ਟੋਕੀਓ ਦੇ ਹਵਾਈ ਅੱਡੇ ’ਤੇ ਯਾਤਰੀ ਜਹਾਜ਼ ਨੂੰ ਅੱਗ ਲੱਗੀ; ਪੰਜ ਮੌਤਾਂ
ਟੋਕੀਓ, 2 ਜਨਵਰੀ
ਜਪਾਨ ਦੇ ਟੋਕੀਓ ’ਚ ਹਾਨੇਡਾ ਹਵਾਈ ਅੱਡੇ ਦੇ ਰਨਵੇਅ ’ਤੇ ਅੱਜ ਯਾਤਰੀਆਂ ਵਾਲੇ ਇੱਕ ਜਹਾਜ਼ ਦੀ ਜਪਾਨੀ ਤੱਟ ਰੱਖਿਅਕਾਂ ਦੇ ਇੱਕ ਛੋਟੇ ਜਹਾਜ਼ ਨਾਲ ਟੱਕਰ ਹੋਣ ਮਗਰੋਂ ਉਸ ਵਿੱਚ ਅੱਗ ਲੱਗ ਗਈ, ਜਿਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐੱਨਐੈੱਚਕੇ ਟੀਵੀ ਦੀ ਖ਼ਬਰ ਵਿੱਚ ਦੱਸਿਆ ਕਿ ਜਪਾਨ ਏਅਰਲਾਈਨਜ਼ ਦੀ ਉਡਾਣ ਜੇਏਐੱਲ-516 ਵਿੱਚ ਕੁੱਲ 379 ਯਾਤਰੀ ਸਵਾਰ ਸਨ, ਜੋ ਜਹਾਜ਼ ਨੂੰ ਪੂਰੀ ਤਰ੍ਹਾਂ ਅੱਗ ਲੱਗਣ ਤੋਂ ਪਹਿਲਾਂ ਸੁਰੱਖਿਅਤ ਬਾਹਰ ਆ ਗਏ। ਜਪਾਨ ਦੇ ਟਰਾਂਸਪੋਰਟ ਮੰਤਰੀ ਤੇਤਸੁਯੋ ਸਾਇਤੋ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਾਇਤੋ ਨੇ ਕਿਹਾ ਕਿ ਜਪਾਨੀ ਤੱਟ ਰੱਖਿਅਕ ਜਹਾਜ਼ ਦਾ ਪਾਇਲਟ ਹਾਦਸੇ ’ਚ ਬਚ ਗਿਆ ਪਰ ਅਮਲੇ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਸਥਾਨਕ ਟੀਵੀ ਚੈਨਲ ਦੀ ਇੱਕ ਵੀਡੀਓ ਵਿੱਚ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਦੇ ਰਨਵੇਅ ’ਤੇ ਉਤਰਨ ਦੌਰਾਨ ਅੱਗ ਅਤੇ ਧੂੰਆਂ ਦਿਖਾਈ ਦਿੱਤਾ। ਇਸ ਮਗਰੋਂ ਜਹਾਜ਼ ਦੇ ਪਰਾਂ ਦੇ ਨੇੜੇ ਅੱਗ ਲੱਗ ਗਈ। ਇੱਕ ਘੰਟੇ ਬਾਅਦ ਵਾਲੀ ਫੁਟੇਜ ਵਿੱਚ ਜਹਾਜ਼ ਪੂਰੀ ਤਰ੍ਹਾਂ ਸੜਿਆ ਦਿਖਾਈ ਦਿੱਤਾ। ਐੱਨਐੈੱਚਕੇ ਟੀਵੀ ਨੇ ਕਿਹਾ ਕਿ ਇਹ ਜਹਾਜ਼ ਏਅਰਬੱਸ ਏ-350 ਸੀ, ਜਿਸ ਨੇ ਸੋਪੋਰੋ ਸ਼ਹਿਰ ਨੇੜੇ ਸ਼ਿਨ ਚਿਟੋਸ ਹਵਾਈ ਅੱਡੇ ਤੋਂ ਹਾਨੇਡਾ ਲਈ ਉਡਾਣ ਭਰੀ ਸੀ। ਤੱਟ ਰੱਖਿਅਕ ਤਰਜਮਾਨ ਯੋਸ਼ੀਨੋਰੀ ਯਾਨਾਗਿਸ਼ਿਮਾ ਨੇ ਯਾਤਰੀ ਜਹਾਜ਼ ਅਤੇ ਤੱਟ ਰੱਖਿਅਕ ਬਲ ਦੇ ਜਹਾਜ਼ ਐੱਮਏ-722, ਬੌਂਬਰਡੀਅਰ ਡੈਸ਼-8 ਵਿਚਾਲੇ ਟੱਕਰ ਦੀ ਪੁਸ਼ਟੀ ਕੀਤੀ ਹੈ। ਇਸ ਜਹਾਜ਼ ਨੇ ਭੂਚਾਲ ਪੀੜਤਾਂ ਲਈ ਰਾਹਤ ਸਮੱਗਰੀ ਪਹੁੁੰਚਾਉਣ ਲਈ ਨਿਗਾਟਾ ਵੱਲ ਜਾਣਾ ਸੀ। -ਏਪੀ