਵੇਲੇ ਮਿਊਜ਼ੀਅਮ ਜਾ ਪੁੱਜੇ। ਉਦੋਂ ਤਕ ਮਿਊਜ਼ੀਅਮ ਅਧਿਕਾਰੀਆਂ ਨੂੰ ਚੋਰੀ ਦਾ ਪਤਾ ਲੱਗ ਚੁੱਕਾ ਸੀ। ਗਰਮੀਆਂ ਦੇ ਦਿਨ ਸਨ, ਪਰ ਇਸ ਦੇ ਬਾਵਜੂਦ ਐਨ-ਕੈਥੇਰੀਨ ਤੇ ਸਟੀਫਾਨ ਨੇ ਓਵਰਕੋਟ ਪਾਏ ਹੋਏ ਸਨ। ਸਟੀਫਾਨ ਮਿਊਜ਼ੀਅਮ ਦੇ ਅੰਦਰ ਚਲਾ ਗਿਆ, ਐਨ-ਕੈਥੇਰੀਨ ਬਾਹਰ ਰਹੀ। ਮਿਊਜ਼ੀਅਮ ਨੇੜੇ ਰਹਿੰਦਾ ਇਕ ਪੱਤਰਕਾਰ ਆਪਣਾ ਕੁੱਤਾ ਘਰ ਤੋਂ ਬਾਹਰ ਘੁਮਾਉਣ ਆਇਆ ਹੋਇਆ ਸੀ। ਉਸ ਨੂੰ ਓਵਰਕਟਾਂ ਵਾਲਾ ਜੋੜਾ ਦੇਖ ਕੇ ਸ਼ੱਕ ਹੋਇਆ। ਇਸ ਸ਼ੱਕ ਦੇ ਤਹਿਤ ਉਸ ਨੇ ਮਿਊਜ਼ੀਅਮ ਦੇ ਸੁਰੱਖਿਆ ਅਮਲੇ ਨੂੰ ਵੀ ਚੌਕਸ ਕਰ ਦਿੱਤਾ ਅਤੇ ਪੁਲੀਸ ਨੂੰ ਵੀ। ਸਟੀਫਾਨ ਨੂੰ ਮਿਊਜ਼ੀਅਮ ਦੇ ਰਾਖਿਆਂ ਨੇ ਦਬੋਚ ਲਿਆ ਅਤੇ ਐਨ-ਕੈਥੇਰੀਨ ਨੂੰ ਪੁਲੀਸ ਨੇ।
ਮੁਕੱਦਮਾ ਲੂਸਹਨ (ਸਵਿਟਜਰਲੈਂਡ) ਵਿਚ ਹੀ ਚੱਲਿਆ। ਸਟੀਫਾਨ ਦੇ ਪੂਰਬੀ ਫਰਾਂਸ ਸਥਿਤ ਘਰ ਦੀ ਤਲਾਸ਼ੀ ਦੌਰਾਨ 154 ਚੁਰਾਈਆਂ ਕਲਾਕ੍ਰਿਤੀਆਂ ਤੇ ਪ੍ਰਾਚੀਨ ਵਸਤਾਂ ਮਿਲੀਆਂ। ਇਨ੍ਹਾਂ ਵਿਚ ਹਾਥੀਦੰਦ ’ਤੇ ਨੱਕਾਸ਼ੀ ਦੇ ਬੇਮਿਸਾਲ ਨਮੂਨੇ, 18ਵੀਂ ਸਦੀ ਨਾਲ ਸਬੰਧਤ ਚਾਂਦੀ ਦੇ ਚਮਤਕਾਰ ਪਿਆਲੇ, ਦਰਜਨਾਂ ਕੀਮਤੀ ਤੇਲ-ਚਿੱਤਰ, ਜੌਰਜ ਪੀਟਲ ਵੱਲੋਂ 1627 ਵਿਚ ਤਰਾਸ਼ਿਆ ‘ਐਡਮ ਐਂਡ ਈਵ’ (ਆਦਮ ਤੇ ਹੱਵਾ) ਦਾ ਬੁੱਤ ਅਤੇ ਨੈਪੋਲੀਅਨ ਵੱਲੋਂ ਉਚੇਚੇ ਤੌਰ ’ਤੇ ਤਿਆਰ ਕਰਵਾਇਆ ਦੰਦ-ਖੰਡ ਦਾ ਤਮਾਕੂ-ਬਕਸਾ ਸ਼ਾਮਲ ਸਨ। ਇਨ੍ਹਾਂ 154 ਵਸਤਾਂ ਦੀ ਕੀਮਤ ਉਸ ਸਮੇਂ 1.51 ਅਰਬ ਡਾਲਰ ਬਣਦੀ ਸੀ। ਮੁਕੱਦਮੇ ਦੌਰਾਨ ਐਨ-ਕੈਥੇਰੀਨ, ਸਟੀਫਾਨ ਦੇ ਖਿਲਾਫ਼ ਭੁਗਤੀ। ਉਸ ਨੇ ਹਲਫ਼ ਲੈਣ ਮਗਰੋਂ ਦਾਅਵਾ ਕੀਤਾ ਕਿ ਉਹ ਸਟੀਫਾਨ ਤੋਂ ਹਮੇਸ਼ਾਂ ਭੈਅ ਖਾਂਦੀ ਆਈ ਹੈ। ਉਹ, ਉਸ ਨੂੰ ਹਰ ਸਮੇਂ ਡਰਾ ਕੇ ਰੱਖਦਾ ਸੀ ਅਤੇ ਆਪਣੀ ਮਰਜ਼ੀ ਮੁਤਾਬਿਕ ਕੰਮ ਕਰਵਾਉਂਦਾ ਸੀ। ਇਕ ਵਾਰ ਉਸ ਨੇ ਗਰਭਵਤੀ ਹੋਣ ਮਗਰੋਂ ਇਹ ਤੱਥ ਸਟੀਫਾਨ ਨਾਲ ਸਾਂਝਾ ਨਹੀਂ ਕੀਤਾ। ਪਤਾ ਲੱਗਣ ’ਤੇ ਸਟੀਫਾਨ ਨੇ ਨਾ ਸਿਰਫ਼ ਉਸ ਨੂੰ ਕੁੱਟਿਆ ਸਗੋਂ ਗਰਭ ਵੀ ਗਿਰਵਾ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਨਾ ਤਾਂ ਕਦੇ ਆਪ ਚੋਰੀ ਕੀਤੀ ਅਤੇ ਨਾ ਹੀ ਸਟੀਫਾਨ ਦੀਆਂ ਚੋਰੀਆਂ ਤੋਂ ਕੋਈ ਮਾਇਕ ਲਾਭ ਲਿਆ। ਐਨ-ਕੈਥੇਰੀਨ ਦੀ ਇਹੋ ਗਵਾਹੀ ਉਸ ਨੂੰ ਜੇਲ੍ਹਬੰਦ ਹੋਣ ਤੋਂ ਬਚਾਅ ਗਈ, ਪਰ ਸਟੀਫਾਨ ਦੀ ਮਾਂ ਮੀਰੇਈ ਸਟੈਨਜੈੱਲ ਇੰਨੀ ਖੁਸ਼ਨਸੀਬ ਨਹੀਂ ਰਹੀ। ਉਂਜ, ਉਸ ਨੇ ਵੀ ਆਪਣੇ ਪੁੱਤਰ ਦੀਆਂ ਗਤੀਵਿਧੀਆਂ ਨਾਲ ਕੋਈ ਵਾਸਤਾ ਨਾ ਹੋਣ ਦਾ ਦਾਅਵਾ ਕੀਤਾ। ਉਸ ਦਾ ਕਹਿਣਾ ਸੀ ਕਿ ਪਿਛਲੇ 10 ਵਰ੍ਹਿਆਂ ਦੌਰਾਨ ਉਹ ਇਕ ਵਾਰ ਵੀ ਆਪਣੇ ਘਰ ਦੀ ਪਹਿਲੀ ਮੰਜ਼ਿਲ ’ਤੇ ਨਹੀਂ ਗਈ। ਉਸ ਨੇ ਮੰਨਿਆ ਕਿ ਉਸ ਦੇ ਲੋੜੋਂ ਵੱਧ ਲਾਡ-ਦੁਲਾਰ ਨੇ ਸਟੀਫਾਨ ਨੂੰ ਵਿਗਾੜਿਆ। ਉਹ ਬਹੁਤ ਛੋਟਾ ਸੀ ਜਦੋਂ ਉਸ ਦਾ ਪਿਤਾ, ਮੀਰੇਈ ਨੂੰ ਤਲਾਕ ਦੇ ਗਿਆ। ਇਸ ਦੇ ਬਾਵਜੂਦ ਦਾਦਾ-ਦਾਦੀ ਨੇ ਸਟੀਫਾਨ ਨੂੰ ਲਡਾਉਣਾ ਜਾਰੀ ਰੱਖਿਆ। ਉਹ ਧਨਾਢ ਸਨ, ਸਟੀਫਾਨ ’ਤੇ ਧਨ ਆਦਿ ਬਹੁਤ ਲੁਟਾਉਂਦੇ ਸਨ। ਇਸੇ ਦੌਰਾਨ ਨਾ ਤਾਂ ਸਟੀਫਾਨ ਨੇ ਕੋਈ ਨੌਕਰੀ ਕੀਤੀ ਅਤੇ ਨਾ ਹੀ ਸਰਕਾਰ ਪਾਸੋਂ ਬੇਰੁਜ਼ਗਾਰੀ ਭੱਤਾ ਮੰਗਿਆ। ਉਸ ਨੇ ਇਹ ਦੋਸ਼ ਰੱਦ ਕੀਤਾ ਕਿ ਸਟੀਫਾਨ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਉਸ ਨੇ ਬਹੁਤ ਸਾਰੀਆਂ ਵਿਰਾਸਤੀ ਵਸਤਾਂ ਘਰ ਨੇੜਿਓਂ ਲੰਘਦੀ ਰੌਨ-ਰਾਈਨ ਨਹਿਰ ਵਿਚ ਵਹਾਅ ਦਿੱਤੀਆਂ ਸਨ ਅਤੇ ਪੇਂਟਿੰਗਜ਼ ਆਦਿ ਨੂੰ ਨੇੜਲੇ ਜੰਗਲ ਵਿਚ ਜਾ ਕੇ ਸਾੜ ਦਿੱਤਾ ਸੀ। ਅਦਾਲਤ ਨੇ ਉਸ ਦੀ ਕਹਾਣੀ ’ਤੇ ਇਤਬਾਰ ਨਹੀਂ ਕੀਤਾ ਅਤੇ ਉਸ ਨੂੰ ਸਬੂਤ ਨਸ਼ਟ ਕਰਨ ਦਾ ਦੋਸ਼ੀ ਕਰਾਰ ਦਿੱਤਾ। ਸਜ਼ਾ ਇਕ ਸਾਲ ਦੀ ਕੈਦ ਦੀ ਸੁਣਾਈ ਗਈ, ਪਰ ਤਿੰਨ ਮਹੀਨਿਆਂ ਬਾਅਦ ਹੀ ਉਸ ਨੂੰ ਨੇਕਚਲਨੀ ਦੇ ਆਧਾਰ ’ਤੇ ਆਜ਼ਾਦ ਕਰ ਦਿੱਤਾ ਗਿਆ।
ਸਟੀਫਾਨ ਨੇ ਆਪਣੀ ਸਫ਼ਾਈ ਪੇਸ਼ ਕਰਦਿਆਂ ਆਪਣੇ ਆਪ ਨੂੰ ‘ਕੋਮਲ ਕਲਾਵਾਂ ਦਾ ਮੁਕਤੀਦਾਤਾ’ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਕਲਾਕ੍ਰਿਤੀਆਂ ਤੋਂ ਪੈਸਾ ਬਣਾਉਣ ਦਾ ਉਸ ਦਾ ਕੋਈ ਇਰਾਦਾ ਨਾ ਤਾਂ ਪਹਿਲਾਂ ਸੀ, ਨਾ ਕਦੇ ਰਹੇਗਾ। ਆਪਣੇ ਘਰ, ਖ਼ਾਸ ਕਰਕੇ ਆਪਣੇ ਕਮਰੇ ਵਿਚ ਕਲਾਕ੍ਰਿਤੀਆਂ ਦਰਮਿਆਨ ਘਿਰੇ ਰਹਿਣਾ ਉਸ ਦਾ ਖ਼ਬਤ ਸੀ। ਉਸ ਨੇ ਇਹ ਵੀ ਕਿਹਾ ਕਿ ਮਿਊਜ਼ੀਅਮਾਂ ਵਿਚ ਬੇਸ਼ਕੀਮਤੀ ਕਲਾਕ੍ਰਿਤੀਆਂ ਨੂੰ ਰੋਲਿਆ ਜਾ ਰਿਹਾ ਹੈ। ਇਨ੍ਹਾਂ ਨੂੰ ਦੇਖਣ ਲਈ ਉਹ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਕਲਾਵਾਂ ਦਾ ਸਿਰਫ਼ ਮਾਮੂਲੀ ਗਿਆਨ ਹੈ। ਇਸ ਤੋਂ ਉਲਟ ਉਹ ਖ਼ੁਦ ਨੂੰ ਕਲਾਵਾਂ ਦਾ ਪਾਰਖੂ ਸਮਝਦਾ ਹੈ ਅਤੇ ਇਹ ਮਹਿਸੂਸ ਕਰਦਾ ਹੈ ਕਿ ਉਹ ਇਨ੍ਹਾਂ ਨੂੰ ਬਿਹਤਰ ਢੰਗ ਨਾਲ ਸਹੇਜ ਕੇ ਇਨ੍ਹਾਂ ਦੀ ਸੁਚੱਜੀ ਸੰਭਾਲ ਕਰ ਰਿਹਾ ਹੈ। ਉਹ ਇਹ ਵੀ ਗਿੜਗਿੜਾਇਆ ਕਿ ਉਸ ਦਾ ਕਲਾਕ੍ਰਿਤੀਆਂ ਜਾਂ ਹੋਰ ਮਨੋਹਾਰੀ ਵਸਤਾਂ ਪੱਕੇ ਤੌਰ ’ਤੇ ਆਪਣੇ ਕੋਲ ਰੱਖਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਇਹ ਉਸ ਨੇ ਸਬੰਧਤ ਮਿਊਜ਼ੀਅਮਾਂ ਨੂੰ ਮੋੜ ਦੇਣੀਆਂ ਸਨ। ਉਸ ਦੇ ਵਕੀਲਾਂ ਨੇ ਉਸ ਦੇ ਜਨੂਨ ਨੂੰ ਕਲੈਪਟੋਮੇਨੀਆ ਦੱਸਿਆ ਅਤੇ ਉਸ ਦੇ ਮਨੋਵਿਗਿਆਨਕ ਤੇ ਮਨੋਚਕਿਤਸਕ ਜਾਇਜ਼ੇ ਦੀ ਮੰਗ ਕੀਤੀ। ਜੱਜ ਨੇ ਸਭ ਦਲੀਲਾਂ ਸੁਣਨ ਮਗਰੋਂ ਸਟੀਫਾਨ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਪਰ 26 ਮਹੀਨਿਆਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਈ ਮਗਰੋਂ ਵੀ ਉਹ ਕਲਾਕ੍ਰਿਤੀਆਂ ਚੁਰਾਉਣ ਤੋਂ ਨਹੀਂ ਟਲਿਆ। ਫ਼ਰਕ ਇਹ ਹੈ ਕਿ ਹੁਣ ਉਹ ਬਹੁਤੇ ‘ਕੀਮਤੀ ਮਾਲ’ ਨੂੰ ਹੱਥ ਨਹੀਂ ਪਾਉਂਦਾ। ਪਿਛਲੇ ਕੁਝ ਵਰ੍ਹਿਆਂ ਦੌਰਾਨ ਉਹ ਜਿੱਥੇ ਦੋ ਵਾਰ ਮਹੀਨੇ-ਮਹੀਨੇ ਦੀ ਕੈਦ ਕੱਟ ਚੁੱਕਾ ਹੈ, ਉੱਥੇ ਇਕ ਵਾਰ ਆਪਣੇ ਹੀ ਘਰ ਵਿਚ ਚਾਰ ਮਹੀਨੇ ਲਈ ਨਜ਼ਰਬੰਦ ਰਹਿ ਚੁੱਕਾ ਹੈ।
ਕਿਤਾਬ, ਮਿਊਜ਼ੀਅਮਾਂ ਦੇ ਪ੍ਰਬੰਧਕਾਂ ਤੇ ਨਿਗਰਾਨਾਂ ਲਈ ਚਿਤਾਵਨੀ ਵਾਂਗ ਹੈ ਕਿ ਉਨ੍ਹਾਂ ਵੱਲੋਂ ਕਲਾਕ੍ਰਿਤੀਆਂ ਦੀ ਰਾਖੀ ਲਈ ਉਲੀਕੇ ਕਦਮ ਨਾਕਾਫ਼ੀ ਹਨ। ਸਟੀਫਾਨ ਬ੍ਰਾਈਟਵੀਜ਼ਰ ਜਿਵੇਂ ਬਹੁਤੀ ਲੰਮੀ ਕੈਦ ਤੋਂ ਬਚ ਨਿਕਲਣ ਵਿਚ ਕਾਮਯਾਬ ਰਿਹਾ ਹੈ, ਉਸ ਤੋਂ ਕਾਨੂੰਨੀ ਸ਼ਿਕੰਜਾ ਵੀ ਵੱਧ ਕਾਗਾਰ ਬਣਾਉਣ ਦਾ ਵਿਚਾਰ ਉਚੇਚੇ ਤੌਰ ’ਤੇ ਮਨਾਂ ਵਿਚ ਉਭਰਦਾ ਹੈ। ਕਿਤਾਬ ਦੇ 38 ਚੈਪਟਰਾਂ ਵਿਚੋਂ 30 ਵੱਖ-ਵੱਖ ਵੱਡੀਆਂ ਚੋਰੀਆਂ ਦੀ ਕਹਾਣੀ ਪੇਸ਼ ਕਰਦੇ ਹਨ। ਚੰਗੀ ਗੱਲ ਇਹ ਹੈ ਕਿ ਲੇਖਕ ਨੇ ਸਟੀਫਾਨ ਨਾਲ ਲੰਮੀਆਂ ਮੁਲਾਕਾਤਾਂ ਕਰਨ ਤੇ ਉਸ ਨਾਲ ਕਈ ਦਿਨ ਇਕੱਠਿਆਂ ਬਿਤਾਉਣ ਦੇ ਬਾਵਜੂਦ ਉਸ ਨੂੰ ਨਾ ਤਾਂ ਨਾਇਕ ਵਜੋਂ ਪੇਸ਼ ਕੀਤਾ ਹੈ ਅਤੇ ਨਾ ਹੀ ਪੀੜਿਤ ਵਜੋਂ। ਉਸ ਨੇ ਕਲੈਪਟੋਮੇਨੀਆ ਵਰਗੇ ਮਾਨਸਿਕ ਰੋਗ ਜਾਂ ਸਟੀਫਨ ਦੀ ਮਾਨਸਿਕ ਅਵਸਥਾ ਬਾਰੇ ਬੇਲੋੜੀਆਂ ਟਿੱਪਣੀਆਂ ਤੋਂ ਵੀ ਪਰਹੇਜ਼ ਕੀਤਾ ਹੈ। ਉਸ ਦੀ ਲਿਖਣ-ਸ਼ੈਲੀ ਪੂਰੀ ਚੁਸਤ-ਦਰੁਸਤ ਹੈ, ਰਹੱਸ-ਰੋਮਾਂਚ ਭਰਪੂਰ ਵੀ ਹੈ ਅਤੇ ਪਾਠਕ ਨੂੰ ਸੰਮੋਹਿਤ ਕਰਨ ਵਾਲੀ ਹੈ। ਆਖ਼ਰੀ ਖ਼ੂਬੀ ਇਸ ਕਿਤਾਬ ਨੂੰ ਸੱਚਮੁੱਚ ਹੀ, ਸਵਾਗਤਯੋਗ ਬਣਾਉਂਦੀ ਹੈ।
* * *
* ਜਿਹੜੇ ਪੰਜਾਬੀ ਵੱਟ ਨਾਲ ਦੀ ਇਕ ਗਿੱਠ ਜ਼ਮੀਨ ਕਿਸੇ ਵੱਲ ਵੱਧ ਜਾਂਦੀ ਵੇਖ ਕੇ ਕਤਲ ਕਰਨ ਤਕ ਚਲੇ ਜਾਂਦੇ ਸਨ, ... ਉਹ ਚਾਰ-ਪੰਜ ਘੰਟਿਆਂ ਦੇ ਵਿਖਾਵੇ ਵਾਲੇ ਵਿਆਹ ’ਤੇ ਕਿੱਲਾ ਕਿਸ ਤਰ੍ਹਾਂ ਵੇਚ ਲੈਂਦੇ ਹਨ? ਪੰਜਾਬੀਆਂ ਦੀ ਸੋਚ ਵਿਚ ਆਈ ਇਹ ਤਬਦੀਲੀ ਹੈਰਾਨ ਹੀ ਨਹੀਂ, ਪਰੇਸ਼ਾਨ ਵੀ ਕਰਦੀ ਹੈ।
* ਪੰਜਾਬ ਵਿੱਚੋਂ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਸਤੰਬਰ, ਜਨਵਰੀ ਤੇ ਮਈ ਵਿਚ ਜਦੋਂ ਵਿਦਿਅਕ ਸੈਸ਼ਨ ਸ਼ੁਰੂ ਹੁੰਦਾ ਹੈ ਤਾਂ ਇਨ੍ਹਾਂ ਮਹੀਨਿਆਂ ਵਿਚ ਨਵੀਂ ਦਿੱਲੀ ਤੋਂ ਟੋਰਾਂਟੋ ਤੱਕ ਦੇ ਹਵਾਈ ਸਫ਼ਰ ਲਈ ਟਿਕਟ ਦੀ ਕੀਮਤ ਆਮ ਨਾਲੋਂ ਦੋ ਗੁਣਾ ਜਾਂ ਇਸ ਤੋਂ ਵੱਧ ਹੋ ਜਾਦੀ ਹੈ।
* ਮਾਝੇ ਤੇ ਦੁਆਬੇ ’ਚ ਕਦੇ ਗੇੜਾ ਮਾਰੋਗੇ ਤਾਂ ਵੇਖਣਾ ਵੱਡੀਆਂ ਕੋਠੀਆਂ ’ਤੇ ਟਰੈਕਟਰ ਚੜ੍ਹੇ ਹੋਏ ਹਨ। ਪਾਣੀ ਵਾਲੀ ਟੈਂਕੀ ਦਾ ਮਾਡਲ ਕਿਤੇ ਟਰੈਕਟਰ ਦਾ ਹੈ, ਕਿਤੇ ਜ਼ਹਾਜ਼ ਦਾ। ਇਹ ਮਾਨਸਿਕਤਾ ਕਿਸ ਤਰ੍ਹਾਂ ਦੇ ਪਾਣੀ ਵਿਚ ਭਿੱਜੀ ਹੋਈ ਹੈ? ... ਝੱਲ ਖਿਲਾਰਨ ਵਾਲਿਆਂ ਨੇ ਆਹ ਦਿਨ ਦਿਖਾਏ ਹਨ।
ਉਪਰੋਕਤ ਸਾਰੇ ਨੁਕਤੇ ਗੁਰਪ੍ਰੀਤ ਸਿੰਘ ਤੂਰ ਤੇ ਬਲਵੰਤ ਸਿੰਘ ਸੰਧੂ ਵੱਲੋਂ ਸੰਪਾਦਿਤ ਪੁਸਤਕ ‘ਪੰਜਾਬੀਆਂ ਦੇ ਅਥਾਹ ਤੇ ਫ਼ਜ਼ੂਲ ਖਰਚੇ’ (ਪੀਪਲਜ਼ ਫੋਰਮ, ਬਰਗਾੜੀ; 200 ਪੰਨੇ; 200 ਰੁਪਏ) ਦਾ ਹਿੱਸਾ ਹਨ। ‘ਕਾਫ਼ਲਾ: ਜੀਵੇ ਪੰਜਾਬ’ ਦੀ ਇਹ ਪੇਸ਼ਕਸ਼ 28 ਨਬਿੰਧਾਂ ਦੇ ਸੰਗ੍ਰਹਿ ਦੇ ਰੂਪ ਵਿਚ ਹੈ। ਇਹ ਸਾਰੇ ਨਬਿੰਧ ਪੰਜਾਬ ਦੇ ਸਮਾਜਿਕ-ਆਰਥਿਕ ਜੀਵਨ ਵਿਚ ਉੱਭਰੇ ਕਾਣਾਂ ਤੇ ਔਗੁਣਾਂ, ਖ਼ਾਸ ਤੌਰ ’ਤੇ ਫ਼ਜ਼ੂਲਖਰਚੀ, ਵਿਖਾਵੇਬਾਜ਼ੀ ਤੇ ਨਸ਼ਾਖੋਰੀ ਉੱਤੇ ਕੇਂਦਰਿਤ ਹਨ। ਪੁਸਤਕ ਦੇ ਸੱਤ ਅਨੁਭਾਗ ਹਨ: ਪਹਿਲਾ ਵਿਆਹਾਂ, ਦੂਜਾ ਖੇਤੀ ਤੇ ਪਾਣੀ, ਤੀਜਾ ਘਰਾਂ ਤੇ ਕੋਠੀਆਂ, ਚੌਥਾ ਮੋਟਰ ਗੱਡੀਆਂ, ਪੰਜਵਾਂ ਪਰਵਾਸ ਜਾਣ ਦੀ ਲਹਿਰ, ਛੇਵਾਂ ਨਸ਼ਿਆਂ ਅਤੇ ਸੱਤਵਾਂ ਸਾਡੇ ਸਮਾਜਿਕ-ਭਾਈਚਾਰਕ ਜੀਵਨ ਵਿਚ ਸ਼ਾਹਖਰਚੀ ਵਰਗੇ ਰੁਝਾਨਾਂ ਦੀ ਨਿਸ਼ਾਨਦੇਹੀ ਵੀ ਕਰਦੇ ਹਨ ਅਤੇ ਨਿਦਾਨ ਵੀ ਸੁਝਾਉਂਦੇ ਹਨ। ਨਬਿੰਧਕਾਰਾਂ ਵਿਚ ਹੋਰਨਾਂ ਤੋਂ ਇਲਾਵਾ ਡਾ. ਨਿਰਮਲ ਜੌੜਾ, ਪ੍ਰਿੰਸੀਪਲ ਸਰਵਣ ਸਿੰਘ, ਡਾ. ਦਵਿੰਦਰ ਸੈਫ਼ੀ, ਡਾ. ਰਣਜੀਤ ਸਿੰਘ ਘੁੰਮਣ, ਡਾ. ਸ਼ਿਆਮ ਸੁੰਦਰ ਦੀਪਤੀ ਤੇ ਪ੍ਰੋ. ਅਵਤਾਰ ਸਿੰਘ ਦੇ ਨਾਮ ਸ਼ਾਮਲ ਹਨ। ਭੂਮਿਕਾ ਵਿਚ ਗੁਰਪ੍ਰੀਤ ਸਿੰਘ ਤੂਰ (ਜੋ ਕਿ ਸੇਵਾਮੁਕਤ ਉੱਚ ਪੁਲੀਸ ਅਫ਼ਸਰ ਹਨ) ਲਿਖਦੇ ਹਨ: ‘‘...ਇਸ ਵੇਲੇ ਪੰਜਾਬ ਦੇ ਹਾਲਾਤ ਗਾਰ ਵਿਚ ਫਸੇ ਹਿਰਨ ਵਰਗੇ ਹਨ। ਪਰ ਵਖਰੇਵਾਂ ਇਹ ਹੈ ਕਿ ਰਾਜਨੀਤਕ ਤੇ ਪ੍ਰਸ਼ਾਸਨਿਕ ਲੋਕ ਉਸ ਨੂੰ ਗਾਰ ਵਿਚੋਂ ਕੱਢਣ ਦੇ ਯਤਨਾਂ ਦੀ ਬਜਾਏ ਕਿਨਾਰੇ ਖੜ੍ਹ ਕੇ ਸਭ ਕੁਝ ਵੇਖ ਰਹੇ ਹਨ। ਬਹੁਗਿਣਤੀ ਨੂੰ ਤਾਂ ਇਸ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਹੀ ਨਹੀਂ ਹੈ...।’’ ਇਹ ਅਹਿਸਾਸ ਜਗਾਉਣ ਦਾ ਸੁਚੱਜਾ ਉਪਰਾਲਾ ਹੈ ਇਹ ਪੁਸਤਕ।

Advertisement
Author Image

Advertisement
Advertisement
×