For the best experience, open
https://m.punjabitribuneonline.com
on your mobile browser.
Advertisement

ਸੁਖਬੀਰ ਦੀ ਲੁਧਿਆਣਾ ਫੇਰੀ ਮਗਰੋਂ ਪਾਰਟੀ ਵਰਕਰ ਸਰਗਰਮ ਹੋਏ

10:55 AM Apr 06, 2024 IST
ਸੁਖਬੀਰ ਦੀ ਲੁਧਿਆਣਾ ਫੇਰੀ ਮਗਰੋਂ ਪਾਰਟੀ ਵਰਕਰ ਸਰਗਰਮ ਹੋਏ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਪਰੈਲ
ਲੁਧਿਆਣਾ ਲੋਕ ਸਭਾ ਹਲਕਾ ਵਿੱਚ ਹਮੇਸ਼ਾ ਹੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੱਖ ਮੁਕਾਬਲਾ ਰਿਹਾ ਹੈ। ਪਰ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਪਾਰਟੀ ਦੀ ਲੁਧਿਆਣਾ ਵਿੱਚ ਹਾਲਤ ਕਾਫ਼ੀ ਖਸਤਾ ਹੋ ਗਈ ਸੀ। ਪਾਰਟੀ ਦੀਆਂ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਵੱਡੇ ਲੀਡਰ ਲੁਧਿਆਣਾ ਤੋਂ ਹੋਣ ਦੇ ਬਾਵਜੂਦ ਸਭ ਕੁੱਝ ਸ਼ਾਂਤ ਸੀ। ਪਰ ਭਾਜਪਾ ਨਾਲ ਗੱਠਜੋੜ ਸਿਰੇ ਨਾ ਚੜ੍ਹਨ ਤੋਂ ਬਾਅਦ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੁਧਿਆਣਾ ਫੇਰੀ ਤੋਂ ਬਾਅਦ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਰਗਰਮ ਹੋ ਗਏ ਹਨ। ਜਿਹੜੇ ਵਰਕਰ ਘਰ ਬੈਠੇ ਸਨ, ਉਹ ਸੁਖਬੀਰ ਬਾਦਲ ਦੀ ਫੇਰੀ ਤੋਂ ਬਾਅਦ ਹੁਣ ਘਰੋਂ ਵਿੱਚੋਂ ਬਾਹਰ ਨਿਕਲ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਜਿੱਥੇ ਹਰ ਸ਼ਹਿਰ ’ਚ ਪੁੱਜ ਕੇ ਵਰਕਰਾਂ ’ਚ ਉਹ ਜੋਸ਼ ਭਰ ਰਹੇ ਹਨ, ਉਥੇ ਦੂਸਰੇ ਪਾਸੇ ਰੁੱਸੇ ਹੋਏ ਟਕਸਾਲੀ ਅਕਾਲੀ ਆਗੂਆਂ ਨੂੰ ਮਨਾ ਕੇ ਵਾਪਸ ਪਾਰਟੀ ’ਚ ਸ਼ਾਮਲ ਕਰ ਰਹੇ ਹਨ। ਇੰਨਾ ਹੀ ਨਹੀਂ ਸੁਖਬੀਰ ਪੰਜਾਬ ਦੇ ਵੋਟਰਾਂ ਨੂੰ ਇਹ ਸਮਝਾਉਣ ’ਚ ਲੱਗੇ ਹੋਏ ਹਨ ਕਿ ਕੌਮੀ ਸਿਆਸੀ ਪਾਰਟੀਆਂ ਕਿਸੇ ਵੀ ਤਰ੍ਹਾਂ ਨਾਲ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ।

Advertisement

ਅਕਾਲੀ ਦਲ ਦਾ ਲੁਧਿਆਣਾ ਲੋਕ ਸਭਾ ਸੀਟ ’ਤੇ ਇਤਿਹਾਸ

ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ 2 ਲੱਖ 56 ਹਜ਼ਾਰ 590 ਵੋਟਾਂ ਮਿਲੀਆਂ ਸਨ ਤੇ ਉਹ ਤੀਜੇ ਸਥਾਨ ’ਤੇ ਰਹੇ ਸਨ। ਜਦੋਂ ਕਿ ਸਾਲ 2019 ਦੀਆਂ ਚੋਣਾਂ ’ਚ ਅਕਾਲੀ ਭਾਜਪਾ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ 2 ਲੱਖ 99 ਹਜ਼ਾਰ 435 ਵੋਟਾਂ ਪਈਆਂ ਸਨ। ਗਰੇਵਾਲ ਵੀ ਤੀਸਰੇ ਨੰਬਰ ’ਤੇ ਰਹੇ ਸਨ। 1952 ’ਚ ਬਣੀ ਇਸ ਲੋਕ ਸਭਾ ਸੀਟ ’ਤੇ ਹੁਣ ਤੱਕ 5 ਵਾਰ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਮੈਂਬਰ ਬਣਾਇਆ ਹੈ। 20 ਸਾਲ ਪਹਿਲਾਂ ਸਾਲ 2004 ਦੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਭਾਜਪਾ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਸਨ। ਉਸ ਤੋਂ ਬਾਅਦ ਅਕਾਲੀ ਦਲ ਨੂੰ ਹੁਣ ਤੱਕ ਇਸ ਸੀਟ ’ਤੇ ਜਿੱਤ ਨਹੀਂ ਮਿਲੀ।

ਲੁਧਿਆਣਾ ’ਚ ਬਦਲੇ ਗਏ ਤਿੰਨ ਹਲਕਾ ਇੰਚਾਰਜ

ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਦੀ ਫੇਰੀ ਕਰਦੇ ਹੀ ਪਾਰਟੀ ਵਿੱਚ ਵੱਡੇ ਬਦਲਾਅ ਕੀਤੇ। ਉਨ੍ਹਾਂ ਨੇ ਤਿੰਨ ਵਿਧਾਨਸਭਾ ਹਲਕਿਆਂ ਦੇ ਨਵੇਂ ਇੰਚਾਰਜ ਲਗਾਏ, ਜਿਥੇ ਪੁਰਾਣੇ ਸਮੇਂ ਵਿੱਚ ਸੀਨੀਅਰ ਆਗੂ ਬੈਠੇ ਹੋਏ ਸਨ। ਉਨ੍ਹਾਂ ਤਿੰਨਾਂ ’ਤੇ ਉਨ੍ਹਾਂ ਨੇ ਨਵੇਂ ਚਿਹਰੇ ਲਗਾਏ, ਜਿਨ੍ਹਾਂ ਵਿੱਚ ਹਲਕਾ ਕੇਂਦਰੀ ਵਿਚ ਵਿਪਨ ਸੂਦ ਕਾਕਾ, ਹਲਕਾ ਦੱਖਣੀ ਵਿੱਚ ਜਸਪਾਲ ਸਿੰਘ ਗਿਆਸਪੁਰਾ ਤੇ ਹਲਕਾ ਆਤਮ ਨਗਰ ਵਿੱਚ ਜਗਬੀਰ ਸਿੰਘ ਸੋਖੀ ਨੂੰ ਕਮਾਨ ਦਿੱਤੀ ਗਈ ਹੈ।

ਢਿੱਲੋਂ ਨੂੰ ਟਿਕਟ ਮਿਲਣ ਦਾ ਦਿੱਤਾ ਇਸ਼ਾਰਾ

ਸਿਆਸੀ ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਅਕਾਲੀ ਦਲ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੇ ਹਨ। ਜਿਸ ਦਾ ਇਸ਼ਾਰਾ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਵੀ ਦੇ ਗਏ। ਜਿੱਥੇ ਵੀ ਸਮਾਗਮ ਹੋਏ, ਉਥੇ ਸੁਖਬੀਰ ਸਿੰਘ ਬਾਦਲ ਦੇ ਨਾਲ ਢਿੱਲੋਂ ਹੀ ਸਨ। ਹਰ ਥਾਂ ਬਾਦਲ ਨੇ ਰਣਜੀਤ ਢਿੱਲੋਂ ਨੂੰ ਆਪਣੇ ਨਾਲ ਵਾਲੀ ਕੁਰਸੀ ’ਤੇ ਬਿਠਾਇਆ।

Advertisement
Author Image

sukhwinder singh

View all posts

Advertisement
Advertisement
×