For the best experience, open
https://m.punjabitribuneonline.com
on your mobile browser.
Advertisement

ਪਾਸੀ

04:15 AM Feb 05, 2025 IST
ਪਾਸੀ
Advertisement

ਸਰਦੂਲ ਸਿੰਘ ਲੱਖਾ

Advertisement

ਇਹ ਹਵਾਈ ਅੱਡਾ ਆਜ਼ਾਦੀ ਤੋਂ ਪਹਿਲਾਂ ਨਿੱਕੇ ਹਵਾਈ ਜਹਾਜ਼ ਦੇ ਉਤਰਨ ਅਤੇ ਇੱਕ ਛੋਟਾ ਹੈਂਗਰ ਅੰਦਰ ਖੜ੍ਹਾਉਣ ਲਈ ਬਸ ਇੱਕ ਹਵਾਈ ਪਟੜੀ ਹੀ ਹੁੰਦਾ ਸੀ। ਇੱਕ ਛੋਟਾ ਜਿਹਾ ਸੰਸਾਰ ਇਸ ਜ਼ਮੀਨੀ ਟੁਕੜੇ ’ਤੇ ਵਸਿਆ ਹੋਇਆ ਸੀ। ਚੌਕੀਦਾਰ ਦਿਨ ਰਾਤ ਪਹਿਰਾ ਰੱਖਦੇ ਸਨ। ਉਨ੍ਹਾਂ ਦੀਆਂ ਆਪਣੀਆਂ ਝੁੱਗੀਆਂ ਬਣਾਈਆਂ ਹੋਈਆਂ ਸਨ। ਸੜਕ ਦੇ ਇੱਕ ਪਾਸੇ ਹਵਾਈ ਪਟੜੀ ’ਤੇ ਟੈਕਨੀਕਲ ਏਰੀਆ ਹੈ ਤੇ ਦੂਜੇ ਪਾਸੇ ਫੈਮਿਲੀ ਕੁਆਰਟਰ ਤੇ ਬੈਠਕਾਂ ਹਨ, ਜਿੱਥੇ ਏਅਰਮੈਨਾਂ ਦੀਆਂ ਮੈੱਸਾਂ ਵੀ ਹਨ। ਹੁਣ ਇਹ ਭਾਰਤ ਦਾ ਏਅਰਫੋਰਸ ਦਾ ਬਹੁਤ ਵੱਡਾ ਬੇਸ ਬਣ ਚੁੱਕਾ ਹੈ।
ਰਿਹਾਇਸ਼ੀ ਖੇਤਰ ਦੇ ਉੱਪਰੋਂ ਕੰਡਿਆਲੀ ਤਾਰ ਲਾਈ ਹੋਈ ਹੈ। ਕਈ ਗੇਟ ਵੀ ਰੱਖੇ ਹੋਏ ਹਨ ਜੋ ਕਿ ਬੰਦ ਹੀ ਹਨ, ਪਰ ਛਿਪਦੇ ਵਾਲਾ ਪਾਸਾ ਬੀਐੱਸਐੱਫ ਯੂਨਿਟ ਵੱਲ ਖੁੱਲ੍ਹਦਾ ਹੈ ਤੇ ਉੱਥੇ ਹਮੇਸ਼ਾਂ ਸਿਪਾਹੀ ਤਾਇਨਾਤ ਰਹਿੰਦਾ ਹੈ। ਬੀਐੱਸਐੱਫ ਦੀ ਤਾਰ ਦੇ ਨਾਲ ਹੀ ਬੜਾ ਸੁੰਦਰ ਹਾਕੀ ਦਾ ਗਰਾਊਂਡ ਲੱਗਦਾ ਸੀ। ਉਹ ਇਨ੍ਹਾਂ ਨੌਜਵਾਨਾਂ ਨੇ ਲਿੱਪ ਪੋਚ ਕੇ ਥਾਲੀ ਵਰਗਾ ਪੱਧਰਾ ਕਰ ਰੱਖਿਆ ਸੀ। ਇਹ ਦੇਖ ਕੇ ਕਿਸੇ ਨੂੰ ਵੀ ਖ਼ਿਆਲ ਆ ਸਕਦਾ ਹੈ ਕਿ ਇੱਥੋਂ ਦਾ ਕਮਾਂਡਰ ਹਾਕੀ ਪ੍ਰੇਮੀ ਹੋਵੇਗਾ।
ਮੇਰੀ ਬਦਲੀ ਇੱਥੇ ਬੰਬਰ ਜਹਾਜ਼ਾਂ ਵਿੱਚ ਹੋ ਗਈ। ਮੈਂ ਇੱਥੇ ਪਹੁੰਚ ਕੇ ਆਪਣੀ ਯੂਨਿਟ ਵਿੱਚ ਹਾਕੀ ਗਰਾਊਂਡ ਭਾਲਦਾ ਰਿਹਾ। ਇੱਥੇ ਤਾਂ ਹਾਕੀ ਦਾ ਨਾਂ ਥੇਹ ਵੀ ਨਹੀਂ ਸੀ। ਹਾਂ, ਬਾਸਕਿਟਬਾਲ ਦਾ ਗਰਾਊਂਡ ਸੀ ਤੇ ਪ੍ਰੈੱਕਟਿਸ ਵੀ ਹੋ ਰਹੀ ਸੀ। ਗੱਲ ਇਹ ਕਿ ਏਅਰਫੋਰਸ ਵਿੱਚ ਜਿਹੜੀ ਖੇਡ ਦਾ ਕੋਚ ਜਿੱਥੇ ਹੈ, ਉੱਥੇ ਉੱਭਰਦੇ ਖਿਡਾਰੀਆਂ ਦੀ ਬਦਲੀ ਕਰ ਦਿੰਦੇ ਹਨ ਤਾਂ ਕਿ ਤਕੜੀ ਟੀਮ ਬਣ ਸਕੇ। ਮੈਂ ਹਾਕੀ ਦਾ ਚੰਗਾ ਖਿਡਾਰੀ ਤਾਂ ਨਹੀਂ ਸਾਂ, ਸਿਖਾਂਦਰੂ ਹੀ ਸੀ। ਸਕੂਲ ਵਿੱਚ ਹੀ ਮੇਰੇ ’ਤੇ ਹਾਕੀ ਦਾ ਭੂਤ ਸਵਾਰ ਸੀ। ਇਸ ਭੂਤ ਨੇ ਮੈਨੂੰ ਕਿਤੇ ਵੀ ਸ਼ਾਮ ਨੂੰ ਗਰਾਊਂਡ ਦਾ ਨਾਗਾ ਨਹੀਂ ਪਾਉਣ ਦਿੱਤਾ। ਦੂਜੇ ਪਾਸੇ ਬੀਐੱਸਐੱਫ ਦਾ ਹਾਕੀ ਦਾ ਗਰਾਊਂਡ ਦੇਖ ਕੇ ਮੇਰੇ ਅੰਦਰ ਲੂਰ੍ਹੀਆਂ ਉੱਠਦੀਆਂ, ਬਈ ਕਦੋਂ ਮੈਂ ਇਸ ਗਰਾਊਂਡ ਵਿੱਚ ਪੈਰ ਪਾਵਾਂ? ਨਵਾਂ ਨਵਾਂ ਅਠਾਰਾਂ ਸਾਲ ਦਾ ਮੁੰਡਾ, ਜਿਹਦੇ ਮੂੰਹ ’ਤੇ ਅਜੇ ਤਾਜ਼ੀ ਟਿੱਡੇ ਦੇ ਲੂਆਂ ਜਿੰਨੀ ਵੀ ਦਾੜ੍ਹੀ ਨਹੀਂ ਉਤਰੀ ਸੀ।
ਨੇਕ ਨੀਅਤਾਂ ਨੂੰ ਮੁਰਾਦਾਂ ਹੁੰਦੀਆਂ ਨੇ। ਹਰ ਰੋਜ਼ ਇੱਕ ਅਫ਼ਸਰ ਦੀ ਆਰਡਰਲੀ ਅਫ਼ਸਰ ਵਜੋਂ ਡਿਊਟੀ ਲਾਈ ਜਾਂਦੀ ਹੈ। ਸਮਝੋ ਉਹ ਸਾਰੇ ਏਅਰਫੀਲਡ ਦਾ ਕਮਾਂਡਰ ਹੁੰਦਾ ਹੈ। ਕੰਮ ਵਾਲੇ ਘੰਟਿਆਂ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ। ਉਸ ਦੀ ਜੀਪ ਘੁੰਮਦੀ ਰਹਿੰਦੀ ਐ, ਖ਼ਾਸ ਕਰ ਕੇ ਉਸ ਨੂੰ ਫੈਂਸਿੰਗ ਦੇ ਗੇਟਾਂ ਉੱਪਰ ਜਾਣਾ ਹੀ ਪੈਂਦਾ ਹੈ। ਮੈਂ ਬੀਐੱਸਐੱਫ ਦੇ ਗੇਟ ’ਤੇ ਖੜ੍ਹਾ ਦੇਖ ਰਿਹਾ ਸਾਂ ਤਾਂ ਪਿੱਛੋਂ ਜੀਪ ਆਈ ਤੇ ਮੇਰੇ ਕੋਲ ਰੋਕ ਕੇ ਅਫ਼ਸਰ ਨੇ ਅੰਗਰੇਜ਼ੀ ਵਿੱਚ ਪੁੱਛਿਆ,“ਐਥੇ ਖੜ੍ਹਾ ਕੀ ਦੇਖ ਰਿਹਾ ਏਂ?” ਮੈਂ ਦੇਖਿਆ ਆਰਡਰਲੀ ਅਫ਼ਸਰ ਸਾਡੇ ਸਕੂਐਡਰਨ ਦਾ ਹੀ ਸਪੋਰਟਸ ਅਫ਼ਸਰ ਸੀ, ਉਸ ਨੇ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਫਿਰ ਪੁੱਛਿਆ,“ਜਵਾਨ, ਤੂੰ ਹਾਕੀ ਖੇਡਦਾ ਏਂ?” ਮੈਂ ਕਿਹਾ,“ਯੈੱਸ ਸਰ।” ਉਸ ਨੇ ਕਿਹਾ ‘‘ਜੰਪ ਇਨ ਜੀਪ।” ਮੈਂ ਡਰ ਗਿਆ ਸਾਂ ਕਿ ਹੁਣ ਗਾਰਡ ਰੂਮ ਦੀ ਪੁਲੀਸ ਕੋਲ ਪੇਸ਼ੀ ਹੋਵੇਗੀ। ਮੈਂ ਹੈਰਾਨ ਹੋ ਗਿਆ ਜਦੋਂ ਉਸ ਨੇ ਗਾਰਡ ਨੂੰ ਗੇਟ ਖੋਲ੍ਹਣ ਦਾ ਹੁਕਮ ਦਿੱਤਾ।
ਸਾਡੀ ਜੀਪ ਗਰਾਊਂਡ ਦੀ ਸਾਈਡ ’ਤੇ ਜਾ ਕੇ ਰੁਕ ਗਈ। ਪ੍ਰੈੱਕਟਿਸ ਅਜੇ ਸ਼ੁਰੂ ਹੀ ਹੋਣੀ ਸੀ। ਉਨ੍ਹਾਂ ਨੂੰ ਵਾਰਮਅਪ ਕਰਵਾ ਰਿਹਾ ਸੀਨੀਅਰ ਜਾਪਦਾ ਖਿਡਾਰੀ ਸਾਡੇ ਕੋਲ ਆ ਕੇ ਕਹਿਣ ਲੱਗਾ, “ਜੀ ਆਇਆਂ ਨੂੰ। ਤੁਸੀਂ ਮੇਰੀ ਯੂਨਿਟ ਵਿੱਚ ਆਏ ਹੋ। ਦੱਸੋ, ਕੀ ਸੇਵਾ ਕਰ ਸਕਦਾ ਹਾਂ?” ਸਾਡੇ ਅਫ਼ਸਰ ਨੇ ਉਸ ਨੂੰ ਸਲੂਟ ਮਾਰਿਆ। ਮੈਂ ਜਾਣਿਆ ਕਿ ਉਹ ਉੱਥੋਂ ਦਾ ਓ.ਸੀ. ਹੀ ਹੋਵੇਗਾ। ਸਾਡੇ ਅਫ਼ਸਰ ਨੇ ਉਸ ਨੂੰ ਕਿਹਾ,“ਸਰ, ਇਹ ਸਾਡਾ ਏਅਰਮੈਨ ਹਾਕੀ ਖਿਡਾਰੀ ਹੈ। ਜੇ ਤੁਹਾਡੇ ਗਰਾਊਂਡ ਵਿੱਚ ਆ ਜਾਇਆ ਕਰੇ ਤਾਂ ਬੜੀ ਮਿਹਰਬਾਨੀ ਹੋਵੇਗੀ। ਕਿਰਪਾ ਕਰਕੇ ਇਹਦਾ ਪਾਸ ਬਣਾ ਦਿਓ।”
ਸਾਡੇ ਉੱਥੇ ਖੜ੍ਹੇ ਖੜ੍ਹੇ ਹੀ ਇੱਕ ਜਵਾਨ ਮੇਰੇ ਲਈ ਪਾਸ ਲੈ ਆਇਆ। ਬਸ ਉਸ ਦਿਨ ਤੋਂ ਮੇਰਾ ਨਿੱਤਨੇਮ ਹੀ ਬਣ ਗਿਆ। ਹਰ ਰੋਜ਼ ਸ਼ਾਮ ਨੂੰ ਮੈਂ ਇੱਕ ਪੁਲੀ ਜਿਹੀ ’ਤੇ ਬੈਠ ਉਡੀਕਦਾ ਰਹਿੰਦਾ ਕਿ ਕਦੋਂ ਕੋਈ ਗਰਾਊਂਡ ਵਿੱਚ ਆਵੇ ਤੇ ਮੈਂ ਅੰਦਰ ਜਾ ਸਕਾਂ। ਕਈ ਦਿਨ ਤਾਂ ਉਨ੍ਹਾਂ ਦੇ ਕੋਚ ਨੇ ਮੇਰੇ ਵੱਲ ਇੱਕ ਵਾਰ ਵੀ ਧਿਆਨ ਨਾ ਦਿੱਤਾ, ਜਿਵੇਂ ਮੈਂ ਮੈਦਾਨ ਵਿੱਚ ਹੀ ਨਾ ਹੋਵਾਂ। ਫਿਰ ਇੱਕ ਦਿਨ ਉਸ ਨੇ ਮੈਨੂੰ ਬੜੇ ਮੋਹ ਨਾਲ ਮੋਢੇ ’ਤੇ ਹੱਥ ਰੱਖਦਿਆਂ ਕਿਹਾ ਕਿ ਤੂੰ ਇਸ ਪੁਜੀਸ਼ਨ ’ਤੇ ਖੇਡ। ਪਾਰਖੂ ਅੱਖ ਹੁੰਦੀ ਏ ਕੋਚਾਂ ਦੀ, ਤੇ ਹੋਣੀ ਵੀ ਚਾਹੀਦੀ ਹੈ।
ਜੁਆਨਾਂ ਦੀ ਰਿਹਾਇਸ਼ ਵੀ ਨੇੜੇ ਹੀ ਸੀ। ਕਈ ਕੁੜੀਆਂ ਵੀ ਪ੍ਰੈੱਕਟਿਸ ਦੇਖਣ ਆ ਜਾਂਦੀਆਂ। ਕਈਆਂ ਕੋਲ ਹਾਕੀਆਂ ਵੀ ਹੁੰਦੀਆਂ ਸਨ। ਸ਼ਾਇਦ, ਸਾਡੇ ਮਗਰੋਂ ਉਹ ਹਾਕੀ ਸਿੱਖਦੀਆਂ ਹੋਣੀਆਂ। ਸਕੂਲ ’ਚ ਖੇਡਦੀਆਂ ਹੋਣ। ਕੋਚ ਨੇ ਮੇਰੀ ਪੁਜੀਸ਼ਨ ਬਦਲ ਕੇ ਸਾਈਡ ਲਾਈਨ ’ਤੇ ਕਰ ਦਿੱਤੀ। ਮੈਂ ਦੋ-ਤਿੰਨ ਦਿਨ ਤੋਂ ਨੋਟ ਕਰ ਰਿਹਾ ਸਾਂ ਕਿ ਅਫ਼ਸਰਾਂ ਵਾਲੀਆਂ ਕੁਰਸੀਆਂ ’ਤੇ ਇੱਕ ਕੁੜੀ ਰੋਜ਼ ਆ ਕੇ ਬੈਠਦੀ ਹੈ। ਉਮਰ ਵਿੱਚ ਵੀ ਮੈਥੋਂ ਵੱਡੀ ਤੇ ਚੰਗੀ ਖਿਡਾਰਨ ਵੀ ਲੱਗਦੀ ਸੀ, ਪਰ ਉਸ ਦੀ ਤੋਰ ਅਤੇ ਚਿਹਰੇ ਤੋਂ ਉਹ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਜਾਪਦੀ ਸੀ। ਆਮ ਕਰਕੇ ਖਿਡਾਰੀ ਹੀ ਪ੍ਰੈੱਕਟਿਸ ਦੇਖਦੇ ਹਨ। ਉਸ ਦੇ ਉੱਥੇ ਬੈਠਣ ਤੇ ਤੱਕਣ ਨਾਲ ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ। ਇੰਝ ਲੱਗੇ ਉਹ ਮੈਨੂੰ ਹੀ ਦੇਖ ਰਹੀ ਹੈ। ਜਦੋਂ ਕਿਸੇ ਖਿਡਾਰੀ ਨੂੰ ਇਹ ਮਹਿਸੂਸ ਹੋਵੇ ਕਿ ਕੋਈ ਉਸ ਦਾ ਆਪਣਾ ਜਾਂ ਸ਼ੁਭਚਿੰਤਕ ਉਸ ਨੂੰ ਦੇਖ ਰਿਹਾ ਹੈ ਤਾਂ ਉਸ ਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ।
ਇੱਕ ਦਿਨ ਕੋਚ ਨੇ ਗੇਮ ਤੋਂ ਪਹਿਲਾਂ ਟੀਮ ਨੂੰ ਕਿਹਾ, “ਆਪਣਾ ਬੀਐੱਸਐੱਫ ਦਾ ਅਗਲੇ ਮਹੀਨੇ ਇੱਕ ਵੱਡਾ ਟੂਰਨਾਮੈਂਟ ਆ ਗਿਆ ਹੈ। ਤੁਹਾਨੂੰ ਅੱਜ ਤੋਂ ਵਾਧੂ ਖੁਰਾਕ ਮਿਲੇਗੀ। ਆਪਾਂ ਜਾਨ ਮਾਰਨੀ ਹੈ ਤੇ ਜਿੱਤਣਾ ਵੀ ਹੈ।” ਫਿਰ ਮੇਰੇ ਵੱਲ ਤੱਕ ਕੇ ਕਿਹਾ, “ਤੂੰ ਸਾਡੇ ਨਾਲ ਹੀ ਪ੍ਰੈੱਕਟਿਸ ਕਰਦਾ ਰਹੀਂ।” ਫਿਰ ਉਹ ਮੈਨੂੰ ਲਗਾਤਾਰ ਦੋ ਘੰਟੇ ਸਖ਼ਤ ਸਰੀਰਕ ਸਿਖਲਾਈ ਦੇਣ ਲੱਗਿਆ। ਕਮਾਂਡਰ ਖ਼ੁਦ ਗੇਮ ਦੇਖਦਾ। ਉਸ ਦੇ ਨਾਲ ਹੀ ਉਹ ਲੜਕੀ ਵੀ ਬੈਠੀ ਹੁੰਦੀ।
ਇੱਕ ਦਿਨ ਉਸ ਲੜਕੀ ਨੇ ਚੱਲਦੀ ਗੇਮ ’ਚ ਪਤਾ ਨਹੀਂ ਮੇਰੀ ਕੀ ਗ਼ਲਤੀ ਫੜੀ ਹੋਵੇਗੀ, ਚੇਅਰ ਤੋਂ ਉੱਠ ਕੇ ਮੇਰੇ ਕੋਲ ਆ ਕੇ ਹਾਕੀ ਫੜੀ ਤੇ ਕੋਚ ਤੋਂ ਬਾਲ ਮੰਗੀ। ਸਾਰੇ ਖਿਡਾਰੀਆਂ ਦਾ ਧਿਆਨ ਮੇਰੇ ਵੱਲ ਹੋ ਗਿਆ। ਉਸ ਲੜਕੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ, “ਤੇਰੇ ਨਾਲ ਦਸ ਹੋਰ ਵੀ ਹੈਗੇ ਆ, ਪਾਸ ਕਿਉਂ ਨਹੀਂ ਦਿੰਦਾ। ਬਾਲ ਫਿਰ ਆ ਜਾਏਗੀ ਤੇਰੇ ਕੋਲ।” ਮੈਂ ਨੀਵੀਂ ਪਾ ਕੇ “ਸੌਰੀ” ਕਿਹਾ ਤੇ ਹਾਕੀ ਫੜ ਲਈ।
ਇਸ ਤਰ੍ਹਾਂ ਮਹੀਨਾ ਵੀ ਲੰਘ ਗਿਆ। ਉਨ੍ਹਾਂ ਦੀ ਟੀਮ ਦਾ ਕਿਤੇ ਕੈਂਪ ਲੱਗਾ ਸੀ, ਇਸ ਲਈ ਉਹ ਚਲੀ ਗਈ। ਮੇਰੇ ਲਈ ਬੜਾ ਸੰਤਾਪ ਖੜ੍ਹਾ ਹੋ ਗਿਆ। ਬੈਰਕਾਂ ਵਿੱਚ ਦਿਲ ਨਾ ਲੱਗਦਾ। ਮੈਂ ਨਵਾਂ ਰਾਹ ਲੱਭ ਲਿਆ। ਚਾਰ ਵਜੇ ਟਰੈਕ ਸੂਟ ਪਾਉਂਦਾ ਤੇ ਜੰਗਲ ਵੱਲ ਹੋ ਲੈਂਦਾ। ਮੈਂ ਜੰਗਲ ਨੂੰ ਜਾਂਦਾ ਹੋਇਆ ਬੀਐੱਸਐੱਫ ਦੇ ਗੇਟ ਲੰਘ ਕੇ ਫੈਂਸਿੰਗ ਦੇ ਰਾਹ ਪੈ ਜਾਂਦਾ। ਮੈਂ ਹਾਕੀ ਵਿੱਚ ਕੁਝ ਕਰਨਾ ਚਾਹੁੰਦਾ ਸੀ, ਆਪਣਾ ਨਾਮ ਚਮਕਾਉਣਾ ਚਾਹੁੰਦਾ ਸੀ। ਖੇਡ ਪ੍ਰੇਮ ਵੀ ਤਾਂ ਇੱਕ ਜਾਦੂ ਹੁੰਦਾ ਹੈ, ਜੋ ਬੰਦੇ ਨੂੰ ਵਲ ਲੈਂਦਾ ਹੈ।
ਮੇਰੇ ਸਾਹ ਸੁੱਕ ਗਏ ਜਦੋਂ ਫੈਂਸਿੰਗ ਦੇ ਨਾਲ ਅਫ਼ਸਰਾਂ ਦੇ ਕੁਆਰਟਰਾਂ ਕੋਲ ਬਣੇ ਛੋਟੇ ਗੇਟ ਕੋਲ ਉਹ ਸਰਦਾਰ ਕਮਾਂਡਰ ਤੇ ਉਹੀ ਲੜਕੀ ਖੜ੍ਹੇ ਦੇਖੇ। ਮੈਂ ਕੋਲ ਦੀ ਲੰਘਣ ਵੇਲੇ “ਗੁੱਡ ਈਵਨਿੰਗ ਸਰ” ਕਿਹਾ। ਮੈਂ ਡਰ ਵੀ ਰਿਹਾ ਸੀ ਕਿ ਅਫ਼ਸਰ ਕਹੇਗਾ ਕਿ ਤੁਸੀਂ ਵਰਜਿਤ ਏਰੀਏ ਵਿੱਚ ਕਿਉਂ ਫਿਰ ਰਿਹਾ ਹੈਂ? ਇਹ ਏਰੀਆ ਤੁਹਾਡੇ ਲਈ “ਆਊਟ ਆਫ ਬਾਊਂਡ” ਹੈ। ਪਰ ਮੈਂ ਹੈਰਾਨ ਰਹਿ ਗਿਆ ਜਦ ਉਸ ਨੇ ਅੰਗਰੇਜ਼ੀ ਵਿੱਚ ਪੁੱਛਿਆ, “ਕਿੱਥੇ ਤੱਕ ਜਾਂਦਾ ਹੁੰਦੈਂ।” ਮੈਂ ਅੰਗਰੇਜ਼ੀ ਵਿੱਚ ਹੀ ਜਵਾਬ ਦਿੱਤਾ, “ਬਹੁਤੀ ਦੂਰ ਨਹੀਂ ਜਾਂਦਾ, ਇੱਥੇ ਹੀ ਕਈ ਗੇੜੇ ਲਾ ਲੈਨਾਂ।” ਫਿਰ ਉਸ ਨੇ ਲੜਕੀ ਵੱਲ ਇਸ਼ਾਰਾ ਕਰ ਕੇ ਕਿਹਾ, “ਇਹ ਤੇਰੇ ਨਾਲ ਜਾਇਆ ਕਰੇਗੀ। ਜੰਗਲ ਵੱਲ ਨਹੀਂ ਜਾਣਾ। ਇੱਥੇ ਭੈੜੇ ਅਨਸਰ ਫਿਰਦੇ ਰਹਿੰਦੇ ਹਨ। ਫਿਰ ਵੀ ਫ਼ਿਕਰ ਦੀ ਕੋਈ ਗੱਲ ਨਹੀਂ।”
ਅਗਲੇ ਤਿੰਨ ਦਿਨ ਅਸੀਂ ਬਹੁਤ ਘੱਟ ਬੋਲੇ। ਉਹ ਆਪਣੀ ਚਾਲ ਚੱਲਦੀ ਰਹਿੰਦੀ ਤੇ ਮੈਂ ਆਪਣਾ ਸਟੈਮਿਨਾ ਵਧਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਜਦ ਅਸੀਂ ਵਾਪਸ ਗੇਟ ਕੋਲ ਆਉਂਦੇ ਤਾਂ ਉਹ ਬਿਨਾਂ ਮੇਰੇ ਵੱਲ ਦੇਖੇ ਓ.ਕੇ. ਕਹਿ ਕੇ ਅੰਦਰ ਚਲੀ ਜਾਂਦੀ। ਹੌਲੀ ਹੌਲੀ ਸਾਡੀ ਝਿਜਕ ਖੁੱਲ੍ਹ ਗਈ। ਹੁਣ ਉਹ ਮੈਨੂੰ ਪੰਜਾਬੀ ਵਿੱਚ “ਓਏ ਮੁੰਡਿਆ” ਤੇ ਅੰਗਰੇਜ਼ੀ ਵਿੱਚ “ਯੂ ਚੈਂਪ” ਕਹਿ ਕੇ ਕੋਈ ਨਾ ਕੋਈ ਕਸਰਤ ਕਰ ਕੇ ਦਿਖਾਉਂਦੀ। ਇੱਕ ਵਾਰ ਕਸਰਤ ਕਰਾਉਂਦੀ ਨੇ ਕੋਚ ਵਾਂਗ ਜਦੋਂ ਇਹ ਆਖਿਆ, “ਦੇਖ ਬੁਆਇ, ਤੂੰ ਆਪਣੇ ਸਰੀਰ ਨੂੰ ਲੋਹਾ ਬਣਾ ਲੈ। ਮੈਂ ਤੇਰੇ ਸਰੀਰ ’ਚੋਂ ਪਸੀਨੇ ਦਾ ਤੁਪਕਾ ਤੁਪਕਾ ਬਾਹਰ ਦੇਖਣਾ ਚਾਹੁੰਦੀ ਹਾਂ। ਤੇਰੇ ਵਿੱਚ ਕੁਝ ਕਰਨ ਦੀ ਸਮਰੱਥਾ ਅਤੇ ਲਗਨ ਹੈ।” ਮੈਂ ਅੱਖਾਂ ਨੀਵੀਆਂ ਕਰ ਲਈਆਂ ਤੇ ਇਹੀ ਉਹ ਸਮਾਂ ਸੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਕੁੜੀ ਨਹੀਂ ਦੇਵੀ ਹੈ ਜੋ ਇੱਥੇ ਉਤਰ ਕੇ ਮੇਰਾ ਸਿਦਕ ਦੇਖ ਕੇ ਕਹਿ ਰਹੀ ਹੈ।
ਮੈਂ ਉਸ ਵਿੱਚੋਂ ਇੱਕ ਗੁਰੂ ਦੇਖਣ ਲੱਗਾ। ਦਿਨੋ ਦਿਨ ਮੇਰਾ ਸਟੈਮਿਨਾ ਵਧਦਾ ਜਾ ਰਿਹਾ ਸੀ। ਉਹ ਵੀ ਹੁਣ ਦੌੜਨ ਲੱਗ ਗਈ ਸੀ। ਕੁਝ ਹੀ ਦਿਨਾਂ ਵਿੱਚ ਉਸ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਿਆ ਸੀ। ਉਸ ਅੰਦਰੋਂ ਯੂਨੀਵਰਸਿਟੀ ਦੀ ਹਾਕੀ ਖਿਡਾਰਨ ਫਿਰ ਜਾਗ ਪਈ ਲੱਗਦੀ ਸੀ। ਕਦੇ ਕਦੇ ਉਹਦੇ ਮੰਮੀ-ਡੈਡੀ ਵੀ ਉੱਧਰ ਆ ਜਾਂਦੇ ਤੇ ਸਾਡੇ ਕੋਲ ਦੀ ਮੁਸਕਰਾ ਕੇ ਲੰਘ ਜਾਂਦੇ।
ਸਾਲ 1971 ਦੀ ਲੜਾਈ ਲੱਗ ਗਈ। ਸਾਡਾ ਸਕੂਐਡਰਨ ਆਗਰੇ ਚਲਾ ਗਿਆ। ਬੀਐੱਸਐੱਫ ਪਤਾ ਨਹੀਂ ਕਿਹੜੀ ਸਰਹੱਦ ’ਤੇ ਚਲੀ ਗਈ। ਇੱਕ ਵਾਰ ਸਭ ਕੁਝ ਖ਼ਤਮ ਹੋ ਗਿਆ ਲੱਗਿਆ। ਮੈਂ ਵੀਹ ਸਾਲ ਨੌਕਰੀ ਕਰ ਕੇ ਏਅਰਫੋਰਸ ਵਿੱਚੋਂ ਹਾਕੀ ਦਾ ਕੋਚ ਬਣ ਕੇ ਨਿਕਲਿਆ। ਪਿੰਡ ਆਇਆ, ਥੋੜ੍ਹਾ ਸਮਾਂ ਲੰਘਿਆ, ਸਿੱਖਿਆ ਵਿਭਾਗ ਵੱਲੋਂ ਕੋਚ ਦੀ ਨੌਕਰੀ ਮਿਲ ਗਈ। ਸਾਡੇ ਪਿੰਡ ਦੇ ਨੇੜੇ ਹੀ ਪਿੰਡ ਲੋਪੋ ਵਿਖੇ ਹਾਕੀ ਦਾ ਕੇਂਦਰ ਸੀ। ਅਸੀਂ ਪੰਜਾਬ ਦੀ ਸਿਰਕੱਢਵੀਂ ਟੀਮ ਤਿਆਰ ਕਰ ਲਈ। ਸਟਾਫ਼ ਅਤੇ ਇਲਾਕੇ ਦੇ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ। ਇਸੇ ਲਈ ਹੀ ਤਾਂ ਸਾਡੀ ਟੀਮ ਦੇ ਕਈ ਖਿਡਾਰੀ ਪੰਜਾਬ ਦੀ ਟੀਮ ਵਿੱਚ ਖੇਡਦੇ ਸਨ।
ਇੰਟਰ ਸਕੂਲ ਮੁਕਾਬਲੇ ਲੋਪੋ ਹੀ ਹੋਏ। ਸਾਡੀ ਟੀਮ ਪਹਿਲੇ ਨੰਬਰ ’ਤੇ ਆਈ। ਪ੍ਰਿੰਸੀਪਲ ਮੈਡਮ ਨੇ ਮੈਨੂੰ ਬੁਲਾ ਕੇ ਕਿਹਾ, “ਇਨਾਮ ਵੰਡ ਲਈ ਸੰਸਾਰਪੁਰ ਤੋਂ ਇੱਕ ਰਿਟਾਇਰਡ ਕਰਨਲ ਸਾਹਿਬ ਆ ਰਹੇ ਹਨ। ਮੈਂ ਚਾਹੁੰਦੀ ਹਾਂ, ਤੁਸੀਂ ਸਵਾਗਤੀ ਕਮੇਟੀ ਵਿੱਚ ਹੋਵੋ।”
ਕਰਨਲ ਸਾਹਿਬ ਦਾ ਚਿਹਰਾ ਦੇਖ ਕੇ ਮੇਰੇ ਚੇਤਿਆਂ ਵਿੱਚ ਖਲਬਲੀ ਮੱਚਣ ਲੱਗੀ। ਵਾਰ ਵਾਰ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਚਾਹ ਪੀਣ ਲੱਗਿਆਂ ਸਾਹਿਬ ਕੋਲ ਜਾ ਕੇ ਪੁੱਛ ਹੀ ਲਿਆ,“ਸਰ, ਤੁਸੀਂ ਗੋਰਖਪੁਰ ਵੀ ਸੀ?”
ਉਸ ਨੇ ਮੇਰੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘‘ਤੈਥੋਂ ਇਹੀ ਆਸ ਰੱਖੀ ਜਾ ਸਕਦੀ ਹੈ। ਤੇਰੀ ਟੀਮ ਬਹੁਤ ਵਧੀਆ ਹੈ। ਮੁਬਾਰਕਾਂ! ਮੈਂ ਤੂੰ ਪਛਾਣ ਲਿਆ ਸੀ। ਦੇਖ ਰਿਹਾ ਸਾਂ ਕਿ ਤੂੰ ਪਛਾਣਦਾ ਕਿ ਨਹੀਂ?’’ ਫਿਰ ਉਸ ਨੇ ਮੈਨੂੰ ਮੈਡਮ ਕੋਲ ਲਿਜਾ ਕੇ ਕਿਹਾ, “ਕੀ ਤੁਹਾਨੂੰ ਯਾਦ ਹੈ, ਇਹ ਉਹੀ ਮੁੰਡਾ ਹੈ, ਜਿਹੜਾ ਆਪਣੀ ਪਾਸੀ ਨਾਲ ਦੌੜਨ ਜਾਂਦਾ ਸੀ। ਉਮੀਦ ਹੈ ਤੈਨੂੰ ਯਾਦ ਆ ਗਿਆ ਹੋਣਾ।” ਮੈਂ ਸਤਿਕਾਰ ਨਾਲ ਝੁਕਿਆ ਹੀ ਸਾਂ, ਉਨ੍ਹਾਂ ਮੇਰੇ ਮੋਢੇ ਫੜ ਲਏ। ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦਾ, ਮੇਰੇ ਮੂੰਹ ਵੱਲ ਦੇਖ ਕੇ ਕਿਹਾ, “ਪਾਸੀ ਇਜ਼ ਨੋ ਮੋਰ! ਸ਼ੀ ਲੈਫਟ ਅੱਸ ਟਵੰਟੀ ਯੀਅਰਜ਼ ਅਗੋ।” ਮੈਂ ਜਜ਼ਬਾਤ ਰੋਕ ਕੇ ਕਿਹਾ, “ਸਰ! ਇਹ ਸਾਡੀ ਟੀਮ ਦੀ ਜਿੱਤ ਪਾਸੀ ਦੀ ਜਿੱਤ ਹੈ। ਉਹ ਦੇਵੀ ਸੀ, ਮੈਨੂੰ ਕੋਚ ਬਣਾਉਣ ਵਾਲੀ। ਪਾਸੀ ਦੇ ਬੋਲ ਮੈਂ ਕਦੇ ਨਹੀਂ ਭੁਲਾ ਸਕਿਆ, ‘ਮੈਂ ਤੇਰੇ ਸਰੀਰ ’ਚੋਂ ਪਸੀਨੇ ਦਾ ਤੁਪਕਾ ਤੁਪਕਾ ਬਾਹਰ ਦੇਖਣਾ ਚਾਹੁੰਦੀ ਹਾਂ!’ ਦੋਵਾਂ ਨੇ ਮੇਰੇ ਮੋਢਿਆਂ ’ਤੇ ਹੱਥ ਰੱਖੇ ਹੋਏ ਸਨ, ਪਰ ਮੈਡਮ ਦੀਆਂ ਅੱਖਾਂ ’ਚੋਂ ਅੱਥਰੂ ਰੁਕਣ ਦਾ ਨਾਮ ਨਹੀਂ ਸਨ ਲੈ ਰਹੇ।
ਸੰਪਰਕ: 75269-48794

Advertisement

Advertisement
Author Image

Balwinder Kaur

View all posts

Advertisement