ਗ਼ਲਤ ਪਾਰਕਿੰਗ ਤੇ ਕਬਜ਼ਿਆਂ ਕਾਰਨ ਰਾਹਗੀਰ ਪ੍ਰੇਸ਼ਾਨ
ਸਰਬਜੀਤ ਸਿੰਘ ਭੱਟੀ
ਲਾਲੜੂ, 13 ਨਵੰਬਰ
ਲਾਲੜੂ ਮੰਡੀ ਸ਼ਹਿਰ ਵਿੱਚ ਸਰਵਿਸ ਰੋਡ ਅਤੇ ਫੁੱਟਪਾਥ ’ਤੇ ਕੀਤੇ ਕਬਜ਼ੇ ਅਤੇ ਗ਼ਲਤ ਪਾਰਕਿੰਗ ਰਾਹਗੀਰਾਂ ਲਈ ਅੜਿੱਕਾ ਬਣ ਰਹੇ ਹਨ। ਇਥੋਂ ਲੰਘਣ ਲਈ ਘੰਟਿਆਂਬੰਦੀ ਵਾਹਨ ਚਾਲਕ ਇੰਤਜ਼ਾਰ ਕਰਦੇ ਹਨ। ਕਈ ਵਾਰ ਗੱਲ ਬਹਿਸ ਤਕ ਪੁੱਜ ਜਾਂਦੀ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਸਰਵਿਸ ਸੜਕਾਂ ’ਤੇ ਪਾਰਕਿੰਗ ਕੀਤੇ ਜਾਣ ਵਾਲੇ ਵਾਹਨ ਤੇ ਨਾਜਾਇਜ਼ ਕਬਜ਼ੇ ਹਟਾਏ ਜਾਣ। ਲਾਲੜੂ ਮੰਡੀ ਸ਼ਹਿਰ ਵਿੱਚ ਓਵਰ ਬ੍ਰਿਜ ਦੇ ਨਾਲ ਨਾਲ ਬਣੀਆਂ ਸਰਵਿਸ ਸੜਕਾਂ ਬਹੁਤ ਘੱਟ ਚੌੜੀਆਂ ਹੋਣ ਕਾਰਨ ਇੱਥੇ ਸਾਰਾ ਦਿਨ ਜਾਮ ਰਹਿੰਦਾ ਹੈ। ਇਸ ਤੋਂ ਇਲਾਵਾ ਕਈ ਲੋਕ ਆਪਣੇ ਵਾਹਨ ਇਨ੍ਹਾਂ ਸੜਕਾਂ ’ਤੇ ਖੜ੍ਹੇ ਕਰ ਕੇ ਬਾਜ਼ਾਰ ਚਲੇ ਜਾਂਦੇ ਹਨ। ਇਨ੍ਹਾਂ ਸੜਕਾਂ ਨਾਲ ਲੱਗਦੇ ਫੁਟਪਾਥ ਉੱਤੇ ਖੋਖੇ, ਫੜੀਆਂ ਹੋਣ ਕਾਰਨ ਵੀ ਆਵਾਜਾਈ ’ਚ ਦਿੱਕਤ ਆ ਰਹੀ ਹੈ।
ਟਰੈਫਿਕ ਪੁਲੀਸ ਲਾਲੜੂ ਦੇ ਇੰਚਾਰਜ ਜਸਬੀਰ ਸਿੰਘ ਨੇ ਕਿਹਾ ਕਿ ਛੇਤੀ ਹੀ ਸਰਵਿਸ ਸੜਕਾਂ ’ਤੇ ਪਾਰਕ ਕੀਤੇ ਵਾਹਨ ਹਟਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਸਮੱਸਿਆ ਆ ਰਹੀ ਹੈ। ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਫੁੱਟਪਾਥ ਉੱਤੇ ਕਬਜ਼ਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ, ਛੇਤੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।