ਪ੍ਰਵੇਸ਼ ਵਰਮਾ ਵੱਲੋਂ ਨਵੀਂ ਦਿੱਲੀ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜਨਵਰੀ
ਭਾਜਪਾ ਆਗੂ ਪ੍ਰਵੇਸ਼ ਵਰਮਾ ਨੇ ਰਾਸ਼ਟਰੀ ਰਾਜਧਾਨੀ ’ਚ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਪਰਵੇਸ਼ ਵਰਮਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਖ਼ਿਲਾਫ਼ ਚੋਣ ਮੈਦਾਨ ਵਿੱਚ ਹਨ। ਇਸ ਦੌਰਾਨ ਪਰਵੇਸ਼ ਵਰਮਾ ਨੇ ਕਿਹਾ ਕਿ ਦਿੱਲੀ ਦੀ ਤਰੱਕੀ ਲਈ ਇਹ ਨਾਮਜ਼ਦਗੀ ਦਾਖ਼ਲ ਕੀਤੀ ਗਈ ਹੈ ਅਤੇ ਨਵੀਂ ਦਿੱਲੀ ਸੀਟ ਤੋਂ ਭਾਜਪਾ ਜ਼ਰੂਰ ਜਿੱਤੇਗੀ।
ਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਇੱਕ ਪੜਾਅ ਵਿੱਚ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਪਰਵੇਸ਼ ਵਰਮਾ ਨੇ ਸੈਂਕੜੇ ਸਮਰਥਕਾਂ ਨਾਲ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਪ੍ਰਵੇਸ਼ ਵਰਮਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਹਨ। ਉਨ੍ਹਾਂ ਦਾ ਰਾਜਨੀਤਿਕ ਕਰੀਅਰ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਿਰੌਲੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ, ਜਿਸ ਵਿੱਚ ਉਨ੍ਹਾਂ ਨੇ ਤਤਕਾਲੀ ਵਿਧਾਇਕ ਯੋਗਾਨੰਦ ਸ਼ਾਸਤਰੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਫਿਰ ਉਨ੍ਹਾਂ ਨੇ 2014 ਦੀਆਂ ਆਮ ਚੋਣਾਂ ਵਿੱਚ ਪੱਛਮੀ ਦਿੱਲੀ ਲੋਕ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। 2019 ਵਿੱਚ ਵਰਮਾ ਨੇ ਪੱਛਮੀ ਦਿੱਲੀ ਤੋਂ ਦੂਜੀ ਵਾਰ ਸੰਸਦ ਮੈਂਬਰ ਵਜੋਂ ਜਿੱਤ ਪ੍ਰਾਪਤ ਕੀਤੀ।
ਭਾਜਪਾ ਆਗੂਆਂ ਨੇ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਮੰਦਰਾਂ ਵਿੱਚ ਮੱਥਾ ਟੇਕਿਆ
ਨਵੀਂ ਦਿੱਲੀ:
ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਸੀਨੀਅਰ ਨੇਤਾ ਵਿਜੇਂਦਰ ਗੁਪਤਾ ਸਮੇਤ ਕਈ ਆਗੂਆਂ ਨੇ ਨਾਮਜ਼ਦਗੀ ਕਾਗਜ਼ ਭਰਨ ਤੋਂ ਪਹਿਲਾਂ ਮੰਦਰਾਂ ਵਿੱਚ ਪੂਜਾ ਕੀਤੀ। ਇਸ ਦੌਰਾਨ ਵਿਜੇਂਦਰ ਗੁਪਤਾ ਨੇ ਰੋਹਿਣੀ ਸੀਟ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਪਾਰਟੀ ਵਰਕਰਾਂ ਨਾਲ ਹਵਨ ਕੀਤਾ ਅਤੇ ਮਗਰੋਂ ਹਲਕੇ ’ਚ ਰੋਡ ਸ਼ੋਅ ਕੀਤਾ। ਇਸੇ ਤਰ੍ਹਾਂ ਸਾਬਕਾ ਮੰਤਰੀ ਅਤੇ ਬਿਜਵਾਸਨ ਸੀਟ ਤੋਂ ਭਾਜਪਾ ਉਮੀਦਵਾਰ ਕੈਲਾਸ਼ ਗਹਿਲੋਤ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਵਸੰਤ ਕੁੰਜ ਸਥਿਤ ਸ੍ਰੀ ਹਰਿ ਮੰਦਰ ਵਿੱਚ ਪੂਜਾ ਕੀਤੀ। ਭਾਜਪਾ ਨੇਤਾ ਰਮੇਸ਼ ਬਿਧੂੜੀ ਨੇ ਕਾਲਕਾਜੀ ਖੇਤਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜ਼ਿਕਰਯੋਗ ਹੈ ਕਿ ਭਾਜਪਾ ਨੇ ਹੁਣ ਤੱਕ 57 ਉਮੀਦਵਾਰ ਐਲਾਨ ਦਿੱਤੇ ਹਨ, ਜਦੋਂ ਕਿ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋਣਾ ਬਾਕੀ ਹੈ। -ਪੀਟੀਆਈ