ਪੀਆਰਟੀਸੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਮੁਸਾਫ਼ਿਰ ਪ੍ਰੇਸ਼ਾਨ
ਪੱਤਰ ਪ੍ਰੇਰਕ
ਮਾਨਸਾ, 14 ਜੁਲਾਈ
ਪੀਆਰਟੀਸੀ ਦੀ ਮਨਾਲੀ ਤੋਂ ਚੰਡੀਗੜ੍ਹ ਨੂੰ ਆ ਰਹੀ ਜਿਹੜੀ ਬੱਸ ਹੜ੍ਹਾਂ ਦਾ ਸ਼ਿਕਾਰ ਹੋ ਗਈ ਸੀ, ਉਸ ਦੇ ਡਰਾਈਵਰ ਦੀ ਲਾਸ਼ ਮਿਲਣ ਤੋਂ ਬਾਅਦ ਅੱਜ ਅਗਲੇ ਦਨਿ ਕੰਡਕਟਰ ਦੀ ਮ੍ਰਿਤਕ ਦੇਹ ਮਿਲਣ ਮਗਰੋਂ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਕਾਮੇ ਭੜਕ ਗਏ ਹਨ। ਉਨ੍ਹਾਂ ਨੇ ਅਣਮਿਥੇ ਸਮੇਂ ਦੀ ਹੜਤਾਲ ਆਰੰਭ ਕਰ ਦਿੱਤੀ ਹੈ। ਬਾਅਦ ਦੁਪਹਿਰ ਆਰੰਭ ਹੋਈ ਇਸ ਹੜਤਾਲ ਕਾਰਨ ਸਵਾਰੀਆਂ ਨੂੰ ਭਾਰੀ ਖੱਜਲ-ਖੁਆਰੀ ਹੋਈ। ਦੇਰ ਸ਼ਾਮ ਤੱਕ ਇਹ ਹੜਤਾਲ ਜਾਰੀ ਸੀ, ਜਿਸ ਕਾਰਨ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਆਪੋ-ਆਪਣੇ ਟਿਕਾਣਿਆਂ ’ਤੇ ਜਾਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਨਾਲੀ ਤੋਂ ਆਉਂਦਿਆਂ ਹਾਦਸੇ ਦਾ ਸ਼ਿਕਾਰ ਹੋਈ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਆਪਣੇ ਮੁਲਾਜ਼ਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਨੂੰ ਠੇਕੇਦਾਰ ਦੇ ਮੁਲਾਜ਼ਮ ਮੰਨਿਆ ਜਾ ਰਿਹਾ ਹੈ ਜਿਸ ਕਰ ਕੇ ਪੀਆਰਟੀਸੀ ਦੀਆਂ ਬੱਸਾਂ ਦਾ ਅਣਮਿਥੇ ਸਮੇਂ ਲਈ ਚੱਕਾ ਜਾਮ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੀਆਰਟੀਸੀ ਦੇ ਬਹੁਤੇ ਡਿੱਪੂ ਮਾਲਵਾ ਖੇਤਰ ਨਾਲ ਜੁੜੇ ਜ਼ਿਲ੍ਹਿਆਂ ਵਿੱਚ ਹੀ ਹਨ ਜਦੋਂਕਿ ਮਾਝੇ, ਦੁਆਬੇ ਵਿੱਚ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਡਿੱਪੂ ਹਨ। ਲੋਕਾਂ ਨੂੰ ਬਹੁਤੀਆਂ ਪ੍ਰੇਸ਼ਾਨੀਆਂ ਮਾਲਵਾ ਖੇਤਰ ਵਿੱਚ ਹੀ ਇਸ ਹੜਤਾਲ ਕਾਰਨ ਆਈਆਂ ਹਨ।
ਮਾਨਸਾ ਦੇ ਬੱਸ ਅੱਡੇ ਜਾ ਕੇ ਜਦੋਂ ਸਵਾਰੀਆਂ ਨੂੰ ਉਨ੍ਹਾਂ ਦੀਆਂ ਦਿੱਕਤਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਸਿਰਸਾ, ਪਟਿਆਲਾ, ਚੰਡੀਗੜ੍ਹ ਅਤੇ ਲੁਧਿਆਣਾ ਜਾਣ ਲਈ ਲੰਬੇ ਸਮੇਂ ਤੋਂ ਖੜ੍ਹੇ ਹਨ ਪਰ ਕੋਈ ਬੱਸ ਨਹੀਂ ਚੱਲ ਰਹੀ। ਛੋਟੇ ਰੂਟਾਂ ਉੱਤੇ ਸਿਰਫ਼ ਪ੍ਰਾਈਵੇਟ ਬੱਸਾਂ ਹੀ ਚੱਲ ਰਹੀਆਂ ਸਨ। ਲੰਬੇ ਰੂਟਾਂ ਲਈ ਸਿਰਫ਼ ਪੀਆਰਟੀਸੀ ਦੀਆਂ ਬੱਸਾਂ ਹੀ ਜਾਂਦੀਆਂ ਹਨ, ਜਿਸ ਕਰ ਕੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ।