ਮਹਿਲਾ ਰੰਗਰੂਟਾਂ ਦੀ ਪਾਸਿੰਗ ਆਊਟ ਪਰੇਡ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਫ਼ਰਵਰੀ
ਸੀਮਾ ਸੁਰੱਖਿਆ ਬਲ ਦੇ ਸਹਾਇਕ ਟ੍ਰੇਨਿੰਗ ਸੈਂਟਰ ਖੜਕਾਂ ਵਿਖੇ ਬੁਨਿਆਦੀ ਸਿਖਲਾਈ ਲੈ ਚੁੱਕੀਆਂ ਮਹਿਲਾ ਰੰਗਰੂਟਾਂ ਦੇ ਬੈਚ ਨੰਬਰ-265 ਦੀ ਪਾਸਿੰਗ ਆਊਟ ਪਰੇਡ ਅਤੇ ਸਹੁੰ ਚੁੱਕ ਸਮਾਗਮ ਅੱਜ ਇੱਥੇ ਹੋਇਆ।
ਸਿਖਲਾਈ ਕੇਂਦਰ ਦੇ ਇੰਚਾਰਜ ਆਈ.ਜੀ ਅਜ਼ਾਦ ਸਿੰਘ ਮਲਿਕ ਮੁੱਖ ਮਹਿਮਾਨ ਵਜੋਂ ਸਮਾਗਮ ’ਚ ਸ਼ਾਮਿਲ ਹੋਏ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਇਨਡੋਰ ਤੇ ਆਊਟਡੋਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਰੰਗਰੂਟਾਂ ਨੂੰ ਇਨਾਮ ਵੀ ਵੰਡੇ। ਕਮਾਂਡੈਂਟ (ਟ੍ਰੇਨਿੰਗ) ਰਤਨੇਸ਼ ਕੁਮਾਰ ਅਤੇ ਸੈਕਿੰਡ ਇਨ ਕਮਾਂਡ ਵਰਿੰਦਰ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।
ਰੰਗਰੂਟਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਲਿਕ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਨੂੰ ਪੇਸ਼ੇ ਵਜੋਂ ਚੁਣ ਕੇ ਤੁਸੀਂ ਆਤਮ ਵਿਸ਼ਵਾਸ ਅਤੇ ਹਿੰਮਤ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਰੰਗਰੂਟਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਟ੍ਰੇਨਿੰਗ ਮੁਕੰਮਲ ਕਰਕੇ ਜਾ ਰਹੀਆਂ ਮਹਿਲਾਵਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ’ਤੇ ਇਕ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।