ਤੂੜੀ ਤੇ ਪਰਾਲੀ ਦੀਆਂ ਓਵਰਲੋਡ ਟਰਾਲੀਆਂ ਕਾਰਨ ਰਾਹਗੀਰ ਪ੍ਰੇਸ਼ਾਨ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ
ਤੂੜੀ ਅਤੇ ਪਰਾਲੀਆਂ ਦੀਆਂ ਗੱਠਾਂ ਨਾਲ ਭਰੀਆਂ ਟਰਾਲੀਆਂ ਕਾਰਨ ਸੜਕਾਂ ਉਪਰ ਚੱਲਣ ਵਾਲੇ ਵਾਹਨ ਚਾਲਕ ਅਤੇ ਰਾਹਗੀਰ ਡਾਢੇ ਪ੍ਰੇਸ਼ਾਨ ਹਨ। ਇਨ੍ਹਾਂ ਟਰਾਲੀਆਂ ਕਰਕੇ ਆਏ ਦਿਨ ਹਾਦਸੇ ਵਾਪਰਦੇ ਹਨ। ਮੁਕਤਸਰ-ਕੋਟਕਪੂਰਾ ਬਾਈਪਾਸ ਉੱਪਰ ਸਕੂਟਰੀ ਨੂੰ ਕਰਾਸ ਕਰ ਰਹੀ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੇ ਸਕੂਟਰੀ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਸਕੂਟਰੀ ਸਵਾਰ ਲੜਕੀ ਜ਼ਖ਼ਮੀ ਹੋ ਗਈ। ਰਾਹਗੀਰਾਂ ਨੇ ਲੜਕੀ ਨੂੰ ਸੰਭਾਲਿਆ। ਇਸੇ ਤਰ੍ਹਾਂ ਮੁਕਤਸਰ-ਮਲੋਟ ਬਾਈਪਾਸ ਉੱਪਰ ਗੱਠਾਂ ਦੀ ਭਰੀ ਟਰਾਲੀ ਨੂੰ ਲਿਜਾ ਰਹੇ ਟਰੈਕਟਰ ’ਚ ਨੁਕਸ ਪੈ ਗਿਆ। ਡਰਾਈਵਰ ਟਰਾਲੀ ਨੂੰ ਸੜਕ ਉੱਪਰ ਖੜ੍ਹੀ ਕਰਕੇ ਟਰੈਕਟਰ ਠੀਕ ਕਰਾਉਣ ਗਿਆ ਤੇ ਸਾਰਾ ਦਿਨ ਵਾਪਸ ਨਾ ਆਇਆ। ਸੜਕ ਉੱਪਰ ਖੜ੍ਹੀ ਟਰਾਲੀ ਨੇ ਸਾਰੀ ਸੜਕ ਰੋਕੀ ਹੋਈ ਸੀ। ਸੜਕ ਦੇ ਇਕ ਪਾਸੇ ਰਜਬਾਹਾ ਹੋਣ ਕਰਕੇ ਆਵਾਜਾਈ ਲਈ ਡਾਢੀ ਮੁਸ਼ਕਲ ਖੜ੍ਹੀ ਹੋ ਗਈ। ਦੂਰ ਤੱਕ ਵਾਹਨਾਂ ਦੀ ਕਤਾਰਾਂ ਲੱਗ ਗਈਆਂ।
ਬੱਸ ਚਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਮਾਂ ਫਿਕਸ ਹੁੰਦਾ ਹੈ। ਜੇ ਉਹ ਸਮੇਂ ਸਿਰ ਅੱਡੇ ਵਿੱਚ ਨਹੀਂ ਜਾਂਦੇ ਤਾਂ ਗੇੜਾ ਰੱਦ ਹੋ ਜਾਂਦਾ ਹੈ। ਇਸ ਲਈ ਤੂੜੀ ਤੇ ਪਰਾਲੀ ਵਾਲੀਆਂ ਟਰਾਲੀਆਂ ਉਨ੍ਹਾਂ ਲਈ ਵੱਡੀ ਮੁਸੀਬਤ ਹੈ। ਪਰਮਜੀਤ ਸਿੰਘ ਬਿੱਲੂ ਸਿੱਧੂ ਅਤੇ ਹੋਰ ਲੋਕਾਂ ਦੀ ਮੰਗ ਹੈ ਕਿ ਗੱਠਾਂ ਅਤੇ ਪਰਾਲੀ ਨਾਲ ਭਰੀਆਂ ਟਰਾਲੀਆਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇ। ਖਾਸ ਤੌਰ ’ਤੇ ਜਦੋਂ ਸਕੂਲਾਂ ਤੇ ਦਫਤਰਾਂ ਵਿੱਚ ਆਉਣ-ਜਾਣ ਦਾ ਸਮਾਂ ਹੁੰਦਾ ਹੈ ਤਾਂ ਸ਼ਹਿਰੀ ਖੇਤਰ ਵਿੱਚ ਦਾਖਲ ਹੋਈਆਂ ਇਹ ਟਰਾਲੀਆਂ ਵੱਡੀ ਮੁਸੀਬਤ ਖੜ੍ਹੀ ਕਰਦੀਆਂ ਹਨ।
ਲੋਕਾਂ ਦੀ ਮੰਗ ਹੈ ਕਿ ਕਿ ਤੂੜੀ ਅਤੇ ਪਰਾਲੀ ਦੀਆਂ ਟਰਾਲੀਆਂ ਨੂੰ ਸੜਕਾਂ ਉਪਰ ਚੱਲਣ ਵਾਸਤੇ ਰਾਤ ਦਾ ਸਮਾਂ ਦਿੱਤਾ ਜਾਵੇ ਜਿਸ ਵੇਲੇ ਸੜਕਾਂ ਉਪਰ ਆਵਾਜਾਈ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਸੀਮਿਤ ਮਾਤਰਾ ’ਚ ਤੂੜੀ ਤੇ ਪਰਾਲੀ ਲੱਦਣ ਦੀ ਹਦਾਇਤ ਵੀ ਕੀਤੀ ਜਾਵੇ।