ਹਜ਼ੂਰ ਸਾਹਿਬ ਤੋਂ ਆਦਮਪੁਰ ਆਉਂਦੇ ਯਾਤਰੀਆਂ ਨੂੰ ਗਾਜ਼ੀਆਬਾਦ ਉਤਾਰਿਆ
ਪੱਤਰ ਪ੍ਰੇਰਕ
ਜਲੰਧਰ, 5 ਅਗਸਤ
ਹਜ਼ੂਰ ਸਾਹਿਬ ਨਾਂਦੇੜ ਤੋਂ ਆਦਮਪੁਰ ਆਉਣ ਵਾਲੀ ਸਟਾਰ ਏਅਰ ਦੀ ਉਡਾਣ ਵਿੱਚ ਸਵਾਰ ਯਾਤਰੀਆਂ ਨੂੰ ਅੱਜ ਤਕਨੀਕੀ ਨੁਕਸ ਕਾਰਨ ਗਾਜ਼ੀਆਬਾਦ ਹੀ ਉਤਾਰ ਦਿੱਤਾ ਗਿਆ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਆਦਮਪੁਰ ਤੋਂ ਹਜ਼ੂਰ ਸਾਹਿਬ ਨਾਂਦੇੜ ਜਾਣ ਵਾਲੇ 33 ਯਾਤਰੀ ਵੀ ਜਹਾਜ਼ ਨਾ ਪਹੁੰਚਣ ਕਾਰਨ ਘਰ ਪਰਤ ਗਏ। ਲੋਕਾਂ ਨੇ ਕਿਹਾ ਕਿ ਏਅਰ ਸਟਾਰ ਦੇ ਸਟਾਫ ਮੈਂਬਰ ਠੀਕ ਜਾਣਕਾਰੀ ਨਹੀਂ ਦੇ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਈ ਤੇ ਉਹ ਗੁਰੂ ਘਰ ਦੇ ਦਰਸ਼ਨਾਂ ਤੋ ਵਾਂਝੇ ਰਹਿ ਗਏ। ਉਨ੍ਹਾਂ ਕਿਹਾ ਕਿ ਕਈ ਯਾਤਰੀਆਂ ਨੇ 8 ਅਗਸਤ ਦੀ ਵਾਪਸੀ ਦੀ ਟਿਕਟ ਕਰਵਾਈ ਸੀ ਪਰ ਹੁਣ ਉਹ ਜਾ ਵੀ ਨਹੀਂ ਸਕਦੇ।
ਆਦਮਪੁਰ ਦੇ ਏਅਰਪੋਰਟ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਗਾਜ਼ੀਆਬਾਦ ਤੋਂ ਹੀ ਨਹੀਂ ਆਇਆ ਜਿਸ ਕਰਕੇ ਉਹ ਇਸ ਸਬੰਧੀ ਕੁੱਝ ਨਹੀਂ ਕਹਿ ਸਕਦੇ। ਪ੍ਰੇਸ਼ਾਨ ਹੋਣ ਵਾਲੇ ਯਾਤਰੀਆਂ ਵਿੱਚ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਕਾਰ ਸੇਵਾ ਵਾਲੇ ਬਾਬਾ ਮੇਜਰ ਸਿੰਘ, ਬੰਤ ਸਿੰਘ ਦੋਬੁਰਜੀ ਵੀ ਸ਼ਾਮਲ ਸਨ।