ਮਾਹਿਲਪੁਰ ਦੇ ਮੁੱਖ ਚੌਕ ਵਿੱਚ ਖੱਡਿਆਂ ਕਾਰਨ ਰਾਹਗੀਰ ਪ੍ਰੇਸ਼ਾਨ
ਜੰਗ ਬਹਾਦਰ ਸੇਖੋਂ
ਗੜ੍ਹਸ਼ੰਕਰ, 4 ਜੂਨ
ਸਥਾਨਕ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਸਥਿਤ ਕਸਬਾ ਮਾਹਿਲਪੁਰ ਦੇ ਮੁੱਖ ਚੌਕ ਵਿੱਚ ਸੜਕ ਉੱਤੇ ਪਏ ਖੱਡੇ ਜਿੱਥੇ ਲੋਕ ਨਿਰਮਾਣ ਵਿਭਾਗ ਦੀ ਕਾਰਜਸ਼ੈਲੀ ‘ਤੇ ਪ੍ਰਸ਼ਨਚਿੰਨ੍ਹ ਲਗਾ ਰਹੇ ਹਨ, ਉੱਥੇ ਹੀ ਇਹ ਖੱਡੇ ਨੇੜਲੇ ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਬਣੇ ਹੋਏ ਹਨ। ਇਸ ਸੜਕ ਉੱਤੇ ਇੱਕ ਦੁਕਾਨਦਾਰ ਨੇ ਆਪਣੀ ਪੁਰਾਣੀ ਦੁਕਾਨ ਦਾ ਮਲਬਾ ਸੁੱਟ ਕੇ ਖੱਡਿਆਂ ਨੂੰ ਭਰ ਦਿੱਤਾ ਸੀ ਪਰ ਮੀਂਹ ਮਗਰੋਂ ਇਸ ਮਾਰਗ ਦੀ ਹਾਲਤ ਮਾੜੀ ਹੋ ਜਾਂਦੀ ਹੈ।
ਵਰਨਣਯੋਗ ਹੈ ਕਿ ਇਸ ਸੜਕ ਉੱਤੇ ਅਕਸਰ ਵੱਡੀ ਗਿਣਤੀ ਵਿਚ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਇਹ ਸੜਕ ਇਲਾਕੇ ਦੇ ਕਰੀਬ 20 ਪਿੰਡਾਂ ਨੂੰ ਮਾਹਿਲਪੁਰ ਨਾਲ ਜੋੜਦੀ ਹੈ। ਇਸ ਮਾਰਗ ਉੱਤੇ ਹਿਮਾਚਲ ਤੋਂ ਆਉਂਦੇ ਓਵਰਲੋਡਿੰਗ ਟਿੱਪਰਾਂ ਦੀ ਭਰਮਾਰ ਵੀ ਰਹਿੰਦੀ ਹੈ ਜਿਸ ਕਰ ਕੇ ਸੜਕ ਦੀ ਹਾਲਤ ਹੋਰ ਬਦਤਰ ਹੋ ਗਈ ਹੈ। ਮਾਹਿਲਪੁਰ ਚੌਕ ਤੋਂ ਕਸਬਾ ਜੇਜੋਂ ਦੁਆਬਾ ਅਤੇ ਅੱਗੇ ਹਿਮਾਚਲ ਪ੍ਰਦੇਸ਼ ਨੂੰ ਨਿਕਲਣ ਵਾਲੀ ਇਹ ਸੜਕ ਸ਼ਹਿਰ ਦੇ ਮੁੱਖ ਚੌਕ ਤੋਂ ਹੀ ਵੱਡੇ ਵੱਡੇ ਖੱਡਿਆਂ ਨਾਲ ਰਾਹਗੀਰਾਂ ਦਾ ‘ਸਵਾਗਤ’ ਕਰਦੀ ਹੈ। ਇਸੇ ਚੌਕ ਦੇ ਬਿਲਕੁੱਲ ਨਾਲ ਖਾਲਸਾ ਕਾਲਜ ਮਾਹਿਲਪੁਰ ਅਤੇ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਸਕੂਲ ਦਾ ਗੇਟ ਲਗਦਾ ਹੈ ਅਤੇ ਇੱਥੋਂ ਰੋਜ਼ਾਨਾ ਲੰਘਣ ਵਾਲੇ ਵਿਦਿਆਰਥੀਆਂ ਲਈ ਇਹ ਖੱਡੇ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ।
ਦੁਕਾਨਦਾਰਾਂ ਅਨੁਸਾਰ ਸੜਕ ਦੀ ਮਾੜੀ ਹਾਲਤ ਕਾਰਨ ਉਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਲੇਬਰ ਪਾਰਟੀ ਦੇ ਆਗੂ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਇਨ੍ਹਾਂ ਖੱਡਿਆਂ ਨੂੰ ਭਰਨ ਲਈ ਵੀ ਸਰਕਾਰ ਕੋਲ ਕੋਈ ਫੰਡ ਨਹੀਂ ਹਨ ਜਦੋਂਕਿ ਸੂਬਾ ਸਰਕਾਰ ਬਦਲਾਅ ਦੇ ਝੂਠੇ ਦਾਅਵੇ ਕਰ ਰਹੀ ਹੈ।
ਦੱਸਣਾ ਬਣਦਾ ਹੈ ਕਿ ਮਾਹਿਲਪੁਰ ਤੋਂ ਜੇਜੋਂ ਅਤੇ ਮਾਹਿਲਪੁਰ ਤੋਂ ਬਹਿਰਾਮ ਨੂੰ ਜਾਣ ਵਾਲੀ ਸੜਕ ਦੀ ਦੁਰਦਸ਼ਾ ਵੀ ਇਲਾਕੇ ਦੇ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਇਸ ਕਰ ਕੇ ਕੋਟਫਤੂਹੀ ਤੱਕ ਜਾਣ ਲਈ ਵੀਹ ਮਿੰਟ ਦਾ ਰਸਤਾ ਲੋਕਾਂ ਨੂੰ ਡੇਢ ਘੰਟੇ ਵਿੱਚ ਤੈਅ ਕਰਨਾ ਪੈਂਦਾ ਹੈ। ਮਾਹਿਲਪੁਰ ਇਲਾਕੇ ਦੀਆਂ ਹੋਰ ਅਨੇਕਾਂ ਲਿੰਕ ਸੜਕਾਂ ਵੀ ਅਜਿਹੀ ਖਸਤਾ ਹਾਲਤ ਭੋਗ ਰਹੀਆਂ ਹਨ।
ਇਸ ਬਾਰੇ ਐਸਡੀਓ ਬਲਿੰਦਰ ਸਿੰਘ ਨੇ ਕਿਹਾ ਕਿ ਮਾਹਿਲਪੁਰ ਦੀਆਂ ਕਈ ਸੜਕਾਂ ਦੇ ਉਸਾਰੀ ਕਾਰਜਾਂ ਦੀ ਕਾਗਜੀ ਕਾਰਵਾਈ ਪੂਰੀ ਹੋ ਗਈ ਹੈ ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ।