ਪਾਰਟੀ ਬਦਲਣ ਵਾਲਿਆਂ ਨੂੰ ਪਿੰਡਾਂ ’ਚ ਪ੍ਰਚਾਰ ਕਰਨ ’ਚ ਆ ਰਹੀ ਹੈ ਸਮੱਸਿਆ
ਮੋਹਿਤ ਖੰਨਾ
ਪਟਿਆਲਾ, 15 ਅਪਰੈਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਬਦਲਣ ਕਾਰਨ ਕਈ ਆਗੂਆਂ ਨੂੰ ਹੁਣ ਨਵੀਂ ਪਾਰਟੀ ਦੇ ਚੋਣ ਨਿਸ਼ਾਨ ਲਈ ਪ੍ਰਚਾਰ ਕਰਦਿਆਂ ਕਈ ਸਮੱਸਿਆਵਾਂ ਆ ਰਹੀਆਂ ਹਨ। ਸ਼ਹਿਰੀ ਖੇਤਰਾਂ ਵਿਚ ਤਾਂ ਇਹ ਸਮੱਸਿਆ ਘੱਟ ਆ ਰਹੀ ਹੈ ਪਰ ਪੇਂਡੂ ਖੇਤਰਾਂ ਵਿਚ ਦਲ ਬਦਲਣ ਵਾਲਿਆਂ ਨੂੰ ਵੋਟਰ ਕਈ ਸਵਾਲ ਕਰ ਰਹੇ ਹਨ ਜਿਨ੍ਹਾਂ ਦਾ ਸਾਹਮਣਾ ਕਰਨਾ ਪਾਰਟੀ ਉਮੀਦਵਾਰਾਂ ਨੂੰ ਮੁਸ਼ਕਲ ਹੋ ਰਿਹਾ ਹੈ। ਇਹ ਟਕਸਾਲੀ ਵਰਕਰ ਹਨ ਜੋ ਪਾਰਟੀ ਬਦਲਣ ਵਾਲਿਆਂ ਨੂੰ ਸਮਰਥਨ ਦੇਣ ਦੀ ਥਾਂ ਪੁਰਾਣੀ ਪਾਰਟੀ ਦਾ ਹੀ ਸਾਥ ਦੇਣ ਦੀ ਗੱਲ ਕਰ ਰਹੇ ਹਨ। ਸਨੌਰ ਵਿਚ ਸਾਬਕਾ ਕਾਂਗਰਸ ਆਗੂ ਤੇ ਹੁਣ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਈ ਪੁਰਸ਼ ਵੋਟਰਾਂ ਨੇ ਤਾਂ ਭਾਜਪਾ ਨਾਲ ਇਕਜੁੱਟਤਾ ਪ੍ਰਗਟਾਈ ਪਰ ਬਿਰਧ ਔਰਤਾਂ ਨੇ ਉਥੇ ਹਾਜ਼ਰੀਨ ਲੋਕਾਂ ਵਾਂਗ ਹੱਥ ਪੰਜੇ ਦਾ ਹੀ ਸਾਥ ਦੇਣ ਬਾਰੇ ਦ੍ਰਿੜ੍ਹਤਾ ਪ੍ਰਗਟਾਈ। ਪ੍ਰਨੀਤ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਈ ਪੇਂਡੂ ਖੇਤਰਾਂ ਵਿਚ ਅਜਿਹੀ ਸਮੱਸਿਆ ਨਾਲ ਦੋ ਚਾਰ ਹੋਣਾ ਪਿਆ ਹੈ। ਇਸ ਸਮੱਸਿਆ ਨਾਲ ਪ੍ਰਨੀਤ ਕੌਰ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਨੂੰ ਵੀ ਜੂਝਣਾ ਪੈ ਰਿਹਾ ਹੈ।
ਪੰਜ ਫਸਲਾਂ ’ਤੇ ਹਾਲੇ ਵੀ ਹੈ ਘੱਟੋ-ਘੱਟ ਸਮਰਥਨ ਮੁੱਲ ਦੀ ਪੇਸ਼ਕਸ਼: ਪ੍ਰਨੀਤ ਕੌਰ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸੰਸਦ ਮੈਂਬਰ ਅਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਕਿਸਾਨਾਂ ਲਈ 5 ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਪੇਸ਼ਕਸ਼ ਕੇਂਦਰੀ ਪੈਨਲ ਵੱਲੋਂ ਹਾਲੇ ਵੀ ਹੈ ਤੇ ਕਿਸਾਨਾਂ ਨੂੰ ਇਹ ਫੈਸਲਾ ਕਰਨ ਦੀ ਜ਼ਰੂਰਤ ਹੈ ਕਿ ਉਹ ਕਿਹੜੀਆਂ ਫਸਲਾਂ ਬੀਜਣ ਜਾ ਰਹੇ ਹਨ ਅਤੇ ਉਹ ਨਿੱਜੀ ਤੌਰ ’ਤੇ ਉਨ੍ਹਾਂ ਫ਼ਸਲਾਂ ’ਤੇ ਐਮਐਸਪੀ ਲਈ ਹਮਾਇਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਕਿਸਾਨਾਂ ਦੀਆਂ ਮੰਗਾਂ ਉਠਾਈਆਂ ਹਨ। ਜੇਕਰ ਦੁਬਾਰਾ ਮੌਕਾ ਮਿਲਿਆ ਤਾਂ ਉਹ ਸੰਸਦ ਵਿੱਚ ਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਅੱਜ ਇਥੋਂ ਦੇ ਭਾਜਪਾ ਦਫ਼ਤਰ ਵਿਚ ਭਾਜਪਾ ਦਾ ਸੰਕਲਪ ਪੱਤਰ (ਮੈਨੀਫੈਸਟੋ) ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਵੱਲੋਂ ਜਾਰੀ ਕੀਤਾ ਗਿਆ ਇਹ ਸੰਕਲਪ ਪੱਤਰ ਸੱਚਮੁੱਚ ਦੂਰਅੰਦੇਸ਼ੀ ਅਤੇ ਵਿਕਾਸ ’ਤੇ ਕੇਂਦਰਿਤ ਹੈ, ਜੋ ਦੇਸ਼ ਨੂੰ ਵਿਕਸਿਤ ਭਾਰਤ 2047 ਵੱਲ ਲੈ ਕੇ ਜਾਵੇਗਾ। ਇਸ ਮੌਕੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਗਰੇਵਾਲ, ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਜੈ ਇੰਦਰ ਕੌਰ ਅਤੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਤੇ ਸਾਬਕਾ ਮੇਅਰ ਸੰਜੀਵ ਬਿੱਟੂ ਵੀ ਮੌਜੂਦ ਸਨ।