ਸੜਕ ’ਤੇ ਪਾਣੀ ਕਾਰਨ ਰਾਹਗੀਰ ਪ੍ਰੇਸ਼ਾਨ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 2 ਅਕਤੂਬਰ
ਚੰਡੀਗੜ੍ਹ ਦੇ ਸੈਕਟਰ-29 ਸਥਿਤ ਲੋਹਾ ਮਾਰਕੀਟ ਤੋਂ ਸੈਕਟਰ ਦੇ ਅੰਦਰ ਜਾਣ ਵਾਲੀ ਸੜਕ ’ਤੇ ਖੜ੍ਹੇ ਪਾਣੀ ਤੋਂ ਸੈਕਟਰ ਵਾਸੀ ਅਤੇ ਇੱਥੋਂ ਲੰਘਣ ਵਾਲੇ ਹੋਰ ਰਾਹਗੀਰ ਪ੍ਰੇਸ਼ਾਨ ਹਨ। ਲੋਕਾਂ ਦੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਪਾਸੇ ਨਿਗਮ ਵੱਲੋਂ ਘਰਾਂ ਦੇ ਕੂਲਰਾਂ ਤੇ ਫਰਿਜਾਂ ਦੀਆਂ ਟਰੇਆਂ ਆਦਿ ਵਿੱਚ ਭਰੇ ਪਾਣੀ ਦੇ ਚਲਾਨ ਕੱਟੇ ਜਾ ਰਹੇ ਹਨ, ਦੂਜੇ ਪਾਸੇ ਇੱਥੇ ਖੜ੍ਹੇ ਪਾਣੀ ਨਾਲ ਜਿੱਥੇ ਮੱਖੀਆਂ ਤੇ ਮੱਛਰ ਪੈਦਾ ਹੋ ਰਹੇ ਹਨ ਉੱਥੇ ਹੀ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ’ਤੇ ਅਕਸਰ ਪਾਣੀ ਭਰਿਆ ਰਹਿੰਦਾ ਹੈ ਜਿਸ ਕਾਰਨ ਰਾਤ ਵੇਲੇ ਹਾਦਸੇ ਵਾਪਰਨ ਦਾ ਡਰ ਬਣ ਜਾਂਦਾ ਹੈ। ਪਾਣੀ ਭਰਿਆ ਹੋਣ ਕਾਰਨ ਇੱਥੋਂ ਪੈਦਲ ਰਾਹਗੀਰਾਂ ਦਾ ਲਾਂਘਾ ਕਰੀਬ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਪਾਣੀ ਭਰਨ ਕਾਰਨ ਸੜਕ ਵਿੱਚ ਟੋਏ ਪੈ ਜਾਂਦੇ ਹਨ ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਲਈ ਦਿੱਕਤ ਖੜ੍ਹੀ ਹੋ ਜਾਂਦੀ ਹੈ। ਸੈਕਟਰ ਵਾਸੀਆਂ ਨੇ ਦੱਸਿਆ ਕਿ ਸੈਕਟਰ ਤੋਂ ਬਾਹਰ ਜਾਣ ਅਤੇ ਅੰਦਰ ਆਉਣ ਲਈ ਇਹੋ ਮੁੱਖ ਰਸਤਾ ਹੋਣ ਕਾਰਨ ਵੱਡੀ ਗਿਣਤੀ ਲੋਕ ਰੋਜ਼ਾਨਾ ਇੱਥੇ ਖੱਜਲ-ਖ਼ੁਆਰ ਹੁੰਦੇ ਹਨ।
ਨਗਰ ਨਿਗਮ ਦੇ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀ ਅਨੁਸਾਰ ਇਸ ਸੜਕ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਰੁਕਾਵਟ ਦੂਰ ਕਰਨ ਲਈ ਰੋਡ ਗਲੀਆਂ ਨੂੰ ਸਾਫ਼ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਮੁੜ ਤੋਂ ਇੱਥੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਆ ਰਹੀ ਹੈ ਤਾਂ ਬਰਸਾਤੀ ਪਾਣੀ ਦੀ ਨਿਕਾਸੀ ਲਾਈਨ ਨੂੰ ਚੈੱਕ ਕਰਵਾਇਆ ਜਾਵੇਗਾ।