For the best experience, open
https://m.punjabitribuneonline.com
on your mobile browser.
Advertisement

ਕਣਕ ਦੀ ਫਸਲ ਨੂੰ ਲੱਗੀ ਅੱਗ ਰਾਹਗੀਰਾਂ ਨੇ ਬੁਝਾਈ

10:53 AM Apr 21, 2024 IST
ਕਣਕ ਦੀ ਫਸਲ ਨੂੰ ਲੱਗੀ ਅੱਗ ਰਾਹਗੀਰਾਂ ਨੇ ਬੁਝਾਈ
ਖੇਤਾਂ ’ਚ ਖੜ੍ਹੀ ਕਣਕ ਦੀ ਫਸਲ ਨੂੰ ਲੱਗੀ ਅੱਗ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਅਪਰੈਲ
ਪਟਿਆਲਾ ਤੋਂ ਰਾਜਪੁਰਾ ਦੇ ਵਿਚਕਾਰ ਸਥਿਤ ਪਿੰਡ ਕੌਲੀ ਕੋਲ਼ ਪੈਂਦੇ ਨਰੜੂ ਪਿੰਡ ਦੇ ਖੇਤਾਂ ’ਚ ਅੱਜ ਸਿਖਰ ਦੁਪਹਿਰੇ ਕਣਕ ਦੀ ਪੱਕੀ ਅਤੇ ਖੜ੍ਹੀ ਫਸਲ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਇਹ ਘਟਨਾ ਉਦੋਂ ਵਾਪਰੀ, ਜਦੋਂ ਇੱਕ ਕਿਸਾਨ ਦੇ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਕੰਬਾਈਨ ਚਾਲਕ ਨੇ ਤੁਰੰਤ ਹੀ ਆਪਣਂ ਕੰਬਾਈਨ ਖੇਤਾਂ ਵਿੱਚੋਂ ਬਾਹਰ ਕੱਢ ਕੇ ਇੱਕ ਪਾਸੇ ਸੜਕ ’ਤੇ ਖੜਾ ਦਿੱਤੀ ਪਰ ਇਸ ਹਫੜਾ ਦਫੜੀ ਦੌਰਾਨ ਟਰੈਕਟਰ ਦੀ ਚਾਬੀ ਡਿੱਗ ਜਾਣ ਕਾਰਨ ਟਰੈਕਟਰ ਤੇ ਟਰਾਲੀ ਨੂੰ ਮਸਾਂ ਹੀ ਲੋਕਾਂ ਦੀ ਮਦਦ ਨਾਲ ਧੱਕਾ ਲਾ ਕੇ ਲਾਂਭੇ ਕੀਤਾ ਗਿਆ।
ਇਹ ਖੇਤ ਮੁੱਖ ਸੜਕ ਦੇ ਨਾਲ਼ ਹੀ ਲੱਗਦਾ ਹੈ। ਇਸ ਪੱਤਰਕਾਰ ਵੱਲੋਂ ਅੱਖੀਂ ਵੇਖੀ ਇਸ ਘਟਨਾ ਦੌਰਾਨ ਵੇਖਿਆ ਕਿ ਇਸ ਮੌਕੇ ਇਸ ਖੇਤ ’ਚ ਅੱਧੀ ਕੁ ਦਰਜਨ ਵਿਅਕਤੀ ਮੌਜੂਦ ਸਨ ਤੇ ਮੌਕੇ ’ਤੇ ਪਾਣੀ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਸੀ। ਇਸ ਕਰਕੇ ਕਣਕ ਨੂੰ ਅੱਗ ਲੱਗੀ ਦੇਖ ਕੇ ਕਈ ਰਾਹਗੀਰ ਵੀ ਕਿਸਾਨਾਂ ਦੀ ਮਦਦ ’ਚ ਆ ਬਹੁੜੇ। ਇਸ ਖੇਤ ਦੇ ਨਾਲ ਹੀ ਸਥਿਤ ਇੱਕ ਏਜੰਸੀ ਦੇ ਵਰਕਰਾਂ ਨੇ ਵੀ ਅੱਗ ਬੁਝਾਉਣ ’ਚ ਮਦਦ ਕੀਤੀ। ਇਨ੍ਹਾਂ ਮਦਦਗਾਰਾਂ ’ਚ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਦੇਵ ਸਿੰਘ ਨੂਗੀ ਅਤੇ ਉਨ੍ਹਾਂ ਦੇ ਸਾਥੀ ਵੀ ਸ਼ਾਮਲ ਰਹੇ, ਜੋ ਕਾਰ ਰਾਹੀਂ ਰਾਜਪੁਰਾ ਤੋਂ ਪਟਿਆਲਾ ਨੂੰ ਜਾ ਰਹੇ ਸਨ ਪਰ ਫਸਲ ਨੂੰ ਅੱਗ ਲੱਗੀ ਦੇਖ ਕੇ ਉਹ ਰੁਕ ਗਏ ਅਤੇ ਹੋਰਨਾ ਦੇ ਨਾਲ ਰਲ਼ ਕੇ ਅੱਗ ਬੁਝਾਉਣ ਲੱਗੇ। ਰਾਜਪੁਰਾ ਤੋਂ ਇੱਕ ਸਮਾਗਮ ਦੀ ਕਵਰੇਜ ਕਰਕੇ ਪਰਤ ਰਹੀ ਪੱਤਰਕਾਰਾਂ ਦੀ ਇੱਕ ਟੋਲੀ ਵੀ ਮਦਦਗਾਰਾਂ ’ਚ ਸ਼ੁਮਾਰ ਰਹੀ।
ਇਨ੍ਹਾਂ ਸਮੂਹ ਰਾਹਗੀਰਾਂ ਨੇ ਸੜਕ ਕਿਨਾਰੇ ਸਥਿਤ ਦਰਖਤਾਂ ਦੀਆਂ ਟਾਹਣੀਆਂ ਤੋੜੀਆਂ ਤੇ ਉਸ ਨਾਲ ਹੀ ਅੱਗ ’ਤੇ ਕਾਬੂ ਪਾਇਆ। ਭਾਵੇਂ ਅੱਗ ਕਾਫ਼ੀ ਫੈਲ ਗਈ ਸੀ, ਪਰ ਰਾਹਗੀਰਾਂ ਦੀ ਮਦਦ ਨਾਲ ਅੱਗ ’ਤੇ ਆਖਰ ਬਿਨਾਂ ਫਾਇਰ ਬ੍ਰਿਗੇਡ ਤੋਂ ਹੀ ਕਾਬੂ ਪਾ ਲਿਆ ਗਿਆ। ਇਸ ਤਰ੍ਹਾਂ ਜੇਕਰ ਰਾਹਗੀਰ ਅਤੇ ਨਜ਼ਦੀਕ ਹੀ ਸਥਿਤ ਏਜੰਸੀ ਦੇ ਵਰਕਰ ਮਦਦਗਾਰ ਨਾ ਹੁੰਦੇ, ਤਾਂ ਅੱਗ ਨੇ ਕਿਸਾਨਾ ਦੀ ਵਧੇਰੇ ਫਸਲ ਨੂੰ ਆਪਣੀ ਲਪੇਟ ’ਚ ਲੈ ਲੈਣਾ ਸੀ। ਭਾਵੇਂ ਇਸ ਗੱਲ ਦੀ ਅਧਿਕਾਰਤ ਤੌਰ ’ਤੇ ਤਾਂ ਅਜੇ ਪੁਸ਼ਟੀ ਨਹੀਂ ਹੋ ਸਕੀ, ਪ੍ਰੰਤੂ ਕਿਹਾ ਜਾ ਰਿਹਾ ਸੀ ਕਿ ਅੱਗ ਲੱਗਣ ਦੀ ਇਹ ਘਟਨਾ ਇਸ ਖੇਤ ਵਿੱਚੋਂ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਕਰਨ ਨਾਲ ਨਿਕਲੇ ਚੰਗਾੜਿਆਂ ਕਾਰਨ ਵਾਪਰੀ।

Advertisement

Advertisement
Author Image

sukhwinder singh

View all posts

Advertisement
Advertisement
×