ਰਾਜਸਥਾਨ ’ਚ ਪਾਰਟੀ ਆਗੂ ਅਨੁਸ਼ਾਸਨ ਬਣਾ ਕੇ ਰੱਖਣ: ਕਾਂਗਰਸ
* ਆਗੂਆਂ ਨੂੰ ਪਾਰਟੀ ਦੇ ਮੰਚ ਤੋਂ ਬਾਹਰ ਜਾ ਕੇ ਨਾ ਬੋਲਣ ਦੀ ਹਦਾਇਤ
ਨਵੀਂ ਦਿੱਲੀ, 6 ਜੁਲਾਈ
ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਰਾਜਸਥਾਨ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤ ਸਕਦੀ ਹੈ। ਪਾਰਟੀ ਨੇ ਨਾਲ ਹੀ ਆਪਣੇ ਆਗੂਆਂ ਨੂੰ ਕਿਹਾ ਕਿ ਉਹ ਪੂਰੀ ਤਰ੍ਹਾਂ ਅਨੁਸ਼ਾਸਨ ਬਣਾ ਕੇ ਰੱਖਣ ਅਤੇ ਪਾਰਟੀ ਦੇ ਮੰਚ ਤੋਂ ਇਲਾਵਾ ਕਿਤੇ ਹੋਰ ਕੁਝ ਵੀ ਨਾ ਬੋਲਣ। ਪਾਰਟੀ ਨੇ ਨਾਲ ਹੀ ਕਿਹਾ ਕਿ ਉਹ ਅਗਾਮੀ ਚੋਣਾਂ ਲਈ ਉਮੀਦਵਾਰਾਂ ਦਾ ਫ਼ੈਸਲਾ ਸਤੰਬਰ ਦੇ ਪਹਿਲੇ ਹਫ਼ਤੇ ਕਰੇਗੀ ਅਤੇ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ ਦੇ ਆਧਾਰ ’ਤੇ ਕੋਈ ਫ਼ੈਸਲਾ ਲਿਆ ਜਾਵੇਗਾ। ਕਾਂਗਰਸ ਆਗੂ ਭਲਕ ਤੋਂ ਸੂਬੇ ਦੇ ਲੋਕਾਂ ਤੱਕ ਪਹੁੰਚ ਕਰਨ ਲਈ ਘਰ-ਘਰ ਮੁਹਿੰਮ ਸ਼ੁਰੂ ਕਰੇਗੀ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਰਾਜਸਥਾਨ ’ਚ ਚੋਣਾਂ ਦੀਆਂ ਤਿਆਰੀਆਂ ਸਬੰਧੀ ਪਾਰਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸਾਰੇ ਆਗੂ ਇਸ ਗੱਲ ’ਤੇ ਸਹਿਮਤ ਹਨ ਕਿ ਮੁਕੰਮਲ ਇਕਜੁੱਟਤਾ ਨਾਲ ਕਾਂਗਰਸ ਵਿਧਾਨ ਸਭਾ ਚੋਣਾਂ ਜਿੱਤ ਸਕਦੀ ਹੈ। ਉਨ੍ਹਾਂ ਹਾਲਾਂਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਨ੍ਹਾਂ ਦੇ ਸਾਬਕਾ ਡਿਪਟੀ ਸਚਿਨ ਪਾਇਲਟ ਵਿਚਾਲੇ ਕਿਸੇ ਵੀ ਸ਼ਾਂਤੀ ਫਾਰਮੂਲੇ ’ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। -ਪੀਟੀਆਈ
ਸਾਰੇ ਅਾਗੂ ਮਿਲ ਕੇ ਕੰਮ ਕਰਨਗੇ: ਪਾਇਲਟ
ਨਵੀਂ ਦਿੱਲੀ: ਕਾਂਗਰਸ ਆਗੂ ਸਚਿਨ ਪਾਇਲਟ ਨੇ ਕਿਹਾ ਕਿ ਰਾਜਸਥਾਨ ’ਚ ਪਾਰਟੀ ਦੇ ਸਾਰੇ ਵਿਧਾਇਕ ਤੇ ਅਹੁਦੇਦਾਰ ਵਿਧਾਨ ਸਭਾ ਚੋਣਾਂ ’ਚ ਜਿੱਤ ਯਕੀਨੀ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਇਸ ਬਾਰੇ ਚਰਚਾ ਕੀਤੀ ਗਈ ਹੈ ਕਿ ਸੂਬੇ ’ਚ ਹਰ ਪੰਜ ਸਾਲ ਮਗਰੋਂ ਸਰਕਾਰ ਬਦਲਣ ਦੀ ਰਵਾਇਤ ਨੂੰ ਕਿਵੇਂ ਤੋੜਿਆ ਜਾਵੇ। ਪਾਇਲਟ ਨੇ ਕਿਹਾ, ‘ਅਸੀਂ ਸਾਰੇ ਮੁੱਦਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਸਭ ਨੇ ਭਰੋਸਾ ਜਤਾਇਆ ਕਿ ਮੁੜ ਤੋਂ ਕਾਂਗਰਸ ਦੀ ਹੀ ਸਰਕਾਰ ਬਣੇਗੀ।’ -ਪੀਟੀਆਈ